ਵਿਕਾਸ ਦੀ ਕਮੀ ਕਾਰਨ ਪਿੰਡ ਵਾਸੀ ਸਮੱਸਿਆ ਨਾਲ ਜੂਝਣ ਲਈ ਮਜਬੂਰ

07/05/2017 7:29:25 AM

ਫਤਿਹਗੜ੍ਹ ਸਾਹਿਬ(ਟਿਵਾਣਾ)-ਸਥਾਨਕ ਸ਼ਹਿਰ ਦੇ ਨਜ਼ਦੀਕੀ ਪਿੰਡ ਸਾਨੀਪੁਰ ਵਿਖੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਨਰਕ ਜਹੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ। ਬਰਸਾਤ ਦੌਰਾਨ ਛੱਪੜ ਦਾ ਪਾਣੀ ਸਕੂਲ ਦੇ ਖੇਡ ਮੈਦਾਨ 'ਚ ਭਰ ਜਾਂਦਾ ਹੈ, ਜਿਸ ਕਾਰਨ ਬੱਚੇ ਖੇਡ ਨਹੀਂ ਸਕਦੇ ਅਤੇ ਖੜ੍ਹੇ ਪਾਣੀ ਦੀ ਬਦਬੂ ਕਾਰਨ ਬੀਮਾਰੀ ਫੈਲਣ ਦਾ ਵੀ ਖਦਸ਼ਾ ਹੈ। ਸਰਹਿੰਦ ਦੇ ਬੀ. ਡੀ. ਪੀ. ਓ. ਹਿਤੇਨ ਕਪਿਲਾ ਨੇ ਮੌਕਾ ਦੇਖਿਆ ਅਤੇ ਤੁਰੰਤ ਸਮੱਸਿਆ ਦਾ ਹੱਲ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ।
ਕੀ ਕਹਿਣਾ ਹੈ ਪਿੰਡ ਵਾਸੀਆਂ ਦਾ?
ਪਿੰਡ ਵਾਸੀ ਬਹਾਦਰ ਸਿੰਘ ਸਾਨੀਪੁਰ ਮੈਂਬਰ ਬਲਾਕ ਸੰਮਤੀ, ਦਵਿੰਦਰ ਕੁਮਾਰ, ਬਲਦੇਵ ਸਿੰਘ ਪੰਚ, ਸੁਖਦੇਵ ਸਿੰਘ ਕਾਲਾ, ਲਾਭ ਸਿੰਘ ਸਾਨੀਪੁਰ, ਇੰਦਰਜੀਤ ਸਿੰਘ, ਮਨਜੀਤ ਸਿੰਘ, ਜਗਦੇਵ ਸਿੰਘ, ਭਾਗ ਸਿੰਘ ਰੰਧਾਵਾ, ਅਵਤਾਰ ਸਿੰਘ, ਕਾਲਾ ਪੰਚ, ਰਾਧੇ ਸ਼ਿਆਮ, ਚਰਨਜੀਤ, ਸ਼ਮਿੰਦਰ ਨੰਬਰਦਾਰ, ਦਲਜੀਤ ਸਿੰਘ, ਅਤਵਾਰ ਢੱਡਾ, ਪ੍ਰੀਤਮ ਹਰੀਕੇ, ਅਜੈਬ ਸਿੰਘ, ਬਿੱਟੂ ਰੰਧਾਵਾ, ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਚੌਕ ਬਣਾਉਣ ਤੋਂ ਇਲਾਵਾ ਗਲੀਆਂ, ਨਾਲੀਆਂ ਅਤੇ ਪਾਣੀ ਦੀ ਨਿਕਾਸੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਆਮ ਲੋਕ ਜੂਝ ਰਹੇ ਹਨ। ਪੀਣ ਵਾਲੇ ਪਾਣੀ ਦੇ ਪਾਇਪ ਵੀ ਟੁੱਟੇ ਹੋਏ ਹਨ, ਜਿਸ ਕਾਰਨ ਗਲੀਆਂ 'ਚ ਪਾਣੀ ਭਰ ਜਾਂਦਾ ਹੈ, ਜੋ ਛੱਪੜ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਨੂੰ ਲੱਖਾਂ ਰੁਪਏ ਦੀ ਆਮਦਨ ਹੈ ਪਰ ਵਿਕਾਸ ਜ਼ੀਰੋ ਦੇ ਬਰਾਬਰ।
ਸਰਕਾਰੀ ਹਾਈ ਸਕੂਲ ਦੇ ਨਾਲ ਇੱਕ ਛੱਪੜ ਹੈ, ਜਿਥੇ ਪਿੰਡ ਦਾ ਨਿਕਾਸੀ ਵਾਲਾ ਪਾਣੀ ਡਿੱਗਦਾ ਹੈ, ਸਫਾਈ ਨਾ ਹੋਣ ਕਾਰਨ ਪਾਣੀ ਸਕੂਲ ਗਰਾਂਊਡ ਵਿੱਚ ਆ ਜਾਂਦਾ ਹੈ, ਜਿਸ ਕਾਰਨ ਖੇਡ ਮੈਦਾਨ ਦੀ ਹਾਲਤ ਵੀ ਖਰਾਬ ਹੋਈ ਪਈ ਹੈ। ਪਿੰਡ ਦੇ ਬੱਚਿਆਂ ਕੋਲ ਹੋਰ ਕੋਈ ਜਗ੍ਹਾ ਨਹੀਂ ਜਿਥੇ ਖੇਡਿਆ ਜਾ ਸਕੇ। ਪਿੰਡ ਦੀ ਡਿਸਪੈਂਸਰੀ ਲਈ ਨਵੀਂ ਇਮਾਰਤ ਬਣਿਆਂ ਇਕ ਸਾਲ ਹੋ ਗਿਆ ਪਰ ਅਜੇ ਤੱਕ ਡਿਸਪੈਂਸਰੀ ਨੂੰ ਬਦਲਿਆ ਨਹੀਂ ਗਿਆ, ਜਿਸ ਕਾਰਨ ਪਿੰਡ ਸਾਨੀਪੁਰ ਪੰਚਾਇਤ ਦੀ ਅਣਗਹਿਲੀ ਕਾਰਨ ਪਛੜਦਾ ਜਾ ਰਿਹਾ ਹੈ। ਪਿੰਡ ਵਾਸੀਆਂ ਦੱਸਿਆ ਕਿ ਵਿਕਾਸ ਨਾ ਹੋਣ ਦਾ ਮੁੱਖ ਕਾਰਨ ਗੁੱਟਬੰਦੀ ਹੈ।