ਪਹਿਲੇ ਮੋਹਲੇਧਾਰ ਮੀਂਹ ਨਾਲ ਮਹਾਨਗਰ ''ਚ ਹੜ੍ਹ ਵਰਗੇ ਹਾਲਾਤ

06/30/2017 4:03:16 AM

ਲੁਧਿਆਣਾ(ਹਿਤੇਸ਼, ਸਲੂਜਾ)-ਮਾਨਸੂਨ ਦੀ ਪਹਿਲੀ ਮੋਹਲੇਧਾਰ ਬਾਰਿਸ਼ ਨਾਲ ਮਹਾਨਗਰ ਵਿਚ ਹੜ੍ਹ ਦੇ ਹਾਲਾਤ ਪੈਦਾ ਹੋਣ ਨਾਲ ਸੀਵਰੇਜ ਸਿਸਟਮ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ। ਇਨ੍ਹਾਂ ਹਾਲਾਤ ਵਿਚ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਉਹ ਲੋਕ ਹੋਏ, ਜਿਨ੍ਹਾਂ ਦੇ ਹੇਠਲੇ ਇਲਾਕਿਆਂ ਵਿਚ ਸਥਿਤ ਘਰਾਂ ਜਾਂ ਵਪਾਰਕ ਕੰਪਲੈਕਸਾਂ ਵਿਚ ਪਾਣੀ ਵੜਨ ਨਾਲ ਉਥੇ ਪਏ ਸਾਮਾਨ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੇ ਸਵੇਰੇ ਕੰਮ ਲਈ ਨਿਕਲਣਾ ਸੀ, ਉਹ ਸਵੇਰੇ ਪਹਿਲਾਂ ਤਾਂ ਆਪਣੇ ਘਰ ਨੂੰ ਸੰਭਾਲਣ ਵਿਚ ਲੱਗੇ ਰਹੇ ਅਤੇ ਬਾਹਰ ਨਿਕਲੇ ਤਾਂ ਕਈ ਫੁੱਟ ਪਾਣੀ ਜਮ੍ਹਾ ਸੀ, ਜਿਨ੍ਹਾਂ ਵਿਚ ਦੋਪਹੀਆ ਵਾਹਨ ਫਸ ਕੇ ਰਹਿ ਗਏ। ਛੁੱਟੀਆਂ ਹੋਣ ਕਾਰਨ ਸਕੂਲ ਕਾਲਜ ਜਾਣ ਦੌਰਾਨ ਹੋਣ ਵਾਲੀ ਪ੍ਰੇਸ਼ਾਨੀ ਤੋਂ ਬੱਚੇ ਅਤੇ ਉਨ੍ਹਾਂ ਦੇ ਮਾਤਾ ਪਿਤਾ ਬਚੇ ਰਹੇ।
ਕਿਵੇਂ ਦਾ ਰਹੇਗਾ ਮੌਸਮ ਦਾ ਮਿਜ਼ਾਜ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਆਉਣ ਵਾਲੇ 24 ਘੰਟਿਆਂ ਦੌਰਾਨ ਵੀ ਲੁਧਿਆਣਾ ਅਤੇ ਆਲੇ-ਦੁਆਲੇ ਪੈਂਦੇ ਇਲਾਕਿਆਂ ਵਿਚ ਮੀਂਹ ਪੈ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਵੱਧ ਤੋਂ ਵੱਧ ਤਾਪਮਾਨ ਮੀਂਹ ਕਾਰਨ ਹੋਰ ਹੇਠਾਂ ਆ ਕੇ 25 ਡਿਗਰੀ ਸੈਲਸੀਅਸ  ਰਿਕਾਰਡ ਕੀਤਾ ਗਿਆ।  ਸਵੇਰ ਸਮੇਂ ਹਵਾ ਵਿਚ ਨਮੀ ਦੀ ਮਾਤਰਾ 91 ਅਤੇ ਸ਼ਾਮ ਸਮੇਂ 93 ਫੀਸਦੀ ਦਰਜ ਕੀਤੀ ਗਈ, ਜਦੋਂਕਿ ਦਿਨ ਦੀ ਲੰਬਾਈ 14 ਘੰਟੇ 8 ਮਿੰਟ ਰਹੀ।
ਇਲੈਕਟ੍ਰੋਨਿਕ ਸ਼ੋਅਰੂਮ ਦਾ ਲੱਖਾਂ ਰੁਪਏ ਦਾ ਨੁਕਸਾਨ
ਮਾਡਲ ਟਾਊਨ ਸਥਿਤ ਰੈਬਸ ਨਾਮੀ ਇਲੈਕਟ੍ਰੋਨਿਕ ਸ਼ੋਅਰੂਮ ਦੇ ਗੋਦਾਮ ਵਿਚ ਮੀਂਹ ਦਾ ਪਾਣੀ ਦਾਖਲ ਹੋਣ ਨਾਲ ਵੱਡੀ ਗਿਣਤੀ ਵਿਚ ਪਏ ਹੋਏ ਇਲੈਕਟ੍ਰੋਨਿਕ ਉਤਪਾਦਾਂ ਦੇ ਪੈਕ ਭਿੱਜ ਗਏ। ਮਾਲਕ ਅਨੀਤਾ ਪੁਨਿਆਨੀ ਨੇ ਦੱਸਿਆ ਕਿ ਮੀਂਹ ਦੀ ਵਜ੍ਹਾ ਨਾਲ ਅੱਜ ਉਨ੍ਹਾਂ ਦਾ ਲਗਭਗ 60 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਮੀਂਹ ਝੋਨੇ ਦੀ ਫਸਲ ਲਈ ਵਰਦਾਨ ਤੋਂ ਘੱਟ ਨਹੀਂ
ਸਾਬਕਾ ਜ਼ਿਲਾ ਮੁੱਖ ਖੇਤੀਬਾੜੀ ਅਧਿਕਾਰੀ ਡਾ. ਸੁਖਪਾਲ ਸਿੰਘ ਸੇਖੋਂ ਦਾ ਮੰਨਣਾ ਹੈ ਕਿ ਇਸ ਸਮੇਂ ਪੈ ਰਿਹਾ ਮੀਂਹ ਝੋਨੇ ਦੀ ਫਸਲ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ, ਕਿਉਂਕਿ ਝੋਨੇ ਦੀ ਫਸਲ ਨੂੰ ਸ਼ੁਰੂਆਤੀ ਦੌਰ ਵਿਚ ਪਾਣੀ ਦੀ ਜ਼ਿਆਦਾ ਲੋੜ ਰਹਿੰਦੀ ਹੈ। ਇਸ ਮੀਂਹ ਨਾਲ ਕਿਸਾਨਾਂ ਨੂੰ ਸਭ ਤੋਂ ਵੱਡਾ ਫਾਇਦਾ ਬਿਜਲੀ ਅਤੇ ਸਮੇਂ ਦੀ ਬੱਚਤ ਦਾ ਹੁੰਦਾ ਹੈ। ਡਾ. ਸੇਖੋਂ ਦਾ ਇਹ ਵੀ ਕਹਿਣਾ ਹੈ ਕਿ ਬਸੰਤ ਸੀਜ਼ਨ ਦੀ ਮੱਕੀ ਅਤੇ ਮੂੰਗੀ ਦੀ ਫਸਲ ਲਈ ਇਹ ਮੀਂਹ ਫਾਇਦੇਮੰਦ ਨਹੀਂ ਹੈ।
ਬਿਜਲੀ ਗੁੱਲ, ਲੋਕ ਪ੍ਰੇਸ਼ਾਨ
ਸਵੇਰ ਤੋਂ ਲੈ ਕੇ ਸ਼ਾਮ ਢਲਣ ਤੱਕ ਮੀਂਹ ਦਾ ਸਿਲਸਿਲਾ ਜਾਰੀ ਰਹਿਣ ਨਾਲ ਨਗਰ ਦੇ ਕਈ ਇਲਾਕਿਆਂ ਵਿਚ ਬਿਜਲੀ ਲਗਾਤਾਰ ਕਈ ਘੰਟੇ ਗੁੱਲ ਰਹੀ, ਜਿਸ ਨਾਲ ਸਬੰਧਤ ਇਲਾਕਿਆਂ ਦੇ ਨਿਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਨੇਰੀ ਅਤੇ ਮੀਂਹ ਸਮੇਤ ਕੁਦਰਤੀ ਆਫਤ ਦੇ ਸਮੇਂ ਪਾਵਰ ਸਪਲਾਈ ਸਿਸਟਮ ਲੜਖੜਾ ਜਾਂਦਾ ਹੈ। ਇਸ ਹਾਲਾਤ ਵਿਚ ਉਹ ਕੁਝ ਨਹੀਂ ਕਰ ਸਕਦੇ। ਬਿਜਲੀ ਗੁੱਲ ਦੀਆਂ ਸ਼ਿਕਾਇਤਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦਾ ਜ਼ਰੂਰ ਯਤਨ ਕੀਤਾ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਹੋਵੇ।
ਸੀਵਰੇਜ ਸਫਾਈ ਲਈ ਕਰੋੜਾਂ ਖਰਚ ਹੋਣ 'ਤੇ ਉੱਠੇ ਸਵਾਲ
ਨਿਗਮ ਅਧਿਕਾਰੀ ਚਾਹੇ ਸੀਵਰੇਜ ਦੀ ਸਮਰੱਥਾ ਘੱਟ ਹੋਣ ਦੇ ਬਹਾਨੇ ਬਣਾਉਣ ਪਰ ਅਸਲ ਵਿਚ ਸੀਵਰੇਜ ਦੀ ਸਫਾਈ ਨਾ ਹੋਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਉਂਦੀ ਹੈ, ਜਿਸ ਕਾਰਨ ਸੜਕਾਂ ਕੰਢੇ ਬਣੀਆਂ ਰੋਡ ਜਾਲੀਆਂ ਦੇ ਰਸਤੇ ਵੀ ਸੀਵਰੇਜ ਵਿਚ ਪਾਣੀ ਨਹੀਂ ਜਾਂਦਾ। ਇਸ ਨਾਲ ਮਸ਼ੀਨਾਂ ਲਾ ਕੇ, ਮੈਨੂਅਲ ਜਾਂ ਸੁਪਰ ਸੈਕਸ਼ਨ ਤਕਨੀਕ ਰਾਹੀਂ ਸੀਵਰੇਜ ਸਾਫ ਕਰਨ 'ਤੇ ਹਰ ਸਾਲ ਕਰੋੜਾਂ ਖਰਚ ਹੋਣ ਬਾਰੇ ਸਵਾਲ ਉੱਠਦੇ ਲਾਜ਼ਮੀ ਹਨ।
ਸਟ੍ਰਾਮ ਸੀਵਰੇਜ ਅਤੇ ਵਾਟਰ ਰੀਚਾਰਜਿੰਗ ਦੀ ਕਮੀ ਰੜਕੀ
ਜਦੋਂ ਵੀ ਬਰਸਾਤ ਤੋਂ ਬਾਅਦ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਉਂਦੀ ਹੈ ਤਾਂ ਨਿਗਮ ਅਧਿਕਾਰੀ ਮੌਜੂਦਾ ਸੀਵਰੇਜ ਨੂੰ ਡੋਮੈਸਟਿਕ ਲੋਡ ਦੇ ਹਿਸਾਬ ਨਾਲ ਡਿਜ਼ਾਈਨ ਦਾ ਹਵਾਲਾ ਦਿੰਦੇ ਹੋਏ ਵੱਖਰੇ ਤੌਰ 'ਤੇ ਸਟ੍ਰਾਮ ਸੀਵਰੇਜ ਦੀ ਲੋੜ ਦੱਸਦੇ ਹਨ ਪਰ ਉਹ ਕੰਮ ਸਾਲਾਂ ਤੋਂ ਫੰਡ ਦੀ ਕਮੀ ਕਾਰਨ ਠੰਡੇ ਬਸਤੇ ਵਿਚ ਪਿਆ ਹੋਇਆ ਹੈ ਅਤੇ ਹੁਣ ਸਮਾਰਟ ਸਿਟੀ ਦੇ ਤਹਿਤ ਦੋ ਵਾਰਡਾਂ ਵਿਚ ਹੀ ਇਹ ਸਹੂਲਤ ਮਿਲ ਸਕੇਗੀ। ਇਸ ਤੋਂ ਇਲਾਵਾ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਨਿਪਟਣ ਦਾ ਇਕ ਪਹਿਲੂ ਵਾਟਰ ਰੀਚਾਰਜਿੰਗ ਨੂੰ ਅਪਣਾਉਣ ਦਾ ਵੀ ਹੈ, ਜੋ ਸਿਸਟਮ ਨਿਗਮ ਨੇ ਪਾਰਕਾਂ ਜਾਂ ਆਪਣੀਆਂ ਇਮਾਰਤਾਂ 'ਤੇ ਲਾਗੂ ਨਹੀਂ ਕੀਤਾ ਅਤੇ ਲੋਕਾਂ ਤੋਂ 250 ਗਜ਼ ਤੋਂ ਉੱਪਰ ਦੀਆਂ ਇਮਾਰਤਾਂ 'ਤੇ ਰੇਨ ਵਾਟਰ ਹਾਰਵੇਸਟਿੰਗ ਸਿਸਟਮ ਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉਸ ਦੇ ਬਦਲੇ ਨਕਸ਼ਾ ਪਾਸ ਕਰਦੇ ਸਮੇਂ 50 ਹਜ਼ਾਰ ਤੱਕ ਦੀ ਸਕਿਓਰਿਟੀ ਵੀ ਲਈ ਜਾਂਦੀ ਹੈ ਪਰ ਉਸ 'ਤੇ ਅਮਲ ਦੀ ਚੈਕਿੰਗ ਦਾ ਕੋਈ ਸਿਸਟਮ ਨਹੀਂ ਹੈ।
ਬੁੱਢੇ ਨਾਲੇ ਨੂੰ ਲੈ ਕੇ ਪ੍ਰੇਸ਼ਾਨ ਰਹੇ ਅਧਿਕਾਰੀ
ਬੁੱਢੇ ਨਾਲੇ ਦੀ ਸਫਾਈ ਲਈ ਚੱਲ ਰਿਹਾ ਕੰਮ ਪਹਿਲਾਂ ਹੀ ਲੇਟ ਹੈ ਅਤੇ ਕਈ ਥਾਈਂ ਕਬਜ਼ੇ ਹੋਣ ਅਤੇ ਜਾਲੀਆਂ ਲੱਗੀਆਂ ਹੋਣ ਕਾਰਨ ਅਜੇ ਸਫਾਈ ਸ਼ੁਰੂ ਹੀ ਨਹੀਂ ਹੋਈ। ਇਸੇ ਤਰ੍ਹਾਂ ਨਾਲੇ ਦੀਆਂ ਜ਼ਿਆਦਾਤਰ ਪੁਲੀਆਂ ਦੇ ਥੱਲੇ ਕੂੜਾ ਜਮ੍ਹਾ ਹੋਣ ਕਾਰਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਵੇਗੀ, ਜਿਸ ਦੇ ਹੱਲ ਲਈ ਬਣਾਈਆਂ ਗਈਆਂ ਟੀਮਾਂ ਨੇ ਅਜੇ ਕੰਮ ਸ਼ੁਰੂ ਨਹੀਂ ਕੀਤਾ। ਇਹੀ ਹਾਲ ਡਾਊਨ ਪੁਲੀਆਂ ਜਾਂ ਨਾਲੇ ਦੇ ਨਾਲ ਲਗਦੇ ਹੇਠਲੇ ਇਲਾਕਿਆਂ ਵਿਚ ਬੰਨ੍ਹ ਲਾਉਣ ਬਾਰੇ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ 'ਤੇ ਅਮਲ ਦਾ ਹੈ। ਇਸੇ ਵਿਚਕਾਰ ਭਾਰੀ ਬਾਰਿਸ਼ ਆ ਗਈ ਜਿਸ ਦੇ ਪਾਣੀ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ 'ਤੇ ਲੋਡ ਵਧਣ ਦੇ ਮੱਦੇਨਜ਼ਰ ਡਾਇਰੈਕਟ ਡਿਸਚਾਰਜ ਕਰਨ ਸਮੇਤ ਡਿਸਪੋਜ਼ਲਾਂ ਵੀ ਚਲਾਈਆਂ ਗਈਆਂ। ਇਸ ਤੋਂ ਇਲਾਵਾ ਕਈ ਜਗ੍ਹਾ ਸੀਵਰੇਜ ਅਤੇ ਛੋਟੇ ਨਾਲਿਆਂ ਦਾ ਪਾਣੀ ਸਿੱਧਾ ਬੁੱਢੇ ਨਾਲੇ ਵਿਚ ਡਿੱਗਦਾ ਹੈ, ਜਿਸ ਨਾਲ ਬੁੱਢੇ ਨਾਲੇ ਦਾ ਪੱਧਰ ਵਧਣ ਕਾਰਨ ਅਧਿਕਾਰੀ ਕਾਫੀ ਪ੍ਰੇਸ਼ਾਨ ਰਹੇ ਪਰ ਕਿਤੇ ਪਾਣੀ ਓਵਰਫਲੋ ਹੋ ਕੇ ਨਾਲ ਲਗਦੇ ਇਲਾਕਿਆਂ ਵਿਚ ਵੜਨ ਦੀ ਸਮੱਸਿਆ ਨਹੀਂ ਆਈ।
ਸੜਕਾਂ 'ਤੇ ਵਧਿਆ ਖਸਤਾਹਾਲ ਹੋਣ ਦਾ ਖਤਰਾ
ਇਕ ਤਾਂ ਪਹਿਲਾਂ ਬਰਸਾਤ ਦਾ ਸੀਜ਼ਨ ਅਤੇ ਫਿਰ ਵਿਧਾਨ ਸਭਾ ਚੋਣਾਂ ਦੇ ਲਈ ਕੋਡ ਲੱਗਣ ਦੌਰਾਨ ਸੜਕਾਂ ਦਾ ਨਿਰਮਾਣ ਬੰਦ ਰਿਹਾ। ਹੁਣ ਠੇਕੇਦਾਰਾਂ ਨੇ ਬਕਾਇਆ ਬਿੱਲਾਂ ਦੀ ਅਦਾਇਗੀ ਨਾ ਮਿਲਣ ਦੇ ਮੁੱਦੇ 'ਤੇ ਵਿਕਾਸ ਕਾਰਜ ਠੱਪ ਕੀਤੇ ਹੋਏ ਹਨ, ਜਿਸ ਕਾਰਨ ਸੜਕਾਂ ਦੀ ਹਾਲਤ ਦਿਨ-ਬ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਉੱਪਰੋਂ, ਪੈਚ ਲਾਉਣ ਦਾ ਕੰਮ ਵੀ ਕਛੁਆ ਚਾਲ ਚੱਲ ਰਿਹਾ ਹੈ। ਇਸੇ ਦੌਰਾਨ ਆਈ ਬਾਰਿਸ਼ ਦਾ ਪਾਣੀ ਜਮ੍ਹਾ ਰਹਿਣ ਨਾਲ ਸੜਕਾਂ ਦੇ ਖਸਤਾਹਾਲ ਹੋਣ ਦਾ ਖਤਰਾ ਵਧ ਗਿਆ ਹੈ।