ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ''ਸਵਰਗ ਆਸ਼ਰਮ ਰੋਡ'' ਵਾਸੀ

06/08/2017 3:41:09 AM

ਸ਼ਾਹਕੋਟ(ਮਰਵਾਹਾ, ਤ੍ਰੇਹਨ)-ਸਰਕਾਰ ਤੇ ਸਥਾਨਕ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਸਥਾਨਕ ਸਵਰਗ ਆਸ਼ਰਮ ਰੋਡ ਦੀ ਮੁੱਖ ਸੜਕ ਟੁੱਟ ਕੇ ਛੱਪੜ ਬਣ ਚੁੱਕੀ ਹੈ ਅਤੇ ਇਥੋਂ ਦੇ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਸਵਰਗ ਆਸ਼ਰਮ ਰੋਡ ਦੇ ਰਹਿਣ ਵਾਲੇ ਕਿਸਾਨ ਆਗੂ ਕਾਮਰੇਡ ਮਲਕੀਤ ਸਿੰਘ ਸ਼ਾਹਕੋਟੀ, ਸ਼ਾਹਕੋਟ ਦੇ ਨੰਬਰਦਾਰ ਜਸਵੰਤ ਸਿੰਘ, ਸੇਵਾ ਰਾਮ, ਮੱਖਣ ਰਾਮ, ਓਮ ਪ੍ਰਕਾਸ਼, ਨਾਨਕ ਰਾਮ, ਨਜ਼ੀਰ ਹੁਸੈਨ, ਗਿਰਧਾਰੀ ਲਾਲ, ਮੁਹੰਮਦ ਇਦਰੀਸ ਆਦਿ ਨੇ ਦੱਸਿਆ ਕਿ ਇਹ ਸੜਕ ਕਰੀਬ 20 ਸਾਲਾਂ ਤੋਂ ਟੁੱਟੀ ਹੋਈ ਹੈ। ਕਈ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਪਰ ਕਿਸੇ ਨੇ ਇਸ ਸੜਕ ਵੱਲ ਧਿਆਨ ਨਹੀਂ ਦਿੱਤਾ। ਹੁਣ ਤਾਂ ਕਈ ਸਾਲਾਂ ਤੋਂ ਨਾਲੀਆਂ ਟੁੱਟ ਚੁੱਕੀਆਂ ਹਨ, ਜਿਸ ਕਾਰਨ ਜ਼ਿਆਦਾਤਰ ਸ਼ਹਿਰ ਦਾ ਪਾਣੀ ਇਸ ਸੜਕ 'ਤੇ ਖੜ੍ਹਾ ਰਹਿੰਦਾ ਹੈ। ਸੜਕ 'ਤੇ ਘਾਹ ਵੀ ਉੱਗ ਗਿਆ ਹੈ। ਇਹ ਸੜਕ ਛੱਪੜ ਬਣ ਚੁੱਕੀ ਹੈ। ਕਿਸੇ ਵਾਹਨ ਦਾ ਤਾਂ ਕੀ, ਪੈਦਲ ਲੰਘਣਾ ਵੀ ਮੁਸ਼ਕਿਲ ਹੈ। ਨਾਲੀਆਂ ਟੁੱਟ ਜਾਣ ਕਾਰਨ ਸੜਕ 'ਤੇ ਖੜ੍ਹਾ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਜਾਂਦਾ ਹੈ। ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਸ ਇਲਾਕੇ 'ਚ ਪ੍ਰਸ਼ਾਸਨ ਵੱਲੋਂ ਸਫਾਈ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਲੋਕਾਂ ਦੇ ਵਾਰ-ਵਾਰ ਸ਼ਿਕਾਇਤ ਕਰਨ 'ਤੇ ਨਾ ਹੀ ਪ੍ਰਸ਼ਾਸਨ ਨੇ ਸੜਕਾਂ, ਨਾਲੀਆਂ ਦਾ ਨਿਰਮਾਣ ਕਰਵਾਇਆ ਤੇ ਨਾ ਹੀ ਸਿਹਤ ਵਿਭਾਗ ਨੇ ਗਰੀਬ ਲੋਕਾਂ ਦੀ ਕੋਈ ਸਾਰ ਲਈ।
ਦੁਕਾਨਦਾਰਾਂ ਦਾ ਕਾਰੋਬਾਰ ਹੋਇਆ ਠੱਪ
ਖੜ੍ਹਾ ਗੰਦਾ ਪਾਣੀ ਅਤੇ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਇਸ ਸੜਕ 'ਤੇ ਸਥਿਤ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਚੁੱਕਾ ਹੈ। ਕਈ ਦੁਕਾਨਦਾਰ ਤਾਂ ਇਥੋਂ ਕਿਸੇ ਹੋਰ ਥਾਂ 'ਤੇ ਸ਼ਿਫਟ ਹੋ ਚੁੱਕੇ ਹਨ।
ਕੈਂਸਰ ਜਿਹੀਆਂ ਬੀਮਾਰੀਆਂ ਫੈਲਣ ਦਾ ਡਰ
ਸੜਕ 'ਤੇ ਖੜ੍ਹਾ ਗੰਦਾ ਪਾਣੀ ਤੇ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਮੱਛਰ ਮੱਖੀਆਂ ਪਣਪ ਰਹੀਆਂ ਹਨ। ਲੋਕ ਜਿਥੇ ਕਈ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ, ਉਥੇ ਹੀ ਗੰਦਾ ਪਾਣੀ ਸਾਫ ਪਾਣੀ ਦੀਆਂ ਪਾਈਪਾਂ 'ਚ ਜਾਣ ਕਾਰਨ ਲੋਕ ਪੇਟ ਦੀਆਂ ਬੀਮਾਰੀਆਂ ਤੋਂ ਵੀ ਪੀੜਤ ਹਨ। ਇਸ ਇਲਾਕੇ 'ਚ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਦੇ ਕੇਸ ਵੀ ਪ੍ਰਕਾਸ਼ 'ਚ ਆਏੇ ਹਨ।
'ਸਸਕਾਰ ਲਈ ਲਾਸ਼ ਸ਼ਮਸ਼ਾਨਘਾਟ ਲਿਜਾਣੀ ਹੋ ਜਾਂਦੀ ਹੈ ਮੁਸ਼ਕਿਲ'
ਸ਼ਹਿਰ ਦਾ ਸਭ ਤੋਂ ਵੱਡਾ ਸ਼ਮਸ਼ਾਨਘਾਟ ਵੀ ਇਸੇ ਸੜਕ 'ਤੇ ਸਥਿਤ ਹੈ। ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਮ੍ਰਿਤਕ ਦੇਹ ਦਾ ਸਸਕਾਰ ਕਰਨ ਲਈ ਸ਼ਮਸ਼ਾਨਘਾਟ ਲਿਜਾਣਾ ਮੁਸ਼ਕਿਲ ਹੋ ਜਾਂਦਾ ਹੈ।
ਇਲਾਕਾ ਵਾਸੀਆਂ ਦੀ ਮੰਗ
ਹੁਣ ਇਲਾਕਾ ਵਾਸੀਆਂ ਨੇ ਨਵੀਂ ਬਣੀ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋ ਦਹਾਕਿਆਂ ਤੋਂ ਟੁੱਟੀ ਹੋਈ ਇਸ ਸੜਕ ਦਾ ਤੁਰੰਤ ਨਿਰਮਾਣ ਕਰ ਕੇ ਉਨ੍ਹਾਂ ਨੂੰ ਨਰਕ ਜਿਹੀ ਜ਼ਿੰਦਗੀ ਤੋਂ ਛੁਟਕਾਰਾ ਦਿਵਾਇਆ ਜਾਵੇ।