ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗ੍ਰਿਫਤਾਰ

02/02/2018 6:43:17 AM

ਕਪੂਰਥਲਾ, (ਭੂਸ਼ਣ)- ਨਸ਼ੇ ਦੀ ਪੂਰਤੀ ਲਈ ਵੱਡੇ ਪੱਧਰ 'ਤੇ ਚੋਰੀ ਅਤੇ ਲੁੱਟ-ਖੋਹ ਦੀਆਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਲੁਟੇਰਾਂ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਚੋਰੀ ਦੇ 4 ਮੋਟਰਸਾਈਕਲ, 3 ਮੋਬਾਇਲ, ਐੱਲ. ਈ. ਡੀ. ਅਤੇ 115 ਗਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਤਿੰਨਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।  
ਨਾਕਾਬੰਦੀ ਦੇ ਦੌਰਾਨ ਸਿਟੀ ਪੁਲਸ ਨੂੰ ਮਿਲੀ ਕਾਮਯਾਬੀ
ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਐੱਸ. ਐੱਚ. ਓ. ਸਿਟੀ ਇੰਸਪੈਕਟਰ ਗੱਬਰ ਸਿੰਘ ਦੀ ਅਗਵਾਈ ਵਿਚ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਜਦੋਂ ਇਕ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਪਿੱਛਾ ਕਰ ਕੇ ਤਿੰਨਾਂ ਨੂੰ ਕਾਬੂ ਕਰ ਲਿਆ । ਜਦੋਂ ਉਕਤ ਨੌਜਵਾਨਾਂ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਨਾਂ ਜਗਰੂਪ ਸਿੰਘ ਉਰਫ ਭੂਰੀ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਅਕਬਰਪੁਰਾ ਥਾਣਾ ਗੋਇੰਦਵਾਲ ਸਾਹਿਬ, ਜ਼ਿਲਾ ਤਰਨਤਾਰਨ, ਪਰਮਜੀਤ ਸਿੰਘ ਉਰਫ ਮਮੂ ਪੁੱਤਰ ਸੋਹਨ ਸਿੰਘ ਨਿਵਾਸੀ ਨੀਮਵਾਲਾ ਬਾਗ ਗੋਇੰਦਵਾਲ ਸਾਹਿਬ ਅਤੇ ਆਕਾਸ਼ਦੀਪ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਮੁਹੱਲਾ ਸੁੰਦਰ ਨਗਰ ਕਪੂਰਥਲਾ ਦੱਸਿਆ। ਪੁੱਛਗਿਛ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਕਪੂਰਥਲਾ ਸ਼ਹਿਰ ਸਮੇਤ ਵੱਖ-ਵੱਖ ਖੇਤਰਾਂ 'ਚ ਚੋਰੀ, ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਕੋਲੋਂ ਚੋਰੀ ਦੇ ਕੁਲ 4 ਮੋਟਰਸਾਈਕਲ ਇਕ ਐੱਲ. ਈ. ਡੀ., 3 ਮੋਬਾਇਲ ਫੋਨ ਅਤੇ 115 ਗਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।