ਕਿਸਾਨਾਂ ਦੇ ਰੇਲ ਅੰਦੋਲਨ ਵਾਪਸ ਲੈਣ ਦੇ ਬਾਵਜੂਦ ਵੀ ਅੱਜ ਤਕ ਨਹੀਂ ਲੱਗੀ ਸਪੈਸ਼ਲ ਮਾਲ ਗੱਡੀ

11/26/2020 11:45:46 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਬੇਸ਼ੱਕ ਕਿਸਾਨਾਂ ਨੇ ਆਪਣਾ ਰੇਲ ਅੰਦੋਲਨ ਸੂਬੇ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਵਾਪਸ ਲੈ ਲਿਆ ਹੈ ਪਰ ਬਰਨਾਲਾ ਦੇ ਸ਼ਹਿਰ ਨਿਵਾਸੀਆਂ, ਵਪਾਰੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕੋਈ ਵੀ ਰਾਹਤ ਨਹੀਂ ਮਿਲੀ। ਕਿਉਂਕਿ ਬਰਨਾਲਾ ਰੇਲਵੇ ਸਟੇਸ਼ਨ ’ਤੇ ਨਾ ਤਾਂ ਇਕ ਵੀ ਮਾਲ ਗੱਡੀ ਤੇ ਨਾ ਹੀ ਸਵਾਰੀ ਗੱਡੀ ਆ-ਜਾ ਰਹੀ ਹੈ। ਬੇਸ਼ੱਕ ਬਰਨਾਲਾ ਰੇਲਵੇ ਸਟੇਸ਼ਨ ਤੋਂ ਮਾਲ ਗੱਡੀਆਂ ਕਰੋਸ ਕਰ ਰਹੀਆਂ ਹਨ ਪਰ ਬਰਨਾਲਾ ਰੇਲਵੇ ਸਟੇਸ਼ਨ ’ਤੇ ਨਾ ਤਾਂ ਇਕ ਵੀ ਸਪੈਸ਼ਲ ਗੱਡੀ ਅਜੇ ਤੱਕ ਲੱਗੀ ਹੈ ਨਾ ਹੀ ਇੱਥੇ ਕੋਈ ਮਾਲ ਉਤਾਰਿਆ ਹੈ। ਕਿਸਾਨ ਖਾਦਾਂ ਲਈ ਔਖੇ ਹੋ ਰਹੇ ਹਨ। ਮਜਬੂਰੀਵੱਸ ਕਿਸਾਨ ਹਰਿਆਣੇ ਤੋਂ ਖਾਦ ਲਾਉਣ ਲਈ ਮਜਬੂਰ ਹੋ ਰਹੇ ਹਨ। ਇਕ ਕਿਸਾਨ ਦੀ ਤਾਂ ਖਾਦ ਲਿਆਉਣ ਸਮੇਂ ਸੜਕ ਹਾਦਸੇ ’ਚ ਮੌਤ ਹੋ ਗਈ। ਉਕਤ ਮ੍ਰਿਤਕ ਕਿਸਾਨ ਹਰਿਆਣੇ ਤੋਂ ਖਾਦ ਲੈਣ ਲਈ ਜਾ ਰਿਹਾ ਸੀ। ਇਹੀ ਬੁਰਾ ਹਾਲ ਵਪਾਰੀਆਂ ਦਾ ਹੈ। ਖ਼ਾਸ ਕਰ ਕੇ ਸ਼ੈਲਰ ਮਾਲਕਾਂ ਦਾ ਸਰਕਾਰ ਨੇ ਇਸ ਵਾਰ ਜੀਰੀ ਤਾਂ ਸ਼ੈਲਰਾਂ ’ਚ ਲਵਾ ਦਿੱਤੀ ਪਰ ਚੌਲਾਂ ਨੂੰ ਲਾਉਣ ਲਈ ਸਰਕਾਰ ਕੋਲ ਕੋਈ ਸਪੇਸ ਨਹੀਂ।

ਸ਼ੈਲਰ ਮਾਲਕਾਂ ਵੱਲੋਂ ਫੂਡ ਸਪਲਾਈ ਦਫ਼ਤਰ ਘੇਰਨ ਦੀ ਚਿਤਾਵਨੀ

ਜ਼ਿਕਰਯੋਗ ਹੈ ਕਿ ਪਹਿਲਾਂ ਤਾਂ ਕੋਰੋਨਾ ਮਹਾਮਾਰੀ ਕਾਰਣ ਰੇਲ ਗੱਡੀਆਂ ਬੰਦ ਸਨ। ਬਾਅਦ ’ਚ ਰੇਲ ਗੱਡੀਆਂ ਸ਼ੁਰੂ ਹੋਈਆਂ। ਬਰਨਾਲਾ ਰੇਲਵੇ ਸਟੇਸ਼ਨ ’ਤੇ ਸਪੈਸ਼ਲ ਮਾਲ ਗੱਡੀਆਂ ਵੀ ਲੱਗੀਆਂ ਪਰ ਬਰਨਾਲੇ ਦੇ ਡਿਪੂਆਂ ਤੋਂ ਮਾਲ ਨਹੀਂ ਚੁੱਕਿਆ ਗਿਆ। ਜਿਸ ਦਾ ਮੁੱਖ ਕਾਰਣ ਇਹ ਸੀ ਕਿ ਬਰਨਾਲੇ ’ਚ ਲੇਬਰ ਟੈਂਡਰਾਂ ਦਾ ਵਿਵਾਦ ਚੱਲ ਰਿਹਾ ਸੀ। ਠੇਕੇਦਾਰ ਨੇ ਲੇਬਰ ਟੈਂਡਰ ਬਹੁਤ ਹੀ ਘੱਟ ਰੇਟਾਂ ’ਤੇ ਪਾ ਦਿੱਤਾ ਕੋਈ ਗਰੰਟੀ ਨਹੀਂ ਚੁੱਕ ਰਿਹਾ ਸੀ। ਲੇਬਰ ਨੇ ਕੰਮ ਨਹੀਂ ਕੀਤਾ। ਇਸ ਲਈ ਬਰਨਾਲਾ ਡਿਪੂ ’ਚੋਂ ਜੀਰੀ ਅਤੇ ਕਣਕ ਦੀ ਚੁਕਵਾਈ ਨਹੀਂ ਹੋ ਸਕੀ। ਫਿਰ 1 ਅਕਤੂਬਰ ਤੋਂ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਸ਼ੁਰੂ ਹੋ ਗਿਆ। 52 ਦਿਨਾਂ ਬਾਅਦ ਕਿਸਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ’ਤੇ ਆਪਣਾ ਰੇਲ ਰੋਕੋ ਅੰਦੋਲਨ ਸੂਬੇ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਵਾਪਸ ਲੈ ਲਿਆ ਪਰ ਬਰਨਾਲਾ ਸ਼ਹਿਰ ਦੀਆਂ ਮੁਸ਼ਕਿਲਾਂ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਰਹਿ ਗਿਆ ਹੈ। ਇੱਥੋਂ ਤਕ ਕਿ ਸ਼ੈਲਰ ਮਾਲਕਾਂ ਨੇ ਤਾਂ ਆਪਣੇ ਸ਼ੈਲਰ ਬੰਦ ਕਰ ਕੇ ਲੇਬਰ ਸਮੇਤ ਧਰਨਾ ਲਾਉਣ ਦੀ ਚਿਤਾਵਨੀ ਵੀ ਦੇ ਦਿੱਤੀ ਹੈ ।

ਪੂਰੇ ਪੰਜਾਬ ’ਚੋਂ ਬਰਨਾਲਾ ਤੇ ਤਪਾ ’ਚ ਹੀ ਹੈ ਸਪੇਸ ਦੀ ਸਮੱਸਿਆ

ਕੋਰੋਨਾ ਮਹਾਮਾਰੀ ਦੌਰਾਨ ਪੂਰੇ ਪੰਜਾਬ ’ਚ ਸਪੈਸ਼ਲ ਮਾਲ ਗੱਡੀਆਂ ਰਾਹੀਂ ਪੰਜਾਬ ’ਚੋਂ ਅਨਾਜ ਬਾਹਰਲੇ ਸੂਬਿਆਂ ਨੂੰ ਭੇਜਿਆ ਗਿਆ। ਜਿਸ ਕਾਰਣ ਸਾਰੇ ਸ਼ਹਿਰਾਂ ’ਚ ਸਪੇਸ ਖਾਲੀ ਹੋ ਗਈ ਪਰ ਬਰਨਾਲਾ ’ਚ ਲੇਬਰ ਦੇ ਵਿਵਾਦ ਕਾਰਣ ਇੱਥੇ ਸਪੈਸ਼ਲ ਮਾਲ ਗੱਡੀਆਂ ਰਾਹੀਂ ਅਨਾਜ ਬਾਹਰਲੇ ਸੂਬਿਆਂ ’ਚ ਨਹੀਂ ਭੇਜਿਆ ਜਾ ਸਕਿਆ, ਜਿਸ ਕਰ ਕੇ ਇਥੋਂ ਦੇ ਗੋਦਾਮ ਖਾਲੀ ਨਹੀਂ ਹੋ ਪਾਏ। ਮਾਲ ਗੋਦਾਮ ਖਾਲੀ ਨਾ ਹੋਣ ਕਾਰਣ ਵਪਾਰੀ ਵਰਗ ’ਚ ਭਾਰੀ ਚਿੰਤਾ ਪਾਈ ਜਾ ਰਹੀ ਹੈ ਕੀ ਹਜ਼ਾਰਾਂ ਚੌਲ ਦੀਆਂ ਗੱਡੀਆਂ ਉਹ ਕਿੱਥੇ ਲਾਉਣਗੇ। ਬਰਨਾਲਾ ’ਚ ਕੁੱਲ 200 ਸ਼ੈਲਰ ਲੱਗੇ ਹੋਏ ਹਨ ਅਤੇ 14 ਹਜ਼ਾਰ ਗੱਡੀਆਂ ਚੌਲ ਦੀਆਂ ਮਾਲ ਗੁਦਾਮਾਂ ’ਚ ਲੱਗਣਗੀਆਂ ਹਨ ਵਪਾਰੀ ਵਰਗ ਨੂੰ ਇਹ ਚਿੰਤਾ ਹੈ ਕਿ ਇੰਨੀਆਂ ਗੱਡੀਆਂ ਉਹ ਕਿੱਥੇ ਲਾਉਣਗੇ ।

ਸਪੈਸ਼ਲ ਭਰਨ ਲਈ ਟਰੱਕ ਨਾ ਮਿਲਣ ਕਾਰਣ ਸਮੱਸਿਆ ’ਚ ਹੋ ਸਕਦੈ ਵਾਧਾ

ਸਪੈਸ਼ਲ ਭਰਨ ਲਈ ਢੋਆ-ਢੁਆਈ ਦੇ ਟੈਂਡਰ ਠੇਕੇਦਾਰ ਵੱਲੋਂ ਬਹੁਤ ਹੀ ਘੱਟ ਰੇਟਾਂ ’ਤੇ ਪਾ ਦਿੱਤੇ ਗਏ ਹਨ। ਪਹਿਲਾਂ ਜੋ ਟੈਂਡਰ ਦੋ ਫੀਸਦੀ ਵਾਧੇ ਨਾਲ ਹੋਏ ਸਨ। ਇਸ ਵਾਰ 70 ਫੀਸਦੀ ਘਾਟੇ ਨਾਲ ਇਹ ਟੈਂਡਰ ਠੇਕੇਦਾਰ ਵੱਲੋਂ ਪਾਏ ਗਏ ਹਨ। ਟਰੱਕ ਯੂਨੀਅਨ ਦੇ ਪ੍ਰਧਾਨ ਗੁਰਜਿੰਦਰ ਸਿੰਘ ਪੱਪੀ ਨੇ ਕਿਹਾ ਕਿ ਟਰੱਕ ਮਾਲਕ ਤਾਂ ਪਹਿਲਾਂ ਹੀ ਘਾਟੇ ’ਚ ਜਾ ਰਹੇ ਹਨ ਇੰਨੇ ਘੱਟ ਰੇਟਾਂ ’ਤੇ ਅਸੀਂ ਠੇਕੇਦਾਰ ਨੂੰ ਟਰੱਕ ਨਹੀਂ ਦੇ ਪਾਵਾਂਗੇ। ਜੇਕਰ ਟਰੱਕ ਯੂਨੀਅਨ ਤੋਂ ਠੇਕੇਦਾਰ ਨੇ ਟਰੱਕ ਲੈਣੇ ਹਨ ਤਾਂ ਉਹ ਜਾਇਜ਼ ਪੈਸੇ ਸਾਨੂੰ ਦੇਵੇ ਫਿਰ ਹੀ ਅਸੀਂ ਟਰੱਕ ਠੇਕੇਦਾਰ ਨੂੰ ਉਪਲੱਬਧ ਕਰਵਾ ਪਾਵਾਂਗੇ।

‘ਸਪੈਸ਼ਲ ਨਹੀਂ ਲੱਗੀ ਤਾਂ ਹੋ ਜਾਵਾਂਗੇ ਬਰਬਾਦ

ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਜੈਬ ਸਿੰਘ ਜਵੰਧਾ ਨੇ ਕਿਹਾ ਕਿ ਸਰਕਾਰ ਨੇ ਸਾਡੇ ਸ਼ੈਲਰਾਂ ’ਚ ਜੀਰੀ ਤਾਂ ਲਾ ਦਿੱਤੀ ਹੈ ਪਰ ਚੌਲ ਲਾਉਣ ਲਈ ਸਰਕਾਰ ਕੋਲ ਕੋਈ ਸਪੇਸ ਨਹੀਂ ਹੈ। ਸਰਕਾਰ ਦੀ ਇਸ ਗਲਤ ਪਾਲਿਸੀ ਨਾਲ ਤਾਂ ਸ਼ੈਲਰ ਮਾਲਕ ਬਰਬਾਦ ਹੋ ਜਾਣਗੇ। ਮਜ਼ਦੂਰ ਵੀ ਭੁੱਖੇ ਮਰ ਰਹੇ ਹਨ। ਪਿਛਲੇ ਕਈ ਮਹੀਨਿਆਂ ਤੋਂ ਬਰਨਾਲਾ ’ਚ ਕੋਈ ਵੀ ਸਪੈਸ਼ਲ ਮਾਲ ਗੱਡੀ ਨਹੀਂ ਲੱਗੀ। ਪਹਿਲਾਂ ਤਾਂ ਲੇਬਰ ਦਾ ਵਿਵਾਦ ਚੱਲ ਰਿਹਾ ਸੀ । ਫਿਰ ਕੋਰੋਨਾ ਮਹਾਮਾਰੀ ਕਾਰਣ ਰੇਲ ਗੱਡੀਆਂ ਬੰਦ ਹੋ ਗਈਆਂ ਅਤੇ ਰੇਲ ਰੋਕੋ ਅੰਦੋਲਨ ਕਾਰਣ ਰੇਲ ਗੱਡੀਆਂ ਬੰਦ ਰਹੀਆਂ ਹੁਣ ਟਰੱਕ ਨਾ ਮਿਲਣ ਦਾ ਪੰਗਾ ਪੈ ਰਿਹਾ ਹੈ। ਕਿਉਂਕਿ ਢੋਆ-ਢੁਆਈ ਕਰਨ ਵਾਲੇ ਠੇਕੇਦਾਰ ਨੇ ਬਹੁਤ ਹੀ ਘੱਟ ਰੇਟਾਂ ’ਤੇ ਟੈਂਡਰ ਪਾ ਦਿੱਤੇ ਹਨ। ਇਸ ਦਾ ਨੁਕਸਾਨ ਸ਼ੈਲਰ ਮਾਲਕਾਂ ਨੂੰ ਵੀ ਹੈ ਕਿਉਂਕਿ ਢੋਆ-ਢੁਆਈ ਕਰਨ ਲਈ ਸ਼ੈਲਰ ਮਾਲਕਾਂ ਨੂੰ ਵੀ ਟਰਾਂਸਪੋਰਟ ਦਾ ਬਹੁਤ ਹੀ ਘੱਟ ਪੈਸਾ ਮਿਲੇਗਾ ਘਟਿਆ ਘੱਟ ਰੇਟਾਂ ’ਤੇ ਟੈਂਡਰ ਪਾਉਣ ਕਾਰਣ ਹੁਣ ਠੇਕੇਦਾਰ ਨੂੰ ਟਰੱਕ ਨਹੀਂ ਮਿਲ ਪਾ ਰਹੇ। ਸਾਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਕਿਉਂਕਿ ਠੇਕੇਦਾਰ ਵੱਲੋਂ ਘੱਟ ਟੈਂਡਰ ਪਾਉਣ ਕਾਰਣ ਸਰਕਾਰ ਸਾਨੂੰ ਟਰਾਂਸਪੋਰਟ ’ਤੇ ਬਹੁਤ ਹੀ ਘੱਟ ਪੈਸੇ ਦੇਵੇਗੀ। ਇਕ ਸ਼ੈਲਰ ਮਾਲਕ ਨੂੰ ਇਸ ਨਾਲ ਦੋ ਲੱਖ ਰੁਪਏ ਦਾ ਘਾਟਾ ਹੋਵੇਗਾ। ਮਾਲ ਗੋਦਾਮਾਂ ’ਚ ਚੌਲ ਲਾਉਣ ਲਈ ਕੋਈ ਸਪੇਸ ਨਹੀਂ ਹੈ ਜਿਸ ਕਾਰਣ ਅਸੀਂ ਆਪਣੇ ਸ਼ੈਲਰ ਚਾਲੂ ਨਹੀਂ ਕਰ ਪਾ ਰਹੇ ਲੇਬਰ ਵੀ ਭੁੱਖੀ ਹੈ। ਜੇਕਰ ਸਰਕਾਰ ਨੇ ਸਾਡੀ ਸਮੱਸਿਆ ਦਾ ਜਲਦ ਹੱਲ ਨਾ ਨਿਕਲਿਆ ਤਾਂ ਦੋ-ਤਿੰਨ ਦਿਨਾਂ ’ਚ ਅਸੀਂ ਲੇਬਰ ਸਮੇਤ ਫੂਡ ਸਪਲਾਈ ਦਫਤਰ ਦਾ ਘਿਰਾਓ ਕਰਾਂਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ।

Bharat Thapa

This news is Content Editor Bharat Thapa