ਸਰਕਾਰੀ ਐਲਾਨ ਦੇ ਬਾਵਜੂਦ ਸ਼ਿਫਟ ਨਹੀਂ ਹੋਈਆਂ ਸੁਖਜੀਤ ਆਸ਼ਰਮ ਦੇ ਬਾਹਰ ਬਣੀਆਂ ਝੁੱਗੀਆਂ

09/18/2017 7:03:38 AM

ਕਪੂਰਥਲਾ, (ਭੂਸ਼ਣ)- ਬੀਤੇ ਕੁੱਝ ਮਹੀਨੇ ਪਹਿਲਾਂ ਸੁਖਜੀਤ ਆਸ਼ਰਮ ਦੇ ਆਸ-ਪਾਸ ਦੇ ਖੇਤਰਾਂ 'ਚ ਫੈਲੀ ਗੰਦਗੀ ਲਈ ਜ਼ਿੰਮੇਵਾਰ ਨਾਜਾਇਜ਼ ਝੁੱਗੀਆਂ ਨੂੰ ਕਿਤੇ ਹੋਰ ਜਗ੍ਹਾ 'ਤੇ ਸ਼ਿਫਟ ਕਰਨ ਦੇ ਸਰਕਾਰੀ ਐਲਾਨ 'ਤੇ ਕੋਈ ਅਮਲ ਨਾ ਹੋਣ ਕਾਰਨ ਜਿਥੇ ਭਾਰੀ ਗਿਣਤੀ 'ਚ ਮੰਦਬੁੱਧੀ ਬੱਚੇ ਗੰਦਗੀ 'ਚ ਰਹਿਣ ਲਈ ਮਜਬੂਰ ਹਨ, ਉਥੇ ਹੀ ਭਵਿੱਖ 'ਚ ਇਸ ਪੂਰੇ ਖੇਤਰ 'ਚ ਡੇਂਗੂ ਅਤੇ ਵਾਇਰਲ ਵਰਗੀ ਮਹਾਮਾਰੀ ਫੈਲਣ ਦਾ ਡਰ ਪੈਦਾ ਹੋਣ ਲੱਗਾ ਹੈ। 
ਪਿਛਲੇ ਸਾਲ 35 ਮੰਦਬੁੱਧੀ ਬੱਚਿਆਂ ਦੀ ਵਿਗੜੀ ਸੀ ਹਾਲਤ
ਪਿਛਲੇ ਸਾਲ ਸੁਖਜੀਤ ਆਸ਼ਰਮ 'ਚ ਰਹਿਣ ਵਾਲੇ 35 ਮੰਦਬੁੱਧੀ ਬੱਚਿਆਂ ਦੀ ਹਾਲਤ ਉਸ ਸਮੇਂ ਅਚਾਨਕ ਵਿਗੜ ਗਈ ਸੀ, ਜਦੋਂ ਆਸ਼ਰਮ ਦੇ ਚਾਰੇ ਪਾਸੇ ਫੈਲੀ ਗੰਦਗੀ ਅਤੇ ਖੜ੍ਹੇ ਪਾਣੀ ਕਾਰਨ ਬੱਚਿਆਂ ਨੂੰ ਇਕਦਮ ਨਾਲ ਤੇਜ਼ ਬੁਖਾਰ, ਦਸਤ ਅਤੇ ਉਲਟੀਆਂ ਆਦਿ ਦੀ ਸ਼ਿਕਾਇਤ ਹੋਣ ਲੱਗ ਪਈ। ਜਿਸ ਦੇ ਸਿੱਟੇ ਵਜੋਂ ਕਈ ਬੱਚਿਆਂ ਨੂੰ ਇਲਾਜ ਲਈ ਜਲੰਧਰ ਸ਼ਿਫਟ ਕਰਨਾ ਪਿਆ। ਉਸ ਸਮੇਂ ਡੀ. ਸੀ. ਜਸਕਿਰਨ ਸਿੰਘ ਨੇ ਮੌਕੇ 'ਤੇ ਪੁੱਜ ਕੇ ਗੰਦਗੀ ਲਈ ਜ਼ਿੰਮੇਵਾਰ ਸੜਕ ਕਿਨਾਰੇ ਬਣੀਆਂ ਝੁੱਗੀਆਂ ਨੂੰ ਦੂਸਰੀ ਜਗ੍ਹਾ 'ਤੇ ਸ਼ਿਫਟ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਐਲਾਨ 'ਤੇ ਅਮਲ ਨਾ ਹੋਣ ਕਾਰਨ ਇਕ ਵਾਰ ਫਿਰ ਤੋਂ ਆਸ਼ਰਮ ਦੇ ਕੁੱਝ ਬੱਚੇ ਡੇਂਗੂ ਵਰਗੀ ਖਤਰਨਾਕ ਬੀਮਾਰੀ ਦਾ ਸ਼ਿਕਾਰ ਹੋ ਗਏ। 
ਸੜਕ ਕਿਨਾਰੇ ਬਣੀਆਂ ਝੁੱਗੀਆਂ ਨਾਲ ਫੈਲ ਰਹੀ ਹੈ ਗੰਦਗੀ 
ਪਿਛਲੇ ਕਈ ਸਾਲਾਂ ਤੋਂ ਸੜਕ ਕਿਨਾਰੇ ਬਣੀਆਂ ਝੁੱਗੀਆਂ ਤੋਂ ਨਿਕਲਣ ਵਾਲੀ ਭਾਰੀ ਗੰਦਗੀ ਅਤੇ ਪਾਣੀ ਕਾਰਨ ਜਿਥੇ ਖੇਤਰ 'ਚ ਰਹਿਣ ਵਾਲੇ ਸੈਂਕੜੇ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਰਿਹਾ ਹੈ, ਉਥੇ ਹੀ ਇਸ ਖੇਤਰ 'ਚ ਡੇਂਗੂ ਅਤੇ ਵਾਇਰਲ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। 
ਕੀ ਕਹਿੰਦੇ ਹਨ ਡੀ. ਸੀ.
ਇਸ ਸਬੰਧੀ ਜਦੋਂ ਡੀ. ਸੀ. ਮੁਹੰਮਦ ਤਾਇਅਬ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੁਖਜੀਤ ਆਸ਼ਰਮ 'ਚ ਰਹਿੰਦੇ ਮੰਦਬੁੱਧੀ ਬੱਚਿਆਂ ਨੂੰ ਵਧੀਆ ਸਿਹਤ ਸਹੂਲਤਾਂ ਦੇਣਾ ਜ਼ਿਲਾ ਪ੍ਰਸ਼ਾਸਨ ਦਾ ਸਭ ਤੋਂ ਪਹਿਲਾ ਮਕਸਦ ਹੈ। ਆਸ਼ਰਮ ਨੂੰ ਗੰਦਗੀ ਤੋਂ ਮੁਕਤ ਕਰਵਾਉਣ ਲਈ ਬਾਹਰ ਬਣੀਆਂ ਝੁੱਗੀਆਂ ਨੂੰ ਦੂਸਰੀ ਜਗ੍ਹਾ 'ਤੇ ਸ਼ਿਫਟ ਕਰਨ ਸਬੰਧੀ ਗੰਭੀਰਤਾ ਨਾਲ ਵਿਚਾਰ ਜਾਰੀ ਹੈ।