ਡੇਰਾ ਸਿਰਸਾ ਵੋਟ ਵਿਵਾਦ ਮਾਮਲੇ ''ਤੇ ਪਹਿਲੀ ਵਾਰ ਬੋਲੇ ਸੁਖਬੀਰ ਬਾਦਲ, ਕੁਝ ਇਸ ਤਰ੍ਹਾਂ ਦਾ ਦਿੱਤਾ ਬਿਆਨ

03/08/2017 5:24:17 PM

ਪਟਿਆਲਾ/ਰੱਖੜਾ (ਪਰਮੀਤ, ਰਾਣਾ, ਬਲਜਿੰਦਰ, ਜੋਸਨ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੁੱਧਵਾਰ ਨੂੰ ਇਥੇ ਗੁਰਦੁਆਰਾ ਸਾਹਿਬ ਕਲਿਆਣ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਦੀ ਹਮਾਇਤ ਦੇ ਮਾਮਲੇ ''ਤੇ ਤਿੰਨ-ਮੈਂਬਰੀ ਕਮੇਟੀ ਵੱਲੋਂ ਰਿਪੋਰਟ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਸੌਂਪਣ ਮਗਰੋਂ ਕਾਰਵਾਈ ਬਾਰੇ ਪੁੱਛਣ ''ਤੇ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਵਿਚ ਹੈ। ਇਸ ਮਾਮਲੇ ''ਤੇ ਫੈਸਲਾ ਵੀ ਉਨ੍ਹਾਂ ਵੱਲੋਂ ਹੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਇਕ ਧਾਰਮਿਕ ਮਾਮਲਾ ਹੈ ਤੇ ਇਸ ਵਿਚ ਸਾਡੀ ਕੋਈ ਦਖਲਅੰਦਾਜ਼ੀ ਨਹੀਂ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ 11 ਮਾਰਚ ਨੂੰ ਐਲਾਨੇ ਜਾਣ ਵਾਲੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਅਕਾਲੀ-ਭਾਜਪਾ ਗਠਜੋੜ 72 ਸੀਟਾਂ ''ਤੇ ਜਿੱਤ ਕੇ ਤੀਜੀ ਵਾਰ ਸਰਕਾਰ ਸਥਾਪਿਤ ਕਰੇਗਾ। ''ਆਪ'' ਅਤੇ ਕਾਂਗਰਸ ਵੱਲੋਂ ਜਿੱਤ ਦੇ ਕੀਤੇ ਜਾ ਰਹੇ ਦਾਅਵਿਆਂ ਬਾਰੇ ਉਨ੍ਹਾਂ ਕਿਹਾ ਕਿ ਇਹ ਦਾਅਵੇ ਪਿਛਲੀ ਵਾਰ ਵੀ ਕੀਤੇ ਜਾ ਰਹੇ ਸਨ। ਨਤੀਜਾ ਸਭ ਦੇ ਸਾਹਮਣੇ ਸੀ। ਇਸੇ ਤਰ੍ਹਾਂ ਇਸ ਵਾਰ ਵੀ 11 ਮਾਰਚ ਨੂੰ ਅਸਲੀਅਤ ਸਾਹਮਣੇ ਆ ਜਾਵੇਗੀ।
ਸੁਖਬੀਰ ਬਾਦਲ ਨੇ ਲਿਆ ਧਾਰਮਿਕ ਅਸਥਾਨਾਂ ਦਾ ਓਟ ਆਸਰਾ
ਜ਼ਿਲੇ ਦੇ ਪਿੰਡ ਕਲਿਆਣ ਵਿਖੇ ਮੱਥਾ ਟੇਕਣ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੁੱਧਵਾਰ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਇਹ ਵੀ ਪਤਾ ਲੱਗਾ ਹੈ ਕਿ ਪਿੰਡ ਬਾਦਲ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਵੱਲੋਂ ਜਗਰਾਓਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਵੀ ਮੱਥਾ ਟੇਕਣ ਦਾ ਪ੍ਰੋਗਰਾਮ ਹੈ। ਇਥੇ ਦੱਸਣਯੋਗ ਹੈ ਕਿ ਪਿਛਲੀ ਵਾਰ ਵੀ ਚੋਣ ਨਤੀਜੇ ਆਉਣ ਤੋਂ ਪਹਿਲਾਂ ਪਿੰਡ ਬਾਦਲ ਵਿਖੇ ਬਾਦਲਾਂ ਦੀ ਰਿਹਾਇਸ਼ ''ਤੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ ਗਿਆ ਸੀ। ਇਸ ਵਾਰ ਵੀ ਚਰਚਾ ਹੈ ਕਿ ਵੀਰਵਾਰ 9 ਮਾਰਚ ਨੂੰ ਪਿੰਡ ਬਾਦਲ ਵਿਖੇ ਹੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਜਾ ਰਿਹਾ ਹੈ, ਜਿਸ ਦਾ ਭੋਗ 11 ਮਾਰਚ ਨੂੰ ਪਾਇਆ ਜਾਵੇਗਾ। ਉਂਝ ਅਧਿਕਾਰਤ ਤੌਰ ''ਤੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ।

Gurminder Singh

This news is Content Editor Gurminder Singh