ਡੇਰਾ ਫੈਕਟਰ ਨੇ ਸਿਆਸੀ ਪਾਰਟੀਆਂ ਦਾ ਧਿਆਨ ਗੁਰਦਾਸਪੁਰ ਉਪ ਚੋਣ ਤੋਂ ਹਟਾਇਆ

08/29/2017 3:02:44 PM

ਜਲੰਧਰ (ਧਵਨ)—ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਜਬਰ-ਜ਼ਨਾਹ ਕਾਂਡ 'ਚ ਸੀ. ਬੀ. ਆਈ. ਅਦਾਲਤ ਵੱਲੋਂ 10-10 ਸਾਲ ਦੀ ਸਜ਼ਾ ਸੁਣਾਏ ਜਾਣ ਦੇ ਮਾਮਲੇ ਕਾਰਨ ਸਿਆਸੀ ਪਾਰਟੀਆਂ ਦਾ ਧਿਆਨ ਫਿਲਹਾਲ ਗੁਰਦਾਸਪੁਰ ਉਪ ਚੋਣਾਂ ਤੋਂ ਹਟਿਆ ਹੋਇਆ ਦਿਖਾਈ ਦੇ ਰਿਹਾ ਹੈ। ਆਜ਼ਾਦੀ ਦਿਵਸ ਮੌਕੇ ਗੁਰਦਾਸਪੁਰ ਉਪ ਚੋਣਾਂ ਨੂੰ ਲੈ ਕੇ ਸਿਆਸੀ ਗਤੀਵਿਧੀਆਂ ਕਾਫੀ ਤੇਜ਼ ਹੋ ਗਈਆਂ ਸਨ ਕਿਉਂਕਿ ਇਕ ਪਾਸੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਸੰਸਦੀ ਸੀਟ 'ਚ ਪੈਂਦੇ ਕਈ ਵਿਧਾਨ ਸਭਾ ਹਲਕਿਆਂ ਲਈ ਅਹਿਮ ਐਲਾਨ ਕਰ ਦਿੱਤੇ ਸਨ ਤਾਂ ਦੂਜੇ ਪਾਸੇ ਭਾਜਪਾ ਤੇ ਆਮ ਆਦਮੀ ਪਾਰਟੀ ਦੋਵਾਂ ਨੇ ਆਪਣੀਆਂ ਸਿਆਸੀ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਸਨ।
ਕੇਂਦਰੀ ਚੋਣ ਕਮਿਸ਼ਨ ਵਲੋਂ ਗੁਰਦਾਸਪੁਰ ਸੰਸਦੀ ਸੀਟ ਦੀ ਉਪ ਚੋਣ ਦਾ ਐਲਾਨ ਸਤੰਬਰ ਦੇ ਦੂਜੇ ਹਫਤੇ 'ਚ ਕਰ ਦਿੱਤੇ ਜਾਣ ਦੇ ਆਸਾਰ ਹਨ। ਡੇਰਾ ਕਾਂਡ ਕਾਰਨ ਸੱਤਾਧਾਰੀ ਕਾਂਗਰਸ ਸਰਕਾਰ ਦਾ ਧਿਆਨ ਜਿਥੇ ਇਕ ਪਾਸੇ ਪੂਰੀ ਤਰ੍ਹਾਂ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਕੰਟਰੋਲ ਕਰਨ ਵਲ ਲੱਗਾ ਹੋਇਆ ਹੈ ਤਾਂ ਦੂਜੇ ਪਾਸੇ ਵਿਰੋਧੀ ਪਾਰਟੀਆਂ ਦੀਆਂ ਗਤੀਵਿਧੀਆਂ ਵੀ ਘੱਟ ਦਿਖਾਈ ਦੇ ਰਹੀਆਂ ਹਨ।
ਸੂਬੇ ਦੇ ਹਾਲਾਤ ਜੇਕਰ ਅਗਲੇ ਕੁਝ ਦਿਨਾਂ 'ਚ ਸਾਧਾਰਨ ਹੋ ਗਏ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਸਰਕਾਰੀ ਦੌਰੇ 'ਤੇ ਇਸਰਾਈਲ ਜਾਣਾ ਚਾਹੁੰਦੇ ਹਨ। ਮੁੱਖ ਮੰਤਰੀ ਦੇ ਇਸਰਾਈਲ ਦੌਰੇ ਤੋਂ ਵਾਪਸੀ ਦੇ ਬਾਅਦ ਹੀ ਗੁਰਦਾਸਪੁਰ ਲਈ ਸਿਆਸੀ ਗਤੀਵਿਧੀਆਂ 'ਚ ਤੇਜ਼ੀ ਆ ਸਕੇਗੀ।