ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦਾ ਮਾਮਲਾ : ਯੂਨਾਈਟਿਡ ਅਕਾਲੀ ਦਲ 8 ਅਕਤੂਬਰ ਨੂੰ ਲਾਏਗਾ ਧਰਨਾ

10/01/2017 11:50:18 AM

ਬਠਿੰਡਾ (ਸੁਖਵਿੰਦਰ)-ਡੇਰਾ ਸੱਚਾ ਸੌਦਾ ਮੁਖੀ ਨੂੰ ਮੁਆਫ਼ੀ ਦਿਵਾਉਣ ਦੇ ਮਾਮਲੇ ਵਿਚ ਯੂਨਾਈਟਿਡ ਅਕਾਲੀ ਦਲ ਵਲੋਂ 8 ਅਕਤੂਬਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ਸਾਹਮਣੇ ਧਰਨਾ ਦਿੱਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਦਲ ਦੇ ਚੇਅਰਮੈਨ ਡਾ. ਭਗਵਾਨ ਸਿੰਘ, ਪ੍ਰਧਾਨ ਭਾਈ ਮੋਹਕਮ ਸਿੰਘ ਅਤੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਸਿੱਖ ਪੰਥ ਦਾ ਇਤਿਹਾਸ ਔਰਤਾਂ ਅਤੇ ਲੜਕੀਆਂ ਦੀ ਇੱਜ਼ਤ ਬਚਾਉਣ ਵਾਲਾ ਰਿਹਾ ਹੈ ਪਰ ਬਾਦਲਾਂ ਨੇ ਔਰਤਾਂ-ਲੜਕੀਆਂ ਦੀ ਇੱਜ਼ਤ ਨਾਲ ਖਿਲਵਾੜ ਕਰਨ ਵਾਲੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾ ਕਿ ਐੱਸ. ਜੀ. ਪੀ. ਸੀ. ਦੇ ਇਤਿਹਾਸ ਅਤੇ ਅਕਾਲੀ ਦਲ ਦੀਆਂ ਪ੍ਰੰਪਰਾਵਾਂ ਨਾਲ ਖਿਲਵਾੜ ਕੀਤਾ ਹੈ। 
ਉਨ੍ਹਾਂ ਕਿਹਾ ਕਿ ਯੂਨਾਈਟਿਡ ਅਕਾਲੀ ਦਲ ਨੇ ਮੁਆਫ਼ੀ ਸਬੰਧੀ ਮਤਾ ਵਾਪਸ ਲੈਣ ਦੀ ਮੰਗ ਕੀਤੀ ਸੀ ਪਰ ਇਸ ਤਰ੍ਹਾਂ ਨਹੀਂ ਕੀਤਾ ਗਿਆ। ਐੱਸ. ਜੀ. ਪੀ. ਸੀ. ਬਾਦਲਾਂ ਦੇ ਹੱਥਾਂ ਵਿਚ ਇਕ ਬੰਧੂਆ ਮਜ਼ਦੂਰ ਦੀ ਤਰ੍ਹਾਂ ਹੈ। ਜੇਕਰ ਕੋਈ ਇਨ੍ਹਾਂ ਦੇ ਖਿਲਾਫ਼ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਪੰਥ ਵਿਰੋਧੀ ਕਰਾਰ ਦੇ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਦਲ ਵਲੋਂ ਬਾਦਲਾਂ ਦੀ ਰਿਹਾਇਸ਼ ਸਾਹਮਣੇ ਧਰਨਾ ਦੇ ਕੇ ਉਕਤ ਮਤੇ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਜਾਵੇਗੀ।