ਡੇਰਾ ਸੱਚਾ ਸੌਦਾ ਦਾ ਗੱਦੀ ਦਿਵਸ ਅੱਜ, ਪ੍ਰਸ਼ਾਸਨ ਅਲਰਟ

09/23/2017 1:16:41 PM

ਸਿਰਸਾ — ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ 'ਚ ਰਾਮ ਰਹੀਮ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਤਾਂ ਆਪਣੇ ਪਾਪਾਂ ਦੀ ਸਜ਼ਾ ਕੱਟ ਰਿਹਾ ਹੈ ਪਰ ਹਨੀਪ੍ਰੀਤ ਅਜੇ ਵੀ ਪੁਲਸ ਦੇ ਹੱਥ ਨਹੀਂ ਲੱਗੀ। ਪੁਲਸ ਹਨੀਪ੍ਰੀਤ ਦੀ ਭਾਲ ਲਈ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਇਸ ਦੌਰਾਨ ਅੱਜ 23 ਸਤੰਬਰ ਨੂੰ ਡੇਰਾ ਸੱਚਾ ਸੌਦਾ 'ਚ ਗੱਦੀ ਦਿਵਸ ਹੈ। ਇਸੇ ਦਿਨ ਹੀ ਰਾਮ ਰਹੀਮ ਨੂੰ ਡੇਰੇ ਦੀ ਗੱਦੀ ਮਿਲੀ ਸੀ।
23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਸ਼ਾਹ ਸਤਨਾਮ ਸਿੰਘ ਮਹਾਰਾਜ ਨੇ ਰਾਮ ਰਹੀਮ ਨੂੰ ਆਪਣਾ ਉਤਰਾਧਿਕਾਰੀ ਘੋਸ਼ਿਤ ਕੀਤਾ ਸੀ। ਇਸ ਦਿਨ ਨੂੰ ਹਰ ਸਾਲ ਵੱਡਾ ਪ੍ਰੋਗਰਾਮ ਹੁੰਦਾ ਸੀ। ਡੇਰੇ ਦੇ ਸਮਰਥਕ ਇਸ ਦਿਨ ਨੂੰ ਖੁਸ਼ੀ ਨਾਲ ਮਨਾਉਂਦੇ ਸਨ ਪਰ ਇਸ ਸਾਲ ਇਸ ਦਿਵਸ ਨੂੰ ਨਹੀਂ ਮਨਾਇਆ ਜਾਵੇਗਾ।
ਸਾਧਵੀਆਂ ਨਾਲ ਬਲਾਤਕਾਰ ਕਾਰਨ ਰਾਮ ਰਹੀਮ ਦੇ ਜੇਲ 'ਚ ਹੋਣ ਦੇ ਕਾਰਨ ਗੱਦੀ ਅਤੇ ਡੇਰੇ ਦੇ ਪ੍ਰਬੰਧ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ। ਪਿਛਲੇ ਦਿਨਾਂ 'ਚ ਜਦੋਂ ਰੋਹਤਕ ਦੀ ਸੁਨਾਰੀਆ ਜੇਲ 'ਚ ਬੰਦ ਰਾਮ ਰਹੀਮ ਨੂੰ ਮਿਲਣ ਉਸਦੀ ਮਾਂ ਨਸੀਬ ਕੌਰ ਗਈ ਤਾਂ ਉਸ ਤੋਂ ਬਾਅਦ ਇਹ ਹੀ ਕਿਹਾ ਜਾ ਰਿਹਾ ਸੀ ਕਿ ਡੇਰੇ ਦਾ ਨਵਾਂ ਕੇਅਰਟੇਕਰ ਰਾਮ ਰਹੀਮ ਨੇ ਆਪਣੇ ਬੇਟੇ ਨੂੰ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਦੂਸਰੇ ਪਾਸੇ ਇਸ ਤੋਂ ਬਾਅਦ ਵਿਪਾਸਨਾ ਨੇ ਇਹ ਬਿਆਨ ਜਾਰੀ ਕੀਤਾ ਕਿ ਡੇਰੇ ਦਾ ਕੋਈ ਵੀ ਨਵਾਂ ਕੇਅਰਟੇਕਰ ਨਹੀਂ ਬਣੇਗਾ। ਰਾਮ ਰਹੀਮ ਡੇਰੇ ਦਾ ਸੰਚਾਲਨ ਜੇਲ 'ਚੋਂ ਹੀ ਕਰਨਗੇ। ਇਸ ਲਈ ਡੇਰੇ ਦੇ ਕੇਅਰਟੇਕਰ ਦੀ ਨਿਯੁਕਤੀ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ।
ਅੱਜ 23 ਸਤੰਬਰ ਨੂੰ ਡੇਰਾ ਸੱਚਾ ਸੌਦਾ 'ਚ ਗੱਦੀ ਦਿਵਸ ਹੈ। ਇਸ ਸਾਲ ਗੱਦੀ ਦਿਵਸ ਨੂੰ ਲੈ ਕੇ ਡੇਰੇ 'ਚ ਕੋਈ ਪ੍ਰੋਗਰਾਮ ਨਹੀਂ ਹੈ। ਇਸ ਦੇ ਬਾਵਜੂਦ ਡੇਰੇ ਦੇ ਸਮਰਥਕਾਂ ਦੀ ਚਹਿਲ-ਪਹਿਲ ਹੋ ਰਹੀ ਹੈ। ਇਸ ਕਾਰਨ ਪ੍ਰਸ਼ਾਸਨ ਹਰ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਤਿਆਰ ਹੈ। ਵਿਪਾਸਨਾ ਨੇ ਵੀ ਵੀਡੀਓ ਕਲੀਪਿੰਗ ਦੇ ਜ਼ਰੀਏ ਇਹ ਕਿਹਾ ਹੈ ਕਿ ਇਸ ਵਾਰ ਡੇਰੇ 'ਚ ਗੱਦੀ ਦਿਵਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ।