''ਸਿੱਟ'' ਦੇ ਨਿਸ਼ਾਨੇ ''ਤੇ ਰਾਮ ਰਹੀਮ, ਸੁਨਾਰੀਆ ਜੇਲ ''ਚ ਹੋਵੇਗੀ ਪੁੱਛਗਿੱਛ

04/01/2019 6:20:06 PM

ਚੰਡੀਗੜ੍ਹ : ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. 2 ਅਪ੍ਰੈਲ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਸੁਨਾਰੀਆ ਜੇਲ 'ਚ ਪੁੱਛਗਿੱਛ ਕਰੇਗੀ। ਇਸ ਲਈ ਅਦਾਲਤ ਤੋਂ ਹੁਕਮ ਲੈਣ ਤੋਂ ਬਾਅਦ ਐੱਸ. ਆਈ. ਟੀ. ਨੇ ਸੁਨਾਰੀਆ ਜੇਲ ਪ੍ਰਬੰਧਨ ਨੂੰ ਪੱਤਰ ਲਿਖ ਕੇ ਇਸ ਦਾ ਸ਼ਡਿਊਲ ਭੇਜ ਦਿੱਤਾ ਹੈ। ਐੱਸ. ਆਈ. ਟੀ. ਡੇਰਾ ਮੁਖੀ ਤੋਂ ਕੀ ਸਵਾਲ ਕਰੇਗੀ, ਹਾਲਾਂਕਿ ਇਸ ਨੂੰ ਹਰ ਵਾਰ ਵਾਂਗ ਗੁਪਤ ਰੱਖਿਆ ਗਿਆ ਹੈ ਪਰ ਸੂਤਰਾਂ ਮੁਤਾਬਕ ਐੱਸ. ਆਈ. ਟੀ. ਡੇਰਾ ਮੁਖੀ ਤੋਂ ਉਸ ਨੂੰ ਮਿਲੇ ਮੁਆਫੀਨਾਮੇ ਅਤੇ ਉਸ ਦੇ ਸ੍ਰੀ ਅਕਾਲ ਤਖਤ ਸਾਹਿਬ ਤਕ ਦੇ ਰੂਟ ਸੰਬੰਧੀ ਪੁੱਛਗਿੱਛ ਕਰੇਗੀ। ਡੇਰਾ ਮੁਖੀ ਨੂੰ ਦਿੱਤੇ ਗਏ ਮੁਆਫੀ ਨਾਮੇ ਤੋਂ ਬਾਅਦ ਪੰਜਾਬ ਵਿਚ ਡੇਰਾ ਮੁਖੀ ਦੀ ਫਿਲਮ ਖਿਲਾਫ ਸ਼ੁਰੂ ਹੋਇਆ ਵਿਰੋਧ ਅਤੇ ਫਿਰ ਇਸ ਨੂੰ ਡਾਈਵਰਟ ਕਰਨ ਲਈ ਡੇਰਾ ਪ੍ਰੇਮੀਆਂ ਵਲੋਂ ਪਲਾਨ ਕੀਤੀ ਗਈ ਬੇਅਦਬੀ ਦੀ ਸਾਜ਼ਿਸ਼ ਅਤੇ ਇਸ ਦੇ ਵਿਰੋਧ ਵਿਚ ਕੋਟਕਪੂਰਾ ਅਤੇ ਬਹਿਬਲਕਲਾਂ ਵਿਚ ਸਿੱਖ ਸੰਗਤਾਂ 'ਤੇ ਸ਼ਾਂਤਮਈ ਧਰਨੇ ਅਤੇ ਸੰਗਤ ਨੂੰ ਖਦੇੜਨ ਲਈ ਪੁਲਸ ਵਲੋਂ ਕੀਤੀ ਗਈ ਫਾਇਰਿੰਗ ਦੇ ਪਿੱਛੇ ਕਿਤੇ ਨਾ ਕਿਤੇ ਸਰਕਾਰ 'ਤੇ ਦਬਾਅ ਦਾ ਕਾਰਨ ਸਾਹਮਣੇ ਆ ਰਿਹਾ ਹੈ। 
ਇਹ ਦਬਾਅ ਡੇਰੇ ਦਾ ਸੀ ਜਾਂ ਕਿਸੇ ਹੋਰ ਦਾ ਇਹ ਇਸ ਕੇਸ ਦਾ ਅਹਿਮ ਪਹਿਲੂ ਹੈ। ਐੱਸ. ਆਈ. ਟੀ. ਵਲੋਂ ਕੀਤੀ ਗਈ ਹੁਣ ਤਕ ਦੀ ਜਾਂਚ, ਘਟਨਾਕ੍ਰਮ ਦੀ ਵੀਡੀਓ ਫੂਟੇਜ ਅਤੇ ਪੁਲਸ ਦੀ ਸੈਲਫ ਡਿਫੈਂਸ ਦੀ ਝੂਠੀ ਕਹਾਣੀ ਤੋਂ ਇਹ ਸਾਹਮਣੇ ਆ ਚੁੱਕਾ ਹੈ ਕਿ ਕੋਟਕਪੂਰਾ ਅਤੇ ਬਹਿਬਲਕਲਾਂ ਵਿਚ ਸ਼ਾਂਤਮਈ ਧਰਨਾ ਲਗਾ ਕੇ ਬੈਠੇ ਲੋਕਾਂ 'ਤੇ ਹੋਈ ਫਾਇਰਿੰਗ ਦਾ ਕੋਈ ਕਾਰਨ ਨਹੀਂ ਸੀ। ਅਜਿਹੇ ਵਿਚ ਸੰਬੰਧਤ ਅਫਸਰਾਂ ਤੇ ਸਰਕਾਰ 'ਤੇ ਅਜਿਹਾ ਕੀ ਦਬਾਅ ਸੀ, ਜਿਸ ਨਾਲ ਫਾਇਰਿੰਗ ਕੀਤੀ ਗਈ? ਬਹਿਰਹਾਲ ਡੇਰਾ ਮੁਖੀ ਤੋਂ ਪੁੱਛਗਿੱਛ ਨਾਲ ਬਾਦਲਾਂ ਦੀਆਂ ਮੁਸ਼ਕਲਾਂ ਇਕ ਵਾਰ ਫਿਰ ਵੱਧ ਸਕਦੀਆਂ ਹਨ।

Gurminder Singh

This news is Content Editor Gurminder Singh