ਡੇਰਾ ਸਮਰਥਕਾਂ ਵਲੋਂ ਮਚਾਈ ਗਈ ਭਾਰੀ ਤਬਾਹੀ ਦੇ ਨੁਕਸਾਨ ਦਾ ਅੰਕੜਾ ਆਇਆ ਸਾਹਮਣੇ, ਇਸ ਤਰ੍ਹਾਂ ਹੋਵੇਗੀ ਭਰਪਾਈ (ਤਸਵੀਰਾਂ)

Sunday, Aug 27, 2017 - 07:24 PM (IST)

ਪੰਚਕੂਲਾ\ਚੰਡੀਗੜ੍ਹ (ਮੁਕੇਸ਼ ਖੇੜਾ)— ਪੰਚਕੂਲਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਲੋਂ ਸਾਧਵੀ ਸੈਕਸ ਸ਼ੋਸ਼ਣ ਮਾਮਲੇ 'ਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਹਿੰਸਕ ਹੋਏ ਡੇਰਾ ਸਮਰਥਕਾਂ ਨੇ ਪੰਚਕੂਲਾ 'ਚ 20 ਕਰੋੜ ਰੁਪਏ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਹਾਲਾਂਕਿ ਇਸ ਹਿੰਸਾ 'ਚ ਪੈਰਾ ਮਿਲਟਰੀ ਫੋਰਸ ਅਤੇ ਪੁਲਸ ਦੇ ਕਈ ਜਵਾਨ ਜ਼ਖਮੀ ਹੋਏ ਅਤੇ 31 ਡੇਰਾ ਪ੍ਰੇਮੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਸ਼ਨੀਵਾਰ ਦਿਨ ਭਰ ਡੀ. ਸੀ. ਗੌਰੀ ਪਰਾਸ਼ਰ ਜੋਸ਼ੀ ਆਪਣੇ ਦਫਤਰ 'ਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਨੁਕਸਾਨ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਮੁਲਾਜ਼ਮਾਂ ਦੀ ਸਮੀਖਿਆ ਕਰਦੇ ਵੀ ਦਿਖਾਈ ਦਿੱਤੇ।
ਜ਼ੀਰਕਪੁਰ-ਪੰਚਕੂਲਾ ਹਾਈਵੇ 'ਤੇ ਗੁੱਸੇ 'ਚ ਆਏ ਡੇਰਾ ਪ੍ਰੇਮੀਆਂ ਨੇ ਇਕ ਟੀ. ਵੀ. ਚੈਨਲ ਦੀ ਓ. ਬੀ. ਵੈਨ ਨੂੰ ਅੱਗ ਲਗਾਉਣ ਦੇ ਨਾਲ-ਨਾਲ 3 ਗੱਡੀਆਂ ਨੂੰ ਅੱਗ ਦੀ ਭੇਟ ਚਾੜ੍ਹ ਦਿੱਤਾ। ਇਸ ਤੋਂ ਇਲਾਵਾ ਹੈਫੇਡ ਲਾਈਟ ਪੁਆਇੰਟ 'ਤੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਇਥੇ 6 ਓ. ਵੀ. ਵੈਨਾਂ ਦੇ ਨਾਲ 20 ਕਾਰਾਂ ਅਤੇ 1 ਦਰਜਨ ਤੋਂ ਵੱਧ ਦੋ ਪਹੀਆ ਵਾਹਨਾਂ ਨੂੰ ਅੱਗ ਦੀ ਭੇਟ ਚੜ੍ਹਾ ਦਿੱਤਾ ਗਿਆ। ਇਥੇ ਸਰਕਾਰੀ ਦਫਤਰਾਂ 'ਚ ਭੰਨਤੋੜ ਅਤੇ ਸਾੜ-ਫੂਕ ਹੋਈ।
ਰਾਤੋ-ਰਾਤ ਸੜਕਾਂ ਤੋਂ ਇਕੱਠੇ ਕੀਤੇ ਸੜੇ ਹੋਏ ਵਾਹਨ
ਸ਼ਹਿਰ ਦੀਆਂ ਸੜਕਾਂ 'ਤੇ ਸ਼ੁੱਕਰਵਾਰ ਦੀ ਹਿੰਸਾ ਮਗਰੋਂ ਸੜੇ ਵਾਹਨਾਂ ਨੂੰ ਪੁਲਸ ਨੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਸੜਕਾਂ ਤੋਂ ਚੁੱਕ ਕੇ ਸ਼ਹਿਰੋਂ ਬਾਹਰ ਚੰਡੀ ਮੰਦਰ ਸਥਿਤ ਪੁਲਸ ਥਾਣੇ 'ਚ ਰਖਵਾ ਦਿੱਤਾ। ਵਾਹਨਾਂ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਲਾਤ ਕਿੰਨੇ ਖਰਾਬ ਸਨ।
ਇਹ ਹੋਇਆ ਨੁਕਸਾਨ
ਚੰਡੀਗੜ੍ਹ (ਸੰਘੀ)— ਪੰਚਕੂਲਾ 'ਚ ਹੋਈਆਂ ਸਾੜ-ਫੂਕ ਦੀਆਂ ਘਟਨਾਵਾਂ 'ਚ 28 ਵਾਹਨਾਂ ਨੂੰ ਸਾੜਿਆ ਗਿਆ ਜਿਨ੍ਹਾਂ 'ਚ ਸਰਕਾਰੀ ਵਾਹਨ ਵੀ ਹਨ। 2 ਸਰਕਾਰੀ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ, ਜਿਨ੍ਹਾਂ ਵਿਚ ਇਨਕਮ ਟੈਕਸ ਭਵਨ ਅਤੇ ਹਰਿਆਣਾ ਦੇ ਹਾਰਟ੍ਰੋਨ ਦਫਤਰ ਸ਼ਾਮਲ ਹਨ। 6 ਨਿੱਜੀ ਦੁਕਾਨਾਂ ਨੂੰ ਵੀ ਫੂਕਿਆ ਗਿਆ। 2 ਸਟਰੈਕਚਰ ਸਾੜੇ ਗਏ ਜਿਨ੍ਹਾਂ ਵਿਚੋਂ ਇਕ ਬਾਰ ਅਤੇ ਇਕ ਐੱਚ. ਡੀ. ਐੱਫ. ਸੀ. ਦਾ ਏ. ਟੀ. ਐੱਮ. ਵੀ ਸ਼ਾਮਲ ਹੈ।
ਇਕ ਅਧਿਕਾਰੀ ਨੇ ਕਿਹਾ ਕਿ ਇਹ ਘਟਨਾਕ੍ਰਮ ਸ਼ੁੱਕਰਵਾਰ ਫੈਸਲੇ ਤੋਂ ਬਾਅਦ ਦੁਪਹਿਰ ਸਾਢੇ 3 ਵਜੇ ਸ਼ੁਰੂ ਹੋਇਆ ਅਤੇ ਸਾਢੇ 6 ਵਜੇ ਤੋਂ 7 ਵਜੇ ਦਰਮਿਆਨ ਸਾਰੀ ਸਥਿਤੀ 'ਤੇ ਕਾਬੂ ਪਾ ਲਿਆ ਗਿਆ।
ਨੁਕਸਾਨ ਦੀ ਪੂਰਤੀ ਲਈ ਵਿਸ਼ੇਸ਼ ਪੋਰਟਲ ਤਿਆਰ
ਨੁਕਸਾਨ ਦੀ ਪੂਰਤੀ ਲਈ ਸਰਕਾਰ ਵਲੋਂ ਇਕ ਵਿਸ਼ੇਸ਼ ਪੋਰਟਲ ਬਣਾਇਆ ਗਿਆ ਹੈ ਜਿਸ ਵਿਚ ਮੀਡੀਆ ਜਾਂ ਨਿੱਜੀ ਲੋਕਾਂ ਵਲੋਂ ਆਪਣੇ ਨੁਕਸਾਨ ਦਾ ਦਾਅਵਾ ਕੀਤਾ ਜਾ ਸਕੇਗਾ ਅਤੇ ਅਜਿਹੇ ਲੋਕਾਂ ਨੂੰ 100 ਫੀਸਦੀ ਮੁਆਵਜ਼ਾ ਦਿੱਤਾ ਜਾਵੇਗਾ।


Related News