ਡੇਰਾ ਮੁਖੀ ''ਤੇ ਫੈਸਲੇ ਨੂੰ ਲੈ ਕੇ ਹਾਈ ਅਲਰਟ ''ਤੇ ਪੁਲਸ, ਕਰਫਿਊ ਦੇ ਡਰੋਂ ਰਾਸ਼ਨ ਇਕੱਠਾ ਕਰਨ ''ਚ ਲੱਗੇ ਲੋਕ

08/22/2017 7:35:38 PM

ਮਾਨਸਾ (ਜੱਸਲ) : ਪੰਚਕੂਲਾ ਦੀ ਅਦਾਲਤ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਦੇ ਯੋਨ ਸ਼ੋਸ਼ਣ ਦੇ ਮਾਮਲੇ 'ਚ 25 ਅਗਸਤ ਨੂੰ ਫੈਸਲਾ ਆਉਣ ਦੇ ਮੱਦੇਨਜ਼ਰ ਮਾਨਸਾ ਜ਼ਿਲੇ ਦੇ ਹਰਿਆਣੇ ਦੀ ਹੱਦ ਨਾਲ ਲੱਗਦੇ ਖੇਤਰਾਂ ਨੂੰ ਪੰਜਾਬ ਪੁਲਸ ਦੇ ਸੁਰੱਖਿਆ ਬਲਾਂ ਵੱਲੋਂ ਬੜੀ ਚੌਕਸੀ ਨਾਲ ਪੰਜਾਬ 'ਚ ਨਾਕੇਬੰਦੀ ਕਰਕੇ 10 ਤੋ ਵੱਧ ਸਥਾਨਾਂ 'ਤੇ ਆਉਣ-ਜਾਣ ਵਾਲੇ ਹਰ ਵਾਹਨ ਦੀ ਤਲਾਸ਼ੀ ਜਾਰੀ ਹੈ। ਇਸ ਮੌਕੇ ਵਾਹਨਾਂ ਦੇ ਵੇਰਵੇ ਵੀ ਇਕੱਠੇ ਕੀਤੇ ਜਾ ਰਹੇ ਹਨ। ਮਾਲਵਾ ਖੇਤਰ ਦੇ ਬਠਿੰਡਾ ਜ਼ਿਲੇ ਵਾਂਗ ਮਾਨਸਾ ਜ਼ਿਲੇ 'ਚ ਵੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਗਿਣਤੀ ਘੱਟ ਨਹੀਂ। ਭਾਵੇਂ ਮਾਨਸਾ ਜ਼ਿਲੇ ਅੰਦਰ ਮਹੌਲ ਸ਼ਾਤ ਦਿਖਾਈ ਦੇ ਰਿਹਾ ਹੈ ਪਰ ਜਿਉਂ ਹੀ 25 ਅਗਸਤ ਦਾ ਦਿਨ ਨੇੜੇ ਆ ਰਿਹਾ ਹੈ। ਕਿਸੇ ਵੇਲੇ ਵੀ ਤਨਾਅ ਪੈਦਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਪੁਲਸ ਹੋਰ ਸਖਤੀ ਨਾਲ ਪੇਸ਼ ਆ ਰਹੀ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ 'ਚ ਪੁਲਸ ਨੇ ਹਾਈ ਅਲਰਟ ਕੀਤਾ ਹੋਇਆ ਹੈ। ਇਸ ਦੇ ਨਾਲ ਪੂਰੇ ਜ਼ਿਲੇ ਅੰਦਰ ਸੁਰੱਖਿਆ ਬਲਾਂ ਵੱਲੋਂ ਗਸ਼ਤ ਜਾਰੀ ਹੈ। ਪੁਲਸ ਵੱਲੋਂ ਮਾਹੌਲ ਨੂੰ ਕਾਬੂ ਰੱਖਣ ਲਈ ਫੌਜ ਦੀ ਮਦਦ ਲੈਣੀ ਪੈ ਸਕਦੀ ਹੈ। ਜੇਕਰ ਮਾਹੌਲ ਜ਼ਿਆਦਾ ਖਰਾਬ ਹੋਇਆ ਤਾਂ ਕਰਫਿਊ ਦੀ ਵੀ ਸੰਭਾਵਨਾ ਹੈ। ਫਿਲਹਾਲ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਹੈ।  
ਲੋਕ ਰਾਸ਼ਨ ਇਕੱਠਾ ਕਰਨ ਵਿਚ ਲੱਗੇ
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ 25 ਅਗਸਤ ਨੂੰ ਰੱਖੀ ਪੇਸ਼ੀ ਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਕਰਫਿਊ ਲੱਗਣ ਦਾ ਡਰ ਸਤਾਉਣ ਲੱਗਾ ਹੈ। ਜਿਸ ਤਹਿਤ ਮੰਗਲਵਾਰ ਨੂੰ ਬਾਜ਼ਾਰਾਂ ਵਿਚ ਕਾਫੀ ਚਹਿਲ-ਪਹਿਲ ਦੇਖਣ ਨੂੰ ਮਿਲੀ। ਪਤਾ ਲੱਗਾ ਹੈ ਕਿ ਕਰਫਿਊ ਦੇ ਸੰਭਾਵੀ ਖਤਰਿਆਂ ਨੂੰ ਦੇਖਦਿਆਂ ਲੋਕ ਰਾਸ਼ਨ ਇਕੱਠਾ ਕਰਨ ਵਿਚ ਜੁੱਟ ਗਏ ਹਨ ਤਾਂ ਕਿ ਕਰਫਿਊ ਦੇ ਦਿਨਾਂ ਵਿਚ ਉਨ੍ਹਾਂ ਨੂੰ ਪੇਟ ਭਰਨ ਲਈ ਕੋਈ ਦਿੱਕਤ ਨਾ ਆਵੇ।
ਸੁਰੱਖਿਆ ਨੂੰ ਲੈ ਕੇ 8 ਅਰਧ ਸੈਨਿਕ ਬਲਾਂ ਦੀਆਂ ਟੀਮਾਂ ਪਹੁੰਚੀਆਂ
ਡੇਰਾ ਮੁਖੀ ਦੀ 25 ਅਗਸਤ ਦੀ ਪੇਸ਼ ਨੂੰ ਲੈ ਕੇ ਜ਼ਿਲੇ ਵਿਚ ਲੋਕਾਂ ਦੀ ਸੁਰੱਖਿਆ ਲਈ 8 ਅਰਧ ਸੈਨਿਕ ਬਲਾਂ ਦੀਆਂ ਟੀਮਾਂ ਜ਼ਿਲੇ ਵਿਚ ਵੱਖ ਵੱਖ ਥਾਵਾਂ 'ਤੇ ਪਹੁੰਚ ਚੁੱਕੀਆਂ ਹਨ ਅਤੇ ਉਨ੍ਹਾਂ ਆਪਣੇ ਮੋਰਚੇ ਸੰਭਾਲ ਲਏ ਹਨ।
ਸੁਰੱਖਿਆ ਢਿੱਲ ਨਹੀਂ ਕੀਤੀ ਜਾਵੇਗੀ ਬਰਦਾਸ਼ਤ : ਜ਼ਿਲਾ ਪੁਲਸ ਮੁਖੀ
ਇਸ ਸਬੰਧੀ ਜ਼ਿਲਾ ਪੁਲਸ ਮੁਖੀ ਪਰਮਾਰ ਦਾ ਕਹਿਣਾ ਹੈ ਕਿ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਸ ਦੀ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੁਲਸ ਵਲੋਂ ਜ਼ਿਲੇ ਭਰ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜਿਸ ਤਹਿਤ ਜਿੱਥੇ ਪੁਲਸ ਵਲੋਂ ਜ਼ਿਲੇ ਵਿਚ ਆਉਣ ਵਾਲੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ, ਉਥੇ ਹੀ ਪੁਲਸ ਵਲੋਂ ਦਿਨ ਰਾਤ ਗਸ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਸੁਰੱਖਿਆ ਮਾਮਲੇ ਨੂੰ ਲੈ ਕੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਘਬਰਾਹਟ ਤੋਂ ਸੁਰੱਖਿਆ ਨੂੰ ਲੈ ਕੇ ਪੁਲਸ ਨੂੰ ਸਹਿਯੋਗ ਦੇਣ।
ਬੁਢਲਾਡਾ (ਮਨਜੀਤ, ਮਨਚੰਦਾ) : ਜ਼ਿਲਾ ਪੁਲਸ ਮੁੱਖੀ ਪਰਮਵੀਰ ਸਿੰਘ ਪਰਮਾਰ ਦੀਆਂ ਹਦਾਇਤਾਂ 'ਤੇ ਥਾਣਾ ਸਿਟੀ ਦੇ ਮੁੱਖੀ ਬਲਵਿੰਦਰ ਸਿੰਘ ਰੋਮਾਨਾ ਦੀ ਅਗਵਾਈ ਵਿਚ ਸੀ.ਆਰ.ਪੀ.ਐੱਫ 137 ਬਟਾਲੀਅਨ ਐੱਫ.ਕੰਪਨੀ, ਸਥਾਨਕ ਪੁਲਸ ਅਤੇ ਫੋਰਸ ਨੇ ਸਾਂਝੇ ਤੌਰ 'ਤੇ ਸਥਾਨਕ ਸ਼ਹਿਰ ਦੇ ਥਾਣਾ ਰੇਲਵੇ ਰੋਡ, ਗੋਲ ਚੱਕਰ, ਰਾਮ ਲੀਲਾ ਗਰਾਊਂਡ, ਬੱਸ ਸਟੈਂਡ ਰੋਡ, ਰੇਲਵੇ ਸਟੇਸ਼ਨ ਤੋਂ ਇਲਾਵਾ ਹੋਰ ਵੀ ਖੇਤਰਾਂ ਵਿਚ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਥਾਣਾ ਸਿਟੀ ਦੇ ਮੁਖੀ ਬਲਵਿੰਦਰ ਸਿੰਘ ਰੋਮਾਨਾ ਨੇ ਦੱਸਿਆ ਕਿ ਅਮਨ ਸਥਿਤੀ ਦੇ ਮੱਦੇਨਜਰ ਇਹ ਫਲੈਗ ਮਾਰਚ ਸਾਂਝੇ ਤੌਰ ਤੇ ਸੀ.ਆਰ.ਪੀ.ਐੱਫ ਨਾਲ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ।