ਪੰਜਾਬ 'ਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਹੁਣ ਤੱਕ ਹੋ ਚੁੱਕੈ 7 ਡੇਰਾ ਪ੍ਰੇਮੀਆਂ ਦਾ ਕਤਲ, ਬੁਰੀ ਤਰ੍ਹਾਂ ਸਹਿਮੇ ਲੋਕ

11/11/2022 12:00:37 PM

ਲੁਧਿਆਣਾ (ਜ.ਬ.) : ਕੋਟਕਪੂਰਾ ’ਚ ਵੀਰਵਾਰ ਦੀ ਸਵੇਰ ਨੂੰ ਮੋਟਰਸਾਈਕਲ ਸਵਾਰ ਕਾਤਲਾਂ ਵਲੋਂ ਡੇਰਾ ਪ੍ਰੇਮੀ ਪਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਇਕ ਵਾਰ ਫਿਰ ਪੰਜਾਬ ’ਚ ਸ਼ਾਂਤ ਮਾਹੌਲ ’ਚ ਜ਼ਹਿਰ ਘੁਲਦਾ ਨਜ਼ਰ ਆ ਰਿਹਾ ਹੈ। ਬੁਰਜ ਜਵਾਹਰ ਸਿੰਘ ਵਾਲਾ ’ਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਤੋਂ ਡੇਰਾ ਪ੍ਰੇਮੀ ਲਗਾਤਾਰ ਨਿਸ਼ਾਨੇ ’ਤੇ ਹਨ ਅਤੇ ਹੁਣ ਤੱਕ 7 ਡੇਰਾ ਪ੍ਰੇਮੀਆਂ ਦਾ ਕਤਲ ਹੋ ਚੁੱਕਾ ਹੈ, ਜਿਸ ’ਚ ਇਕ ਮਾਮਲਾ ਜੇਲ੍ਹ ’ਚ ਬੰਦ ਮੁਲਜ਼ਮ ਕਾਤਲ ਦਾ ਵੀ ਹੈ। ਦੱਸ ਦੇਈਏ ਕਿ ਸਾਲ 2015 ’ਚ ਬੁਰਜ ਜਵਾਹਰ ਸਿੰਘ ਵਾਲੇ ਦੇ ਇਕ ਗੁਰਦੁਆਰਾ ਸਾਹਿਬ ’ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਤੋਂ ਆਹਤ ਸਿੱਖ ਜੱਥੇਬੰਦੀਆਂ ਵੱਲੋਂ ਇਨਸਾਫ਼ ਲਈ ਲਗਾਤਾਰ ਧਰਨੇ-ਪ੍ਰਦਰਸ਼ਨ ਕੀਤੇ ਗਏ ਸਨ। ਇਸ ਮਾਮਲੇ ਦੀ ਜਾਂਚ ਲਈ ਬਣਾਈ ਐੱਸ. ਆਈ. ਟੀ. ਨੇ ਆਪਣੀ ਰਿਪੋਰਟ ’ਚ ਡੇਰਾ ਪ੍ਰੇਮੀ ਸ਼ਕਤੀ, ਸੁਖਜਿੰਦਰ ਸਿੰਘ, ਰਣਜੀਤ ਸਿੰਘ, ਨਿਸ਼ਾਨ ਸਿੰਘ ਅਤੇ ਪਰਦੀਪ ਸਿੰਘ ਨੂੰ ਮੁਲਜ਼ਮ ਬਣਾਇਆ ਸੀ, ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਤੋਂ ਲਗਾਤਾਰ ਡੇਰਾ ਪ੍ਰੇਮੀ ਨਿਸ਼ਾਨੇ ’ਤੇ ਰਹੇ ਹਨ। ਇੱਥੋਂ ਤੱਕ ਕਿ ਨਾਭਾ ਜੇਲ੍ਹ ’ਚ ਬੰਦ ਮੋਹਿੰਦਰਪਾਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਤਰਨਤਾਰਨ 'ਚ ਫਿਰ ਦਿਖਿਆ ਪਾਕਿਸਤਾਨੀ ਡਰੋਨ, ਕੁੱਝ ਸਮੇਂ ਬਾਅਦ ਵਾਪਸ ਪਰਤਿਆ

ਇਸੇ ਤਰ੍ਹਾਂ ਸਤਪਾਲ ਸ਼ਰਮਾ ਅਤੇ ਉਸ ਦੇ ਪੁੱਤਰ ਰਮੇਸ਼ ਨੂੰ ਵੀ ਮੋਟਰਸਾਈਕਲ ਸਵਾਰ 2 ਹਥਿਆਰਬੰਦਾਂ ਨੇ ਉਨ੍ਹਾਂ ਦੀ ਦੁਕਾਨ ’ਚ ਦਾਖ਼ਲ ਹੋ ਕੇ ਆਪਣਾ ਨਿਸ਼ਾਨਾ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਹਾਲਾਂਕਿ ਜੇਲ੍ਹ ਤੋਂ ਜ਼ਮਾਨਤ ’ਤੇ ਛੁੱਟੇ ਮੁਲਜ਼ਮਾਂ ’ਚੋਂ ਕੁੱਝ ਨੂੰ ਬਕਾਇਦਾ ਸੁਰੱਖਿਆ ਵੀ ਦਿੱਤੀ ਗਈ ਸੀ। ਇਨ੍ਹਾਂ ’ਚ ਹੀ ਕੋਟਕਪੂਰਾ ਦਾ ਪਰਦੀਪ ਸਿੰਘ ਵੀ ਸ਼ਾਮਲ ਸੀ, ਜਿਸ ਨੂੰ ਵੀਰਵਾਰ ਨੂੰ ਹਮਲਾਵਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ ਵੀ ਗੁਰਦੇਵ ਸਿੰਘ, ਮਨੋਹਰ ਲਾਲ, ਚਰਣ ਦਾਸ ਹੁਣ ਤੱਕ ਨਿਸ਼ਾਨਾ ਬਣ ਚੁੱਕੇ ਹਨ। ਪੰਜਾਬ ਸਰਕਾਰ ਤੇ ਪੁਲਸ ਲਈ ਜੋ ਕਾਰਨ ਸਭ ਤੋਂ ਵੱਡੀ ਚੁਣੌਤੀ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ, ਉਹ ਤਾਜ਼ਾ ਘਟਨਾ ਨਾਲ ਜੁੜਿਆ ਹੈ। ਇਸ ’ਚ ਚਾਹੇ ਤਰਨਤਾਰਨ ਦੇ ਕੱਪੜਾ ਵਪਾਰੀ ਕਤਲ ਦਾ ਮਾਮਲਾ ਹੋਵੇ ਜਾਂ ਪਰਦੀਪ ਸਿੰਘ ਦਾ, ਇਨ੍ਹਾਂ ਘਟਨਾਵਾਂ ਦੀ ਸੋਸ਼ਲ ਮੀਡੀਆ ’ਤੇ ਜ਼ਿੰਮੇਵਾਰੀ ਗੈਂਗਸਟਰ ਗਰੁੱਪ ਵੱਲੋਂ ਲਈ ਜਾਂਦੀ ਹੈ ਕਿਉਂਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਾਂਚ ’ਚ ਜੁੱਟੀ ਪੰਜਾਬ ਅਤੇ ਦਿੱਲੀ ਪੁਲਸ ਖ਼ੁਦ ਇਸ ਗੱਲ ਦਾ ਖ਼ੁਲਾਸਾ ਕਰ ਚੁੱਕੀ ਹੈ ਕਿ ਸੂਬੇ ’ਚ ਸਰਗਰਮ ਗੈਂਗਸਟਰ ਗਰੁੱਪ ਦੀ ਚੇਨ ਬੇਹੱਦ ਲੰਬੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਸੁਧੀਰ ਸੂਰੀ ਦੀ ਮੌਤ 'ਤੇ ਇਸ ਸ਼ਖ਼ਸ ਨੇ ਵੰਡੇ ਸੀ ਲੱਡੂ, ਹੋਇਆ ਹੈਰਾਨ ਕਰਦਾ ਖ਼ੁਲਾਸਾ

ਕਤਲ, ਫ਼ਿਰੌਤੀ ਸਮੇਤ ਕਈ ਹੋਰ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਰੁੱਪ ਦੀ ਗੱਲ ਕਰੀਏ ਜਾਂ ਫਿਰ ਲੰਡਾ ਹਰੀਕੇ ਦੀ, ਦੋਵੇਂ ਆਪਣੇ ਨਾਲ ਸੈਂਕੜੇ ਨੌਜਵਾਨਾਂ ਨੂੰ ਜੋੜ ਰਹੇ ਹਨ ਅਤੇ ਇਹੀ ਗੱਲ ਪੁਲਸ ਲਈ ਸਭ ਤੋਂ ਵੱਡੀ ਚੁਣੌਤੀ ਹੈ। ਮੌਜੂਦਾ ਸਮੇਂ ’ਚ ਚਾਹੇ ਡੇਰਾ ਪ੍ਰੇਮੀ ਅਤੇ ਸ਼ਿਵ ਸੈਨਾ ਨੇਤਾ ਹੋਵੇ ਜਾਂ ਫਿਰ ਹੋਰ ਪ੍ਰਮੁੱਖ ਲੋਕ, ਉਨ੍ਹਾਂ ਦੀ ਜਾਨ ਨੂੰ ਕਿਸ ਤੋਂ ਖ਼ਤਰਾ ਹੈ ਜਾਂ ਕੌਣ ਉਨ੍ਹਾਂ ’ਤੇ ਹਮਲਾ ਕਰ ਸਕਦਾ ਹੈ, ਸਬੰਧੀ ਕੁੱਝ ਵੀ ਸਪੱਸ਼ਟ ਨਹੀਂ ਹੈ ਕਿਉਂਕਿ ਕਾਂਗਰਸ ਸਰਕਾਰ ਦੌਰਾਨ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰੇ ’ਤੇ ਪੰਜਾਬ ’ਚ ਇਕ ਤੋਂ ਬਾਅਦ ਇਕ ਕਰ ਕੇ ਹੋਏ 7 ਪ੍ਰਮੁੱਖ ਲੋਕਾਂ ਦੇ ਕਤਲ ਦੇ ਪਿੱਛੇ ਕਾਤਲ 2 ਹੀ ਸਨ, ਜਿਨ੍ਹਾਂ ਨੂੰ ਫੜ੍ਹਨ ਤੋਂ ਬਾਅਦ ਘਟਨਾਵਾਂ ਦਾ ਸਿਲਸਿਲਾ ਪੂਰੀ ਤਰ੍ਹਾਂ ਰੁਕ ਗਿਆ ਸੀ। ਮੌਜੂਦਾ ਹਾਲਾਤ ਬਿਲਕੁਲ ਵੱਖਰੇ ਹਨ। ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਤਹਿਤ ਕਰਵਾਈਆਂ ਜਾ ਰਹੀਆਂ ਇਨ੍ਹਾਂ ਵਾਰਦਾਤਾਂ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਕਦੋਂ ਕਿਸ ਸਲੀਪਰ ਸੈੱਲ ਨੂੰ ਮੋਹਰਾ ਬਣਾ ਕੇ ਘਟਨਾ ਨੂੰ ਅੰਜਾਮ ਦੇਣਗੇ, ਇਸ ਦਾ ਪਤਾ ਲਗਾਉਣਾ ਮੁਸ਼ਕਿਲ ਹੀ ਨਹੀਂ, ਅਸੰਭਵ ਹੈ।
ਬੁਲੇਟਪਰੂਫ ਜੈਕੇਟਾਂ ’ਤੇ ਵੀ ਉੱਠਣ ਲੱਗੇ ਸਵਾਲ
ਬੇਸ਼ੱਕ ਪੰਜਾਬ ਪੁਲਸ ਵੱਲੋਂ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਚੱਲ ਰਹੇ ਕੁੱਝ ਸ਼ਿਵ ਸੈਨਾ ਨੇਤਾਵਾਂ ਨੂੰ ਸੁਰੱਖਿਆ ਮੁਲਾਜ਼ਮਾਂ ਨਾਲ ਬੁਲੇਟਪਰੂਫ ਜੈਕੇਟਾਂ ਮੁਹੱਈਆ ਕਰਵਾਈਆਂ ਗਈਆਂ ਹਨ ਪਰ ਇਸ ਸਬੰਧੀ ਵੀ ਸਵਾਲ ਉੱਠਣ ਲੱਗੇ ਹਨ। ਜੈਕੇਟਾਂ ਵੰਡਣ ਦੀਆਂ ਖ਼ਬਰਾਂ ਆਉਣ ’ਤੇ ਲੋਕਾਂ ’ਚ ਇਸ ਗੱਲ ਨੂੰ ਲੈ ਕੇ ਚਰਚਾ ਹੋਣ ਲੱਗੀ ਹੈ ਕਿ ਇਕ ਤਾਂ ਇਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਣਾ ਚਾਹੀਦਾ ਸੀ, ਦੂਜਾ ਅਜਿਹਾ ਲੱਗਦਾ ਹੈ ਕਿ ਪੁਲਸ ਖ਼ੁਦ ਸੁਰੱਖਿਆ ਸਬੰਧੀ ਸੰਤੁਸ਼ਟ ਨਹੀਂ ਹੈ। ਇਕ ਤੋਂ ਬਾਅਦ ਇਕ ਕਰ ਕੇ ਹੋ ਰਹੀਆਂ ਇਨ੍ਹਾਂ ਘਟਨਾਵਾਂ ’ਤੇ ਸਖ਼ਤੀ ਨਾਲ ਪਾਬੰਦੀ ਲਗਾਉਣ ਲਈ ਪੁਲਸ ਅਤੇ ਸਰਕਾਰ ਨੂੰ ਸਮਾਜ ਵਿਰੋਧੀ ਖ਼ਾਸ ਕਰ ਕੇ ਸੋਸ਼ਲ ਮੀਡੀਆ ’ਤੇ ਭੜਕਾਊ ਬਿਆਨਬਾਜ਼ੀ ਕਰਨ ਵਾਲਿਆਂ ’ਤੇ ਸਖ਼ਤੀ ਨਾਲ ਲਗਾਮ ਲਗਾਉਣੀ ਪਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita