ਡੇਰਾ ਪ੍ਰੇਮੀ ਕਤਲ ਮਾਮਲੇ ''ਚ ਨਾਮਜ਼ਦ ਮਨਿੰਦਰ ਦੇ ਪਰਿਵਾਰ ਨੇ ਦਿੱਤਾ ਵੱਡਾ ਬਿਆਨ

06/26/2019 12:02:55 AM

ਪਟਿਆਲਾ(ਜੋਸਨ)— ਨਾਭਾ ਦੀ ਹਾਈ ਸੁਰੱਖਿਆ ਜੇਲ 'ਚ ਬੀਤੇ ਦਿਨੀਂ ਕਤਲ ਹੋਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕੇਸ ਵਿਚ ਨਾਮਜ਼ਦ ਕੀਤੇ ਮਨਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਅੱਜ ਪਟਿਆਲਾ ਅਦਾਲਤ ਪੁੱਜੇ। ਉਨ੍ਹਾਂ ਅਦਾਲਤ ਨੂੰ ਫਰਿਆਦ ਕੀਤੀ ਕਿ ਪੁਲਸ ਉਨ੍ਹਾਂ ਦੇ ਪੁੱਤਰ ਨੂੰ ਮਿਲਣ ਨਹੀਂ ਦੇ ਰਹੀ ਅਤੇ ਨਾ ਹੀ ਕੋਈ ਅਤਾ-ਪਤਾ ਦੇ ਰਹੀ ਹੈ। ਇਸ ਦੇ ਨਾਲ ਹੀ ਸਾਨੂੰ ਉਸ ਦੀ ਸਿਹਤ ਬਾਰੇ ਵੀ ਦੱਸਿਆ ਜਾਵੇ।

ਮਨਿੰਦਰ ਦੇ ਭਰਾ ਸੰਦੀਪ ਸਿੰਘ ਨੇ ਕਿਹਾ ਕਿ ਮੇਰੇ ਭਰਾ ਦੀ ਜਾਨ ਨੂੰ ਜੇਲ 'ਚ ਖਤਰਾ ਹੈ। ਇਸ ਲਈ ਪੁਲਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਉਸ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ। ਜਿੱਥੇ ਅਸੀਂ ਰਹਿ ਰਹੇ ਹਾਂ, ਉੱੱਥੇ ਬਹੁਤ ਸਾਰੇ ਡੇਰਾ ਪ੍ਰੇਮੀਆਂ ਦੇ ਘਰ ਹਨ। ਸਾਡੇ 'ਤੇ ਵੀ ਹਮਲਾ ਹੋ ਸਕਦਾ ਹੈ। ਇਸ ਲਈ ਸਾਨੂੰ ਵੀ ਸੁਰੱਖਿਆ ਦਿੱਤੀ ਜਾਵੇ।

ਇਸ ਮੌਕੇ ਯੂਨਾਈਟਿਡ ਸਿੱਖ ਪਾਰਟੀ ਦੇ ਨੇਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਡੇਰਾ ਪ੍ਰੇਮੀ ਹੱਤਿਆ ਮਾਮਲੇ 'ਚ ਫੜੇ ਗਏ ਮਨਿੰਦਰ ਸਿੰਘ ਨੂੰ ਘਰਦਿਆਂ ਨਾਲ ਬਿਨਾਂ ਮਿਲਾਏ ਹੀ ਅਦਾਲਤ 'ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਵੀ ਲੈ ਲਿਆ ਗਿਆ। ਇਹ ਸਰਾਸਰ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਉਲੰਘਣਾ ਹੈ। ਪਰਿਵਾਰ ਵੱਲੋਂ ਵਕੀਲ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਨੇ ਵੀ ਕਿਹਾ ਕਿ ਕਾਨੂੰਨ ਅਨੁਸਾਰ ਪਹਿਲਾਂ ਪਰਿਵਾਰ ਨੂੰ ਇਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਮੈਡੀਕਲ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਨਹੀਂ ਹੋਇਆ। ਅਸੀਂ ਅੱਜ ਅਦਾਲਤ 'ਚ ਅਰਜ਼ੀ ਦਾਖਲ ਕੀਤੀ ਹੈ।

Baljit Singh

This news is Content Editor Baljit Singh