ਡੇਰਾ ਮੁਖੀ ਮਾਮਲੇ ''ਚ ਪੰਜਾਬ-ਹਰਿਆਣਾ-ਚੰਡੀਗੜ੍ਹ ਦੀਆਂ ਹੱਦਾਂ ਸੀਲ (ਤਸਵੀਰਾਂ)

08/23/2017 4:11:32 PM

ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਖਿਲਾਫ ਚੱਲ ਰਹੇ ਸਾਧਵੀ ਸੈਕਸ ਸ਼ੋਸ਼ਣ ਮਾਮਲੇ 'ਚ 25 ਅਗਸਤ ਨੂੰ ਪੰਚਕੂਲਾ ਅਦਾਲਤ 'ਚ ਸੁਣਵਾਈ ਹੋਣੀ ਹੈ। ਇਸ ਨੂੰ ਮੁੱਖ ਰੱਖਦਿਆਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਫੈਸਲੇ ਵਾਲੇ ਦਿਨ ਡੇਰਾ ਸਮਰਥਕਾਂ ਦੇ ਸੰਭਾਵਿਤ ਪ੍ਰਦਰਸ਼ਨ ਨਾਲ ਨਜਿੱਠਣ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀ ਪੁਲਸ ਚੱਪੇ-ਚੱਪੇ 'ਤੇ ਤਾਇਨਾਤ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਪੰਚਕੂਲਾ 'ਚ ਡੇਰਾ ਸਮਰਥਕਾਂ ਦਾ ਪੁੱਜਣਾ ਸ਼ੁਰੂ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉੱਥੇ 65 ਹਜ਼ਾਰ ਸਮਰਥਕ ਪਹੁੰਚ ਚੁੱਕੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।
ਡਰੋਨ ਨਾਲ ਰੇਕੀ ਦੇ ਹੁਕਮ
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਹੱਦਾਂ ਨੂੰ ਸੀਲ ਕਰਕੇ ਧਾਰਾ-144 ਲਾ ਦਿੱਤੀ ਗਈ ਹੈ। ਹਾਲਾਤ 'ਤੇ ਨਜ਼ਰ ਰੱਖਣ ਲਈ ਡਰੋਨ ਅਤੇ ਹੈਲੀਕਾਪਟਰ ਨਾਲ ਰੇਕੀ ਦੇ ਹੁਕਮ ਦਿੱਤੇ ਗਏ ਹਨ। ਵਾਹਨਾਂ ਦੇ ਅੰਤਰਰਾਜੀ ਅਤੇ ਅੰਤਰ ਜ਼ਿਲਾ ਗਤੀਵਿਧੀਆਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਪੰਜਾਬ ਦੇ ਕਈ ਇਲਾਕੇ ਸੰਵੇਦਨਸ਼ੀਲ
ਪੰਜਾਬ ਦੇ ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਬਰਨਾਲਾ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ ਅਤੇ ਇੱਥੇ ਚੱਪੇ-ਚੱਪੇ 'ਤੇ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਹਰ ਸ਼ਹਿਰ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਲਈ ਕਰੀਬ 75 ਕੰਪਨੀਆਂ ਬਾਹਰ ਤੋਂ ਮੰਗਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਪੰਜਾਬ ਪੁਲਸ ਦੇ 11000 ਜਵਾਨ ਅਤੇ 50 ਕੰਪਨੀਆਂ ਪੀ. ਏ. ਪੀ. ਦੀਆਂ ਹਨ। ਜ਼ਿਕਰਯੋਗ ਹੈ ਕਿ ਮੋਗਾ ਅਤੇ ਇਸ ਦੇ ਆਸ-ਪਾਸ ਕਰੀਬ 5 ਡੇਰੇ ਹਨ ਅਤੇ ਕਰੀਬ 31 ਹਜ਼ਾਰ ਡੇਰਾ ਪ੍ਰੇਮੀ ਸਿਰਫ ਮੋਗਾ ਜ਼ਿਲੇ 'ਚ ਹੀ ਹਨ।