ਡੇਰਾ ਮੁਖੀ ਦੇ ਨਾਲ ਬਾਦਲ ਪਰਿਵਾਰ ਵੀ ਬਰਾਬਰ ਦਾ ਦੋਸ਼ੀ : ਬੈਂਸ

07/08/2020 2:22:42 AM

ਚੰਡੀਗੜ੍ਹ,(ਰਮਨਜੀਤ)- ਸਾਲ 2015 ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਅਤੇ ਬੇਅਦਬੀ ਮਾਮਲੇ ਵਿਚ ਬਲਾਤਕਾਰ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਨਾਮਜ਼ਦ ਕੀਤੇ ਜਾਣ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਧਾਰਾਵਾਂ ਵਿਚ ਵਾਧਾ ਕੀਤਾ ਜਾਵੇ ਤੇ ਨਾਲ ਹੀ ਸਾਜਿਸ਼ ਰਚਣ ਦੇ ਅਸਲੀ ਦੋਸ਼ੀਆਂ ਦੇ ਤੌਰ 'ਤੇ ਬਾਦਲਾਂ ਨੂੰ ਵੀ ਸ਼ਾਮਲ ਕੀਤਾ ਜਾਵੇ।

ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬੇਸ਼ੱਕ ਐੱਸ.ਆਈ.ਟੀ. ਵਲੋਂ ਸਾਲ 2015 ਵਿਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਜਿਲਾ ਫਰੀਦਕੋਟ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਅਤੇ ਬੇਅਦਬੀ ਮਾਮਲਿਆਂ ਵਿਚ ਸ਼ਾਮਲ ਦੋਸ਼ੀਆਂ ਵਿਚੋਂ ਕੁਝ ਇਕ ਨੂੰ ਗ੍ਰਿਫ਼ਤਾਰ ਤਾਂ ਕੀਤਾ ਹੈ ਪਰ ਅਜੇ ਵੀ ਬਣਦੀਆਂ ਧਾਰਾਵਾਂ ਨਹੀਂ ਲਗਾਈਆਂ ਗਈਆਂ। ਉਨ੍ਹ੍ਹਾਂ ਮੰਗ ਕੀਤੀ ਕਿ ਐਫਆਈਆਰ ਵਿੱਚ 107-108-109 (ਉਕਸਾਉਣ ਦੀ ਧਾਰਾ) 153 (ਦੰਗੇ ਭੜਕਾਉਣ ਦੀ), 120-ਬੀ (ਸਾਜਿਸ਼ ਰਚਣ) 307 (ਇਰਾਦਾ ਕਤਲ ) ਅਤੇ 506 ਧਾਰਾਵਾਂ ਦਾ ਵਾਧਾ ਕੀਤਾ ਜਾਵੇ। ਬੈਂਸ ਨੇ ਸਪੱਸ਼ਟ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਸਰੂਪ ਹਨ ਅਤੇ ਇਸ ਸਬੰਧੀ ਸੁਪਰੀਮ ਕੋਰਟ ਵਲੋਂ 29 ਮਾਰਚ, 2000 ਵਿਚ ਅਦਾਲਤ ਵਿਚ ਇਹ ਹੁਕਮ ਸੁਣਾਇਆ ਗਿਆ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਕ ਜਾਗਦੀ ਜੋਤ ਹਨ ਅਤੇ ਅਦਾਲਤ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਵਿੰਗ ਪਰਸਨ ਮੰਨਿਆ ਹੈ।

ਵਿਧਾਇਕ ਬੈਸ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਨ ਅਤੇ ਬੇਅਦਬੀ ਕਰਨ ਦੇ ਦਰਜ ਹੋਏ ਮਾਮਲੇ ਵਿਚ ਧਾਰਾ 307 ਦਾ ਵਾਧਾ ਹੋਣਾ ਬੇਹੱਦ ਜਰੂਰੀ ਹੈ। ਇਸ ਦੌਰਾਨ ਵਿਧਾਇਕ ਬੈਂਸ ਨੇ ਇਹ ਵੀ ਮੰਗ ਕੀਤੀ ਕਿ ਉਪਰੋਕਤ ਧਾਰਾਵਾਂ ਲਗਾਉਣ ਦੇ ਨਾਲ ਨਾਲ ਅਸਲ ਦੋਸ਼ੀਆਂ ਸਾਜਿਸ਼ ਰਚਣ ਵਾਲਿਆਂ ਵਿਚ ਸ਼ਾਮਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੂੰ ਵੀ ਦਰਜ ਹੋ ਚੁੱਕੇ ਮਾਮਲੇ ਵਿਚ ਧਾਰਾ 120 ਬੀ ਤਹਿਤ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਬੈਂਸ ਨੇ ਕਿਹਾ ਕਿ ਸਾਜਿਸ਼ ਤਹਿਤ ਹੀ ਬਾਦਲ ਟੋਲੇ ਵਲੋਂ ਡੇਰਾ ਮੁਖੀ ਨਾਲ ਰਲ ਕੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਹਿਲਾਂ ਚੋਰੀ ਕੀਤੇ ਗਏ ਅਤੇ ਬਾਅਦ ਵਿਚ ਬੇਅਦਬੀ ਕੀਤੀ ਗਈ। ਵਿਧਾਇਕ ਬੈਂਸ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜ ਵਾਰ ਸੂਬੇ ਦਾ ਮੁੱਖ ਮੰਤਰੀ ਬਣਾਇਆ ਪਰ ਆਪਣੀ ਸਰਕਾਰ ਨੂੰ ਪੰਥਕ ਸਰਕਾਰ ਅਖਵਾਉਣ ਵਾਲੇ ਬਾਦਲ ਪਰਿਵਾਰ ਦੇ ਸ਼ਾਸਨ ਕਾਲ ਦੌਰਾਨ ਹੀ ਸਭ ਤੋਂ ਵੱਧ ਸਿੱਖਾਂ ਦੀਆਂ ਭਾਵਨਾਵਾਂ ਨਾਲ ਹੀ ਖਿਲਵਾੜ ਕੀਤਾ ਗਿਆ। ਬੈਂਸ ਨੇ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਦੇ ਪਰਦੇ ਦੇ ਪਿੱਛੇ ਛਿਪੇ ਹੋਏ ਅਸਲ ਸਾਜਿਸ਼ ਕਾਰਾਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ 120 ਬੀ ਤਹਿਤ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ।

 


Deepak Kumar

Content Editor

Related News