ਲਾਂਘੇ 'ਤੇ 300 ਫੁੱਟ ਉੱਚਾ ਤਿਰੰਗਾ ਲਹਿਰਾਉਣ ਦੀ ਤਿਆਰੀ, ਜਾਣੋ ਇਸ ਦੀ ਖਾਸੀਅਤ

10/21/2019 5:09:35 PM

ਡੇਰਾ ਬਾਬਾ ਨਾਨਕ (ਵਤਨ) : ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਬਣ ਰਹੇ ਯਾਤਰੀ ਟਰਮੀਨਲ ਦੇ ਆਪਣੇ ਕੰਮ ਨੂੰ ਲੈਂਡ ਪੋਰਟ ਅਥਾਰਟੀ ਅੰਤਿਮ ਛੋਹਾਂ ਦੇਣ ਵਿਚ ਲੱਗੀ ਹੋਈ ਹੈ। ਲੈਂਡ ਪੋਰਟ ਅਥਾਰਟੀ ਦੇ ਚੇਅਰਮੈਨ ਗੋਵਿੰਦ ਮੋਹਨ ਅਨੁਸਾਰ ਕਰਤਾਰਪੁਰ ਸਾਹਿਬ ਕੋਰੀਡੋਰ 'ਤੇ ਬਣ ਰਹੇ ਟਰਮੀਨਲ ਦੀ ਦਿੱਖ ਅਤੇ ਸੁਵਿਧਾਵਾਂ ਹਵਾਈ ਅੱਡੇ ਵਰਗੀਆਂ ਹੋਣਗੀਆਂ ਅਤੇ ਇਹ ਦੇਸ਼ 'ਚ ਅਜਿਹਾ ਪਹਿਲਾਂ ਮਾਡਲ ਹੋਵੇਗਾ ਜੋ ਕਿ ਦੇਸ਼-ਵਿਦੇਸ਼ 'ਚ ਖਿੱਚ ਦਾ ਕੇਂਦਰ ਬਣੇਗਾ। ਲੈਂਡ ਪੋਰਟ ਅਥਾਰਟੀ ਵਲੋਂ ਇਸ ਨੂੰ ਹੋਰ ਦਿਲਖਿੱਚਵਾਂ ਬਨਾਉਣ ਲਈ ਇਸ ਟਰਮੀਨਲ 'ਚ 300 ਫੁੱਟ ਉੱਚਾ ਤਿਰੰਗਾ ਲਹਿਰਾਉਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਕਿ ਅੱਜ ਮੁਕੰਮਲ ਹੋ ਗਈ ਹੈ। 

ਇਸ 300 ਫੁੱਟ ਝੰਡੇ ਦਾ ਨਿਰਮਾਣ ਕਰ ਰਹੀ ਕਲਕੱਤਾ ਦੀ ਸਕਿਪਰ ਕੰਪਨੀ ਸੀਨੀਅਰ ਪ੍ਰੋਜੇਕਟ ਮੈਨੇਜਰ ਰੁਪੇਸ਼ ਰਾਜ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿਰੰਗੇ ਨੂੰ 300 ਫੁੱਟ ਉਪਰ ਲਹਿਰਾਇਆ ਜਾਵੇਗਾ। ਖਾਸ ਗੱਲ ਇਹ ਹੈ ਕਿ ਮੌਸਮ ਦੇ ਪੂਰੇ ਸਾਫ ਹੋਣ 'ਤੇ ਇਸ ਨੂੰ 5 ਕਿਲੋਮੀਟਰ ਦੂਰ ਤੋਂ ਵੀ ਵੇਖਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਤਿਰੰਗੇ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਸਪੈਸ਼ਲ ਨਾਈਲੋਨ ਨਾਲ ਬਣਾਇਆ ਗਿਆ  ਹੈ। ਉਨ੍ਹਾਂ ਅੱਗੇ ਦੱਸਿਆ ਕਿ ਝੰਡੇ ਨੂੰ ਸਪਾਰਕਿੰਗ ਲਾਈਟ ਦੇਣ ਲਈ ਇਸ ਦੇ ਪੋਲ ਤੋਂ 20 ਫੁੱਟ ਉਪਰ ਦੋ ਫਲੱਡ ਲਾਈਟਾਂ ਲਗਾਈਆਂ ਜਾਣਗੀਆਂ ਜੋ ਜਗਦੀਆਂ ਬੁੱਝਦੀਆਂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਵਾਹਗਾ ਬਾਰਡਰ, ਮੇਰਠ ਅਤੇ ਮਾਡਰਨ ਰੇਲ ਫੈਕਟਰੀ 'ਚ ਵੀ ਅਜਿਹੇ ਝੰਡੇ ਝੂਲ ਰਹੇ ਹਨ ਪਰ ਉਨ੍ਹਾਂ ਦੀ ਲੰਬਾਈ ਕ੍ਰਮਵਾਰ 360,380 ਅਤੇ 390 ਫੁੱਟ ਹੈ।  ਉਨ੍ਹਾਂ ਦੱਸਿਆ ਕਿ ਲੈਂਡ ਪੋਰਟ ਅਥਾਰਟੀ ਅਤੇ ਭਾਰਤ ਸਰਕਾਰ ਦੇ ਨਿਰਦੇਸ਼ਾਂ 'ਤੇ ਹੀ ਇਸ ਝੰਡੇ ਨੂੰ ਲਹਿਰਾਇਆ ਜਾਵੇਗਾ।
 

Baljeet Kaur

This news is Content Editor Baljeet Kaur