ਤਿਰੰਗੇ ਦੇ ਰੰਗ 'ਚ ਰੰਗੀਆਂ ਗੁਰੂ ਨਾਨਕ ਦੇ ਦਰ 'ਤੇ ਜਾਣ ਵਾਲੀਆਂ ਰਾਹਾਂ

10/22/2019 2:08:34 PM

ਡੇਰਾ ਬਾਬਾ ਨਾਨਕ (ਵਤਨ) - ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਖੁੱਲ੍ਹਣ ਲਈ ਭਾਰਤ ਅਤੇ ਪਾਕਿਸਤਾਨ 'ਚ ਅੱਜ ਲਿਖਤੀ ਤੌਰ 'ਤੇ ਸਮਝੌਤਾ ਹੋਣ ਜਾ ਰਿਹਾ ਹੈ। ਅਜਿਹਾ ਹੋਣ ਨਾਲ ਗੁ. ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬਾਕਾਇਦਾ ਤੌਰ 'ਤੇ ਖੁੱਲ ਜਾਵੇਗਾ, ਜਿਸ ਨਾਲ 70 ਸਾਲਾਂ ਤੋਂ ਆਪਣੇ ਇਸ ਗੁਰਧਾਮ ਜਿਥੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕੀਤੀ ਅਅਤੇ ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਜੀ ਦੇ ਤੌਰ 'ਤੇ ਗੁਰਗੱਦੀ ਸੌਂਪੀ, ਦੇ ਸੰਗਤਾਂ ਨੂੰ ਦਰਸ਼ਨ ਦੀਦਾਰ ਹੋ ਸਕਣਗੇ। ਜਾਣਕਾਰੀ ਅਨੁਸਾਰ ਕਰਤਾਰਪੁਰ ਸਾਹਿਬ ਲਾਂਘੇ ਦੇ ਦਰਸ਼ਨਾਂ ਲਈ ਨਵੰਬਰ ਮਹੀਨੇ 'ਚ ਹੋਣ ਵਾਲੀ ਸ਼ੁਰੂਆਤ ਦੇ ਮੱਦੇਨਜ਼ਰ ਕੇਂਦਰ ਤੇ ਪੰਜਾਬ ਸਰਕਾਰ ਆਪੋ ਆਪਣੇ ਖੇਤਰਾਂ 'ਚ ਦਿਨ ਰਾਤ ਕੰਮ ਕਰ ਰਹੀ ਹੈ ਤਾਂ ਕਿ ਬਾਬੇ ਦੇ ਦਰ ਜਾਣ ਵਾਲੀਆਂ ਸੰਗਤਾਂ ਨੂੰ ਕਿਸੇ ਤਰਾਂ ਦੀ ਮੁਸ਼ਕਲ ਨਾ ਆਵੇ। ਇਸ ਦੌਰਾਨ ਉਨ੍ਹਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

ਭਾਰਤ ਸਰਕਾਰ ਨੂੰ ਪਤਾ ਹੈ ਕਿ ਲਾਂਘੇ ਦੇ ਦਰਸ਼ਨ ਕਰਨ ਲਈ ਦੇਸ਼-ਵਿਦੇਸ਼ ਤੋਂ ਸੰਗਤ ਆਉਣਾ ਚਾਹੁੰਦੀ ਹੈ, ਜਿਨ੍ਹਾਂ ਨੂੰ ਸਹੂਲਤਾਂ ਵੀ ਉਸ ਮਿਆਰ ਦੀਆਂ ਹੀ ਪ੍ਰਦਾਨ ਕੀਤੀਆਂ ਜਾਣੀਆਂ ਜ਼ਰੂਰੀ ਹਨ। ਕਰਤਾਰਪੁਰ ਸਾਹਿਬ ਕੋਰੀਡੋਰ ਦੇ ਯਾਤਰੀ ਟਰਮੀਨਲ ਤੱਕ ਪਹੁੰਚਾਣ ਵਾਲੇ ਚਹੁੰ ਮਾਰਗੀ ਨੈਸ਼ਨਲ ਹਾਈਵੇ ਨੂੰ ਸਜਾਉਣ ਦਾ ਕੰਮ ਦਿਨ ਰਾਤ ਚੱਲ ਰਿਹਾ ਹੈ। ਫੁੱਟ ਪਾਥਾਂ 'ਤੇ ਰੰਗ ਰੋਗਨ ਕੀਤਾ ਜਾ ਰਿਹਾ ਹੈ। ਇਸ ਚਹੁੰ ਮਾਰਗੀ ਸੜਕ ਦੇ ਕਿਨਾਰਿਆਂ 'ਤੇ ਬੜੇ ਹੀ ਸੁੰਦਰ ਪਿੱਲਰ ਲਗਾਏ ਜਾ ਰਹੇ ਹਨ, ਜਿਨਾਂ 'ਤੇ 3 ਵੱਖੋ-ਵੱਖਰੇ ਰੰਗ ਕੀਤੇ ਜਾ ਰਹੇ ਹਨ, ਜਿਸ ਨਾਲ ਬਾਬੇ ਦੇ ਦਰ ਨੂੰ ਜਾਂਦਾ ਰਾਹ ਹੋਰ ਵੀ ਸੁੰਦਰ ਦਿਖਾਈ ਦੇਣ ਲੱਗ ਪਿਆ ਹੈ। ਦੱਸ ਦੇਈਏ ਕਿ ਇਸ ਮਾਰਗ 'ਤੇ ਲਗਾਏ ਗਏ ਰੁੱਖਾਂ 'ਤੇ ਵੀ ਤਿਰੰਗੇ ਵਰਗਾ ਰੰਗ ਕੀਤਾ ਗਿਆ ਹੈ।

ਨੈਸ਼ਨਲ ਹਾਈਵੇਅ ਵਲੋਂ ਇਸ ਸੜਕ ਦੇ ਵਿਚਕਾਰ ਬਿਜਲੀ ਦੇ ਖੰਬੇ ਲਗਾ ਦਿੱਤੇ ਗਏ ਹਨ, ਜਿਸ ਦੀ ਬਿਜਲੀ ਦਾ ਕੁਨਕੇਸ਼ਨ ਸਿਰਫ ਚਾਲੂ ਕਰਨਾ ਹੀ ਬਾਕੀ ਹੈ। ਇਸ ਤੋਂ ਇਲਾਵਾ ਇਸ ਮਾਰਗ ਦੇ ਨਾਲ ਬਣੀ ਸਰਵਿਸ ਰੋਡ ਨੂੰ ਕੁਝ ਸਥਾਨਾਂ ਤੋਂ ਛੱਡ ਕੇ ਬਾਕੀ ਦੀ ਸੜਕ 'ਤੇ ਪ੍ਰੀਮਿਕਸ ਪਾ ਦਿੱਤੀ ਗਈ ਹੈ, ਜਿਸ ਰਾਹੀਂ ਇਸ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

rajwinder kaur

This news is Content Editor rajwinder kaur