ਡੇਰਾ ਬਾਬਾ ਨਾਨਕ : ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਰਵਾਇਤੀ ਬਰਤਨਾਂ 'ਚ ਛਕਾਇਆ ਜਾਵੇਗਾ ਲੰਗਰ

10/20/2019 12:08:39 PM

ਡੇਰਾ ਬਾਬਾ ਨਾਨਕ (ਵਤਨ) :ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਵਸੇ ਅਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਦੋਹਰਾ ਚਾਅ-ਚੜ੍ਹਿਆ ਹੋਇਆ ਹੈ। ਡੇਰਾ ਬਾਬਾ ਨਾਨਕ ਦੇ ਲੋਕ ਜਿਥੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ, ਉਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਮੌਕੇ ਦੂਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਦੇ ਸਵਾਗਤ ਲਈ ਪ੍ਰਸ਼ਾਸਨ ਦੇ ਨਾਲ-ਨਾਲ ਖੁਦ ਵੀ ਪ੍ਰਬੰਧਾਂ 'ਚ ਲੱਗੇ ਹੋਏ ਹਨ। ਇਨ੍ਹਾਂ ਸਮਾਗਮਾਂ ਸਬੰਧੀ ਜ਼ਿਲਾ ਪ੍ਰਸ਼ਾਸਨ ਕਾਫੀ ਸਮੇਂ ਤੋਂ ਪਲਾਨਿੰਗ ਕਰਨ ਵਿਚ ਲੱਗਾ ਹੋਇਆ ਹੈ ਅਤੇ ਕਈ ਮੀਟਿੰਗਾਂ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਇਹ ਫੈਸਲਾ ਕੀਤਾ ਹੈ ਕਿ ਕਸਬਾ ਡੇਰਾ ਬਾਬਾ ਨਾਨਕ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿਚ ਜਿਥੇ ਸੰਗਤਾਂ ਵਲੋਂ ਇਸ ਧਰਤੀ ਨੂੰ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਲਈ ਜਿਹੜੇ ਲੰਗਰ ਲਗਾਏ ਜਾਣਗੇ, ਉਨ੍ਹਾਂ ਵਿਚ ਸਿਫਰ ਰਵਾਇਤੀ ਬਰਤਨਾਂ ਦੀ ਹੀ ਵਰਤੋਂ ਕੀਤੀ ਜਾਵੇਗੀ, ਭਾਵ ਲੰਗਰ ਸਟੀਲ ਦੇ ਬਰਤਨਾਂ ਵਿਚ ਜਾਂ ਫਿਰ ਪਿੱਤਲਾਂ 'ਤੇ ਲੰਗਰ ਵਰਤਾਇਆ ਜਾਵੇਗਾ । ਲੰਗਰਾਂ ਵਿਚ ਕਿਸੇ ਵੀ ਤਰ੍ਹਾਂ ਦਾ ਡਿਸਪੋਜ਼ੇਬਲ ਬਰਤਨ ਨਹੀਂ ਵਰਤਿਆ ਜਾਵੇਗਾ। ਇਥੋਂ ਤੱਕ ਕਿ ਪਾਣੀ ਵੀ ਬੰਦ ਬੋਤਲਾਂ ਦੀ ਬਜਾਏ ਸਟੀਲ ਦੇ ਗਲਾਸਾਂ ਆਦਿ ਵਿਚ ਹੀ ਮਿਲੇਗਾ। ਇਸ ਤੋਂ ਇਲਾਵਾ ਜਿਹੜੀਆਂ ਵੀ ਧਾਰਮਕ, ਸਿਆਸੀ ਜਾਂ ਸਮਾਜ ਸੇਵੀ ਸੰਸਥਾਵਾਂ ਨੇ ਲੰਗਰ ਲਗਾਉਣੇ ਹਨ, ਉਨ੍ਹਾਂ ਦੀ ਇਜਾਜ਼ਤ ਲਿਖਤੀ ਤੌਰ 'ਤੇ ਪ੍ਰਸ਼ਾਸਨ ਕੋਲੋਂ ਲੈਣੀ ਪਵੇਗੀ ਅਤੇ ਸਿਰਫ ਨਿਰਧਾਰਤ ਥਾਵਾਂ 'ਤੇ ਹੀ ਲੰਗਰਾਂ ਦਾ ਆਯੋਜਨ ਹੋਵੇਗਾ।

ਜ਼ਿਲਾ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਗੁਰੂ ਜੀ ਵਲੋਂ ਵਾਤਾਵਰਣ ਨੂੰ ਬਚਾਉਣ ਦੇ ਸੰਦੇਸ਼ ਦੀ ਪਾਲਣ ਕਰਨਾ ਉਨ੍ਹਾਂ ਦੇ ਪ੍ਰਕਾਸ਼ ਪੁਰਬ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਜਿਸ ਤਰ੍ਹਾਂ ਅੱਜ ਤੋਂ ਕੁਝ ਸਾਲ ਪਹਿਲਾਂ ਲੰਗਰ ਪੰਗਤਾਂ ਵਿਚ ਸਟੀਲ ਦੇ ਭਾਂਡਿਆਂ ਵਿਚ ਲਗਦੇ ਸਨ, ਉਸੇ ਤਰ੍ਹਾਂ ਸੰਗਤ ਹੁਣ ਵੀ ਪੰਗਤ ਵਿਚ ਬੈਠ ਕੇ ਇਨ੍ਹਾਂ ਭਾਂਡਿਆਂ ਵਿਚ ਲੰਗਰ ਛਕੇ। ਇਸ ਤੋਂ ਇਲਾਵਾ ਜਿਨ੍ਹਾਂ ਸਥਾਨਾਂ 'ਤੇ ਲੰਗਰ ਲੱਗਣੇ ਹਨ, ਉਨ੍ਹਾਂ ਸਥਾਨਾਂ 'ਤੇ ਪਾਣੀ ਦੀ ਸਹੂਲਤ ਵੀ ਪ੍ਰਸ਼ਾਸਨ ਹੀ ਕਰਵਾਏਗਾ। ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਸੰਗਤਾਂ ਨੂੰ ਦੋ ਹੈਲਪਲਾਈਨ ਨੰਬਰਾਂ ਦੀ ਸਹੂਲਤ ਵੀ ਦੇਣ ਜਾ ਰਿਹਾ ਹੈ, ਜਿਸ ਰਾਹੀਂ ਜੇਕਰ ਕਿਸੇ ਨੂੰ ਕੋਈ ਮੁਸ਼ਕਲ ਆਵੇ ਤਾਂ ਉਹ ਪ੍ਰਸ਼ਾਸਨ ਕੋਲੋਂ ਸਹਾਇਤਾ ਪ੍ਰਾਪਤ ਕਰ ਸਕਦਾ ਹੈ।

ਜ਼ਿਲਾ ਪ੍ਰਸ਼ਾਸਨ ਵਲੋਂ ਕਸਬੇ ਦੇ ਵੱਖ-ਵੱਖ ਸਥਾਨਾਂ 'ਤੇ 40 ਦੇ ਕਰੀਬ ਮਿੰਨੀ ਬੱਸਾਂ ਵੀ ਖੜ੍ਹੀਆਂ ਕੀਤੀਆਂ ਜਾਣੀਆਂ ਹਨ ਤਾਂ ਕਿ ਸੰਗਤ ਮੁਫਤ ਉਨ੍ਹਾਂ ਵਿਚ ਬੈਠ ਕੇ ਵੱਖ-ਵੱਖ ਗੁਰੂ ਘਰਾਂ ਦੇ ਦਰਸ਼ਨ ਕਰ ਸਕੇ। ਸ਼ਤਾਬਦੀ ਸਮਾਗਮਾਂ ਵਿਚ ਕਿਉਂਕਿ ਲੱਖਾਂ ਦੀ ਗਿਣਤੀ ਵਿਚ ਸੰਗਤ ਡੇਰਾ ਬਾਬਾ ਨਾਨਕ ਪਹੁੰਚਣੀ ਹੈ, ਇਸ ਲਈ ਪ੍ਰਸ਼ਾਸਨ ਆਉਣ ਵਾਲੀਆਂ ਸੰਗਤਾਂ ਨੂੰ ਵਧੀਆ ਮੋਬਾਈਲ ਨੈੱਟਵਰਕ ਵੀ ਮੁਹੱਈਆ ਕਰਵਾਉਣ ਦੇ ਉਪਰਾਲੇ ਕਰ ਰਿਹਾ ਹੈ ਕਿਉਂਕਿ ਮੌਜੂਦਾ ਮੋਬਾਈਲ ਟਾਵਰਾਂ ਦੀ ਜ਼ਿਆਦਾ ਸਮਰਥਾ ਨਹੀਂ ਹੈ ਅਤੇ ਵੱਧ ਗਿਣਤੀ ਵਿਚ ਸੰਗਤਾਂ ਕਾਰਣ ਮੋਬਾਈਲ ਨੈੱਟਵਰਕ ਵੀਕ ਹੋ ਜਾਂਦਾ ਹੈ।

ਡਿਪਟੀ ਕਮਿਸ਼ਨਰ ਨੇ ਸਮਾਗਮਾਂ ਸਬੰਧੀ ਚੱਲ ਰਹੇ ਕਾਰਜ਼ਾਂ ਦੀ ਕੀਤੀ ਸਮੀਖਿਆ
ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਨੇ ਕਸਬੇ ਦੇ ਬਾਹਰ ਬਣ ਰਹੀ ਟੈਂਟ ਸਿਟੀ ਵਿਚ ਸ਼ਤਾਬਦੀ ਸਮਾਗਮਾਂ ਨਾਲ ਸਬੰਧਤ ਜ਼ਿਲੇ ਦੇ ਸਾਰੇ ਹੀ ਵਿਭਾਗਾਂ ਦੀ ਮੀਟਿੰਗ ਕੀਤੀ ਅਤੇ ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਵੱਲੋਂ ਸ਼ਤਾਬਦੀ ਸਮਾਗਮਾਂ ਨਾਲ ਸਬੰਧਤ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਹਰ ਵਿਭਾਗ ਨੂੰ ਦਿੱਤੀ ਗਈ ਜ਼ਿੰਮੇਵਾਰੀ ਸਬੰਧੀ ਰਿਪੋਰਟ ਵੀ ਮੰਗੀ। ਉਨ੍ਹਾਂ ਦੱਸਿਆ ਕਿ 24 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਵਿਖੇ ਸ਼ਤਾਬਦੀ ਸਮਾਗਮਾਂ ਅਤੇ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਆ ਰਹੇ ਹਨ, ਇਸ ਲਈ ਇਨ੍ਹਾਂ ਸਮਾਗਮਾਂ ਨਾਲ ਸਬੰਧਤ ਕੰਮਾਂ ਦੇ ਪਹਿਲੇ ਪੜਾਅ ਦਾ ਮੁਕੰਮਲ ਹੋਣਾ ਲਾਜ਼ਮੀ ਹੈ। ਉਨ੍ਹਾਂ ਯਾਤਰੀਆਂ ਲਈ ਬਣ ਰਹੀ ਟੈਂਟ ਸਿਟੀ ਦੇ ਪ੍ਰਬੰਧਕਾਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਮੁੱਖ ਮੰਤਰੀ ਦੀ ਫੇਰੀ ਤੱਕ ਟੈਂਟ ਸਿਟੀ ਦਾ ਇਕ ਸੈੱਟ ਤਿਆਰ ਕਰ ਕੇ ਰੱਖਣ ਅਤੇ ਇਸ ਨੂੰ ਤਸਵੀਰਾਂ ਰਾਹੀਂ ਬਣਾ ਕੇ ਵਿਖਾਇਆ ਜਾਵੇ ਤਾਂ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟੈਂਟ ਸਿਟੀ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ। ਇਸ ਤੋਂ ਇਲਾਵਾ ਆਫਲਾਈਨ ਬੁਕਿੰਗ ਦੇ ਨਾਲ-ਨਾਲ ਆਨਲਾਈਨ ਬੁਕਿੰਗ ਲਈ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਜਾਵੇ।


Baljeet Kaur

Content Editor

Related News