ਕੁਲਦੀਪ ਸਿੰਘ ਵਡਾਲਾ ਮਾਰਗ ਕੈਬਨਿਟ ਮੰਤਰੀ ਰੰਧਾਵਾ ਨੇ ਕੀਤਾ ਲੋਕ ਅਰਪਣ

11/07/2019 4:36:44 PM

ਡੇਰਾ ਬਾਬਾ ਨਾਨਕ (ਵਤਨ/ਕੰਵਲਜੀਤ) : ਡੇਰਾ ਬਾਬਾ ਨਾਨਕ ਤੋਂ ਅਪ੍ਰੈਲ 2001 'ਚ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਮਰਹੂਮ ਕੁਲਦੀਪ ਸਿੰਘ ਵਡਾਲਾ ਦੀ ਯਾਦ 'ਚ ਅੱਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮਰਹੂਮ ਕੁਲਦੀਪ ਸਿੰਘ ਵਡਾਲਾ ਦੇ ਸਪੁੱਤਰ ਅਤੇ ਨਕੋਦਰ ਤੋਂ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਸਾਂਝੇ ਤੌਰ 'ਤੇ ਕੁਲਦੀਪ ਸਿੰਘ ਵਡਾਲਾ ਮਾਰਗ ਲੋਕਾਂ ਨੂੰ ਅਰਪਣ ਕਰ ਦਿੱਤਾ ਗਿਆ। ਇਹ ਉਹ ਮਾਰਗ ਹੈ ਜਿਸ ਰਾਹੀਂ ਜਥੇ. ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਾਲੀ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਵਲੋਂ ਕਰਤਾਰਪੁਰ ਸਾਹਿਬ ਦੇ ਬਿਨਾਂ ਪਾਸਪੋਰਟ ਅਤੇ ਵੀਜ਼ੇ ਦੀ ਮੰਗ ਨੂੰ ਲੈ ਕੇ ਅਰਦਾਸ ਮੁਹਿੰਮ ਸ਼ੁਰੂ ਕੀਤੀ ਗਈ ਸੀ। ਸੁਖਜਿੰਦਰ ਸਿੰਘ ਰੰਧਾਵਾ ਵਲੋਂ 2002 'ਚ ਵਿਧਾਇਕ ਬਨਣ 'ਤੇ ਇਸ ਕੱਚੇ ਰਸਤੇ ਦੀ ਨਿਸ਼ਾਨਦੇਹੀ ਕਰਵਾ ਕੇ ਪੁਰਾਣੇ ਧੁੱਸੀ ਬੰਨ੍ਹ ਤੱਕ ਸੜਕ ਦਾ ਨਿਰਮਾਣ ਕਰਵਾਇਆ ਗਿਆ ਸੀ ਅਤੇ ਹੁਣ ਇਸ ਸੜਕ ਨੂੰ ਕਰਤਾਰਪੁਰ ਮਾਰਗ ਬਨਣ ਕਾਰਨ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਐਲਾਨ ਕੀਤਾ ਗਿਆ ਸੀ ਇਸ ਸੜਕ ਨੂੰ ਕਰਤਾਪੁਰ ਸਾਹਿਬ ਰੋਡ ਨਾਲ ਜੋੜਿਆ ਜਾਵੇਗਾ ਅਤੇ ਇਸ ਸੜਕ ਦਾ ਨਾਂ ਜਥੇ. ਕੁਲਦੀਪ ਸਿੰਘ ਵਡਾਲਾ ਮਾਰਗ ਰੱਖਿਆ ਜਾਵੇਗਾ। ਜਿਸ ਦਾ ਅੱਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੰਸਥਾ ਦੇ ਮੁੱਖੀ ਤੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਸਾਂਝੇ ਤੌਰ ਤੇ ਉਦਘਾਟਨ ਕੀਤਾ ਗਿਆ ਹੈ।

ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਥੇ. ਵਡਾਲਾ ਅਤੇ ਉਨ੍ਹਾਂ ਦੀ ਸੰਸਥਾ ਵਲੋਂ ਕੀਤੇ ਇਸ ਉਪਰਾਲੇ ਨੂੰ ਸਿੱਖ ਜਗਤ ਹਮੇਸ਼ਾਂ ਯਾਦ ਰੱਖੇਗਾ। ਉਨ੍ਹਾਂ ਦੀਆਂ ਅਰਦਾਸਾਂ ਅਤੇ ਯੋਗਦਾਨ ਦੀ ਬਦੌਲਤ ਹੀ ਅੱਜ ਕਰਤਾਪੁਰ ਸਾਹਿਬ ਦਾ ਲਾਂਘਾ ਖੁੱਲਣ ਜਾ ਰਿਹਾ ਹੈ ਅਤੇ ਲਾਂਘਾ ਖੁੱਲਣ ਨਾਲ ਸਿੱਖ ਸੰਗਤ ਆਪਣੇ ਤੋਂ ਵਿਛੜੇ ਗੁਰਧਾਮ ਦੇ ਦਰਸ਼ਨ ਦੀਦਾਰ ਕਰ ਸਕੇਗੀ। ਇਸ ਮੌਕੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੰਗਤਾਂ ਨੂੰ ਕਰਤਾਰਪੁਰ ਸਾਬਿ ਦੇ ਲਾਂਘੇ ਲਈ ਸੰਗਤ ਨੂੰ ਵਧਾਈ ਦਿੱਤੀ ਅਤੇ ਸੰਸਥਾ ਵਲੋਂ ਕੀਤੇ ਸੰਘਰਸ਼ ਸਬੰਧੀ ਵਿਸਥਾਰ ਨਾਲ ਦੱਸਿਆ। ਇਸ ਮੌਕੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ, ਜਸਬੀਰ ਸਿੰਘ ਜਫਰਵਾਲ, ਨਿਰਮਲ ਸਿੰਘ ਸਾਗਰਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।

Baljeet Kaur

This news is Content Editor Baljeet Kaur