ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

08/27/2017 6:22:15 AM

ਫਗਵਾੜਾ, (ਹਰਜੋਤ)- ਬਾਬਾ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ ਚੌਕਸੀ ਵਰਤਣ ਲਈ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਮੁਹੰਮਦ ਤਈਅਬ ਤੇ ਐੱਸ. ਐੱਸ. ਪੀ. ਸੰਦੀਪ ਕੁਮਾਰ ਸ਼ਰਮਾ ਨੇ ਅੱਜ ਸ਼ਹਿਰ 'ਚ ਅਮਨ-ਸ਼ਾਂਤੀ ਦਾ ਜਾਇਜ਼ਾ ਲਿਆ ਤੇ ਕਈ ਪੁਲਸ ਨਾਕੇ ਵੀ ਜਾ ਕੇ ਚੈਕ ਕੀਤੇ ਅਤੇ ਤਸੱਲੀ ਪ੍ਰਗਟਾਈ। ਇਸ ਮੌਕੇ ਉਨ੍ਹਾਂ ਰੇਲਵੇ ਸਟੇਸ਼ਨ, ਹਦੀਆਬਾਦ, ਸ਼ੂਗਰ ਮਿੱਲ ਚੌਕ, ਵਿਜ ਪੈਲੇਸ, ਸੁਭਾਸ਼ ਨਗਰ, ਪੇਪਰ ਚੌਕ, ਹੁਸ਼ਿਆਰਪੁਰ ਚੌਕ, ਭੁੱਲਾਰਾਈ ਚੌਕ, ਮੇਹਟਾਂ ਬਾਈਪਾਸ 'ਤੇ ਲੱਗੇ ਨਾਕੇ ਖਾਸ ਤੌਰ 'ਤੇ ਚੈਕ ਕੀਤੇ ਅਤੇ ਲੋਕਾਂ ਨੂੰ ਅਮਨ-ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।  ਐੱਸ. ਡੀ. ਐੱਮ. ਜੋਤੀ ਬਾਲਾ ਨੇ ਦੱਸਿਆ ਕਿ ਸ਼ਹਿਰ 'ਚ ਅਮਨ-ਸ਼ਾਂਤੀ ਪੂਰੀ ਤਰ੍ਹਾਂ ਕਾਇਮ ਹੈ। ਹਰ ਐੱਸ. ਐੱਚ. ਓ. ਨਾਲ ਤਿੰਨ-ਤਿੰਨ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤੇ ਹੋਏ ਹਨ। ਅੱਜ ਲੋਕਾਂ 'ਚ ਕਿਸੇ ਕਿਸਮ ਦਾ ਡਰ ਭੈਅ ਨਹੀਂ ਸੀ। ਬਾਜ਼ਾਰ ਆਮ ਦੀ ਤਰ੍ਹਾਂ ਖੁੱਲ੍ਹੇ ਰਹੇ ਅਤੇ ਲੋਕ ਖਰੀਦੋ-ਫ਼ਰੋਖਤ ਕਰਦੇ ਰਹੇ। ਪੁਲਸ ਵਲੋਂ ਸ਼ਹਿਰ 'ਚ ਘੋੜ ਸਵਾਰ ਤੇ ਫੋਰਸ ਦਾ ਮਾਰਚ ਵੀ ਜਾਰੀ ਰਿਹਾ। ਇਸ ਮੌਕੇ ਐੱਸ. ਐੱਸ. ਪੀ. ਸੰਦੀਪ ਕੁਮਾਰ ਸ਼ਰਮਾ, ਐੱਸ. ਪੀ. ਪਰਮਿੰਦਰ ਸਿੰਘ, ਟ੍ਰੈਫਿਕ ਇੰਚਾਰਜ ਸੁੱਚਾ ਸਿੰਘ, ਤਹਿਸੀਲਦਾਰ ਇੰਦਰਦੇਵ ਸਿੰਘ, ਨਾਇਬ ਤਹਿਸੀਲਦਾਰ ਸਵਪਨਦੀਪ ਕੌਰ ਵੀ ਸ਼ਾਮਲ ਸਨ।