ਡਿਪਟੀ ਕਮਿਸ਼ਨਰ ਨੇ ਸਿੱਖਿਆ ਪ੍ਰਸਾਰ ਲਈ ਆਰੰਭਿਆ ਇਕ ਹੋਰ ਪ੍ਰਾਜੈਕਟ

01/18/2018 2:22:45 PM


ਫਾਜ਼ਿਲਕਾ (ਨਾਗਪਾਲ, ਲੀਲਾਧਰ) - ਪ੍ਰੀਤੀ ਅਤੇ ਪੂਜਾ ਦਾ ਸੁਪਨਾ ਡਾਕਟਰ ਬਣਨ ਦਾ ਹੈ, ਜਦਕਿ ਰੀਮਾ ਹਿੰਦੀ ਅਧਿਆਪਕ ਬਣਨਾ ਲੋਚਦੀ ਹੈ ਪਰ ਜਿਸ ਤਰ੍ਹਾਂ ਦੇ ਮਾਹੌਲ 'ਚ ਉਨ੍ਹਾਂ ਦਾ ਬਚਪਨ ਬੀਤ ਰਿਹਾ ਹੈ, ਉਸ ਨੂੰ ਵੇਖ ਕੇ ਉਨ੍ਹਾਂ ਦੇ ਮੈਟ੍ਰਿਕ ਪਾਸ ਕਰਨਾ ਵੱਡੀ ਗੱਲ ਹੈ। ਹੁਣ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਇਨ੍ਹਾਂ ਹਨੇਰਿਆਂ 'ਚ ਰਹਿ ਰਹੀਆਂ ਛੋਟੀਆਂ ਜ਼ਿੰਦਾਂ ਦੇ ਵੱਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਕ ਨਵੀਂ ਪਹਿਲ ਕਦਮੀ ਕੀਤੀ ਹੈ। ਉਨ੍ਹਾਂ ਦੇ ਇਸ ਪ੍ਰਾਜੈਕਟ ਨਾਲ ਰਮਨ ਖੁਰਾਣਾ ਵਰਗੇ ਕੁਝ ਅਧਿਆਪਕਾਂ ਨੇ ਵੀ ਅੱਗੇ ਆ ਕੇ ਯੋਗਦਾਨ ਪਾਉਣ ਦਾ ਤੈਅ ਕਰ ਲਿਆ ਹੈ। 
ਝੁਗੀਆਂ-ਝੌਂਪੜੀਆਂ 'ਚ ਰਹਿਣ ਵਾਲੇ ਪਰਿਵਾਰਾਂ ਦੇ ਬੱਚਿਆਂ ਲਈ ਇਸ ਨਵੇਂ ਸਾਲ ਦੀ ਪਹਿਲੀ ਤਾਰੀਖ ਤੋਂ ਇਕ ਆਸ ਦੀ ਨਵੀਂ ਕਿਰਨ ਰੌਸ਼ਨ ਹੋਈ ਹੈ। ਫਾਜ਼ਿਲਕਾ ਦੀ ਅਨਾਜ ਮੰਡੀ 'ਚ ਅਜਿਹੇ ਬੱਚਿਆਂ ਲਈ ਹਰ ਰੋਜ਼ ਦੁਪਹਿਰ 3:30 ਤੋਂ ਸ਼ਾਮ 5 ਵਜੇ ਤੱਕ ਇਕ ਨਿਵੇਕਲਾ ਸਕੂਲ ਚਲਦਾ ਹੈ, ਜਿਥੇ ਰਮਨ ਖੁਰਾਣਾ ਅਤੇ ਉਨ੍ਹਾਂ ਦੇ ਕੁਝ ਸਾਥੀ ਅਧਿਆਪਕ ਅਤੇ ਬੀ. ਐੱਡ ਕਰ ਰਹੇ ਸਿਖਾਂਦਰੂ ਅਧਿਆਪਕ ਇਨ੍ਹਾਂ ਬੱਚਿਆਂ ਦੇ ਵੱਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੂੰ ਪੜ੍ਹਾਉਂਦੇ ਹਨ। 
ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੇ ਪਰਿਵਾਰਾਂ 'ਚ ਸਿੱਖਿਆ ਲਈ ਕੋਈ ਸਾਰਥਕ ਮਾਹੌਲ ਨਹੀਂ ਮਿਲਦਾ ਕਿਉਂਕਿ ਇਨ੍ਹਾਂ ਦੇ ਘਰਾਂ 'ਚ ਕੋਈ ਪੜ੍ਹਿਆ-ਲਿਖਿਆ ਨਹੀਂ ਹੈ। ਇਸ ਲਈ ਇਹ ਬੱਚੇ ਜਦ ਸਕੂਲ ਤੋਂ ਘਰ ਆਉਂਦੇ ਹਨ ਤਾਂ ਫਿਰ ਇਨ੍ਹਾਂ ਨੂੰ ਪੜ੍ਹਾਈ ਲਈ ਮਾਹੌਲ ਨਹੀਂ ਮਿਲਦਾ। ਇਨ੍ਹਾਂ ਨੂੰ ਪੜ੍ਹਾਈ ਲਈ ਸਾਰਥਕ ਮਾਹੌਲ ਮੁਹੱਈਆ ਕਰਵਾਉਣ ਵਾਸਤੇ ਉਕਤ ਸਮੇਂ 'ਤੇ ਇਹ ਸਕੂਲ ਚਲਾਇਆ ਜਾਂਦਾ ਹੈ। ਇਥੇ ਬੱਚਿਆਂ ਨੂੰ ਖੇਡ ਵਿਧੀ ਨਾਲ ਪੜ੍ਹਾਉਣ ਦੇ ਨਾਲ-ਨਾਲ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਬੱਚਿਆਂ ਨਾਲ ਕੁਝ ਸਮਾਂ ਬਿਤਾਇਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜ਼ਿਲਾ ਪ੍ਰਸ਼ਾਸਨ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਹੁੰਦਾ ਵੇਖਣ ਲਈ ਹਰ ਮਦਦ ਕਰੇਗਾ। ਉਨ੍ਹਾਂ ਇਨ੍ਹਾਂ ਬੱਚਿਆਂ ਨੂੰ ਸਾਦਕੀ ਬਾਰਡਰ 'ਤੇ ਰੀਟਰੀਟ ਦੀ ਰਸਮ ਵਿਖਾਉਣ ਦਾ ਐਲਾਨ ਕੀਤਾ ਅਤੇ ਇਨ੍ਹਾਂ ਦੀਆਂ ਕਲਾਤਮਕ ਰੁਚੀਆਂ ਦੇ ਪ੍ਰਗਟਾਵੇ ਲਈ ਚਿੱਤਰ ਕਲਾ ਸਬੰਧੀ ਸਮੱਗਰੀ ਮੁਹੱਈਆ ਕਰਵਾਉਣ ਦੀ ਗੱਲ ਕਹੀ।