ਮਾਨਸਿਕ ਬੀਮਾਰੀ ਤੋਂ ਰਿਕਵਰ ਹੋਏ ਮਰੀਜ਼ਾਂ ਲਈ ਬਣੇਗਾ ''ਚੰਡੀਗੜ੍ਹ'' ''ਚ ਆਸ਼ਰਮ

11/28/2018 1:36:20 PM

ਚੰਡੀਗੜ੍ਹ (ਸਾਜਨ) : ਚੰਡੀਗੜ੍ਹ 'ਚ ਜੋ ਮਰੀਜ਼ ਮਾਨਸਿਕ ਬੀਮਾਰੀ ਦੇ ਇਲਾਜ ਤੋਂ ਬਾਅਦ ਬਿਲਕੁਲ ਠੀਕ ਹੋ ਗਏ ਪਰ ਫਿਲਹਾਲ ਉਨ੍ਹਾਂ ਦੇ  ਵਾਰਿਸ ਜਾਂ ਘਰ ਦਾ ਪਤਾ ਨਹੀਂ ਚੱਲ ਸਕਿਆ ਹੈ,  ਉਨ੍ਹਾਂ ਦੀ ਮਦਦ ਲਈ ਪ੍ਰਸ਼ਾਸਨ ਅੱਗੇ ਆਇਆ ਹੈ।  ਪ੍ਰਸ਼ਾਸਨ ਸ਼ਹਿਰ 'ਚ ਛੇਤ ਅਜਿਹਾ ਸੈਂਟਰ ਬਣਾਉਣ ਜਾ ਰਿਹਾ ਹੈ, ਜਿੱਥੇ ਇਨ੍ਹਾਂ ਮਰੀਜ਼ਾਂ ਦੇ ਪੁਨਰਵਾਸ ਦੀ ਸਹੂਲਤ ਹੋਵੇਗੀ। ਇੱਥੇ ਨਾ ਸਿਰਫ਼ ਰਹਿਣ-ਸਹਿਣ ਦਾ ਪ੍ਰਬੰਧ ਹੋਵੇਗਾ, ਸਗੋਂ ਅੱਗੇ ਇਨ੍ਹਾਂ ਦੀ ਸਿਹਤ ਨਾ ਵਿਗੜੇ ਇਸਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ।  
ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਮੈਂਟਲੀ ਇਲ  (ਮਾਨਸਿਕ ਤੌਰ 'ਤੇ ਬੀਮਾਰ) ਰਹੇ ਮਰੀਜ਼ਾਂ ਲਈ ਇਹ ਸੈਂਟਰ ਬਣਾਇਆ ਜਾਵੇਗਾ। ਫਿਲਹਾਲ ਪ੍ਰਸ਼ਾਸਨ ਨੇ ਇਸ ਲਈ ਜ਼ਮੀਨ ਦੀ ਭਾਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਜਿਵੇਂ ਹੀ ਸ਼ਹਿਰ 'ਚ ਕਿਤੇ ਜ਼ਮੀਨ ਮਿਲ ਜਾਵੇਗੀ, ਇਸ ਸੈਂਟਰ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਸਬੰਧੀ ਬੀਤੇ ਦਿਨੀਂ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਦੇ ਡਾਇਰੈਕਟਰ-ਪ੍ਰਿੰਸੀਪਲ ਪ੍ਰੋ. ਬੀ. ਐੱਸ. ਚਵਨ ਅਤੇ ਪ੍ਰਿੰਸੀਪਲ ਸੈਕਟਰੀ (ਹੋਮ) ਅਰੁਣ ਕੁਮਾਰ ਗੁਪਤਾ ਦੀ ਬੈਠਕ ਹੋਈ ਤੇ ਸੈਂਟਰ ਬਣਾਉਣ ਦਾ ਫੈਸਲਾ ਹੋਇਆ।  ਅਰੁਣ ਕੁਮਾਰ ਗੁਪਤਾ ਨੇ ਦੱਸਿਆ ਕਿ ਸੁਪਰੀਮ ਕੋਰਟ  ਦੇ ਹੁਕਮ ਹਨ ਕਿ ਜੋ ਲੋਕ ਮਾਨਸਿਕ ਤੌਰ 'ਤੇ ਬੀਮਾਰ ਹੋਣ ਤੋਂ ਬਾਅਦ ਇਲਾਜ ਦੀ ਪ੍ਰਕਿਰਿਆ 'ਚੋਂ ਨਿਕਲੇ ਤੇ ਪੂਰੀ ਤਰ੍ਹਾਂ ਠੀਕ ਹੋ ਗਏ ਪਰ ਫਿਲਹਾਲ ਉਨ੍ਹਾਂ ਦਾ ਕੋਈ ਟਿਕਾਣਾ ਨਹੀਂ ਕਿਉਂਕਿ ਜਾਂ ਤਾਂ ਇਹ ਆਪਣੀ ਰਿਹਾਇਸ਼ ਜਾਂ ਪਿੰਡ-ਸ਼ਹਿਰ ਬਾਰੇ ਦੱਸਣ ਦੀ ਹਾਲਤ 'ਚ ਨਹੀਂ ਹਨ ਤੇ ਜਿਨ੍ਹਾਂ ਦਾ ਵਾਲੀ-ਵਾਰਿਸ ਨਹੀਂ ਹੈ ਜਾਂ ਇਹ ਆਪਣੇ ਮੂਲ ਸਥਾਨ 'ਤੇ ਕਿਸੇ ਕਾਰਨ ਜਾਣਾ ਨਹੀਂ ਚਾਹੁੰਦੇ ਤਾਂ ਅਜਿਹੇ ਲੋਕਾਂ ਲਈ ਹੀ ਇਹ ਸੈਂਟਰ ਬਣੇਗਾ। ਉਨ੍ਹਾਂ  ਦੱਸਿਆ ਕਿ ਫਿਲਹਾਲ ਇਹ ਵੇਖਿਆ ਜਾ ਰਿਹਾ ਹੈ ਕਿ ਇਸ ਲਈ ਜ਼ਮੀਨ ਕਿੱਥੇ ਦਿੱਤੀ ਜਾ ਸਕਦੀ ਹੈ। ਚਾਰ-ਪੰਜ ਜਗ੍ਹਾ ਭਾਲ ਕਰਕੇ ਦੁਬਾਰਾ ਬੈਠਕ ਕੀਤੀ ਜਾਵੇਗੀ ਤੇ ਉਸ 'ਚ ਇਨ੍ਹਾਂ ਜ਼ਮੀਨਾਂ 'ਚੋਂ ਸੈਂਟਰ ਬਣਾਉਣ ਦੀ ਪ੍ਰਕਿਰਿਆ ਫਾਈਨਲ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਸੈਂਟਰ 'ਚ 40 ਤੋਂ 50 ਲੋਕਾਂ ਦੇ ਰਹਿਣ ਦਾ ਪ੍ਰਬੰਧ ਹੋਵੇਗਾ।  

Babita

This news is Content Editor Babita