ਟਰਾਂਸਪੋਰਟ ਵਿਭਾਗ ''ਚ ਬੋਲੀ ''ਤੇ ਲਿਆ ਨੰਬਰ ਵੀ ਚੱਲ ਰਿਹੈ ਦੂਜੇ ਵ੍ਹੀਕਲ ''ਤੇ

01/10/2020 1:05:54 PM

ਪਟਿਆਲਾ/ਰੱਖੜਾ (ਰਾਣਾ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਦੇ ਟਰਾਂਸਪੋਰਟ ਵਿਭਾਗ ਦਾ ਕੰਮ ਹਾਲੋਂ-ਬੇਹਾਲ ਹੋਇਆ ਪਿਆ ਹੈ। ਵਿਗੜੀ ਹੋਈ ਕਾਰਗੁਜ਼ਾਰੀ ਨੂੰ ਪੈਰਾਂ ਸਿਰ ਕਰਨ ਲਈ ਉੱਚ ਅਧਿਕਾਰੀਆਂ ਦੀ ਜੱਦੋ-ਜਹਿਦ ਫੇਲ ਹੈ, ਭਾਵੇਂ ਉਹ ਬੈਕਲਾਗ ਐਂਟਰੀਆਂ ਦਾ ਮਾਮਲਾ ਹੋਵੇ, ਆਰ. ਸੀ. ਬਣਾਉਣਾ ਜਾਂ ਵ੍ਹੀਕਲਾਂ ਨੂੰ ਨੰਬਰ ਪਲੇਟਾਂ ਲਾਉਣ ਦਾ। ਅੱਜਕਲ ਵਿਭਾਗ ਅੰਦਰ ਇਕ ਹੋਰ ਮਾਮਲਾ ਸਾਹਮਣਾ ਆਇਆ ਹੈ। ਇਸ ਵਿਚ ਬੋਲੀ 'ਤੇ ਲਏ ਨੰਬਰ ਪੀ. ਬੀ. 11. ਏ. ਪੀ.-0090 ਜੋ ਕਿ ਰਣਜੀਤ ਸਿੰਘ ਦੇ ਨਾਂ 'ਤੇ ਬੁਲੇਟ ਮੋਟਰਸਾਈਕਲ ਲਈ ਖਰੀਦ ਕੀਤਾ ਗਿਆ ਸੀ, ਦੀ ਬੈਕਲਾਗ ਐਂਟਰੀ ਪਵਾਉਣ ਗਿਆ ਤਾਂ ਪਤਾ ਲੱਗਾ ਕਿ ਇਹ ਨੰਬਰ ਤਾਂ ਬਿਨਾਂ ਰਿਟੇਨ ਕਰਵਾਏ ਅਜਮੇਰ ਸਿੰਘ ਦੇ ਨਾ 'ਤੇ ਕਾਰ ਉੱਪਰ ਲੱਗਾ ਹੋਇਆ ਹੈ।ਇਸ ਫਰਜ਼ੀਵਾੜੇ ਵਿਚ ਕਿਹੜੇ-ਕਿਹੜੇ ਦਫਤਰੀ ਮੁਲਾਜ਼ਮ ਜਾਂ ਵਿਅਕਤੀ ਕੰਮ ਕਰਦੇ ਹਨ? ਕਿਸੇ ਵੀ ਵੱਡੇ ਅਧਿਕਾਰੀ ਨੂੰ ਕੋਈ ਜਾਣਕਾਰੀ ਨਹੀਂ ਹੈ।

ਇਸ ਤੋਂ ਇਲਾਵਾ ਨਾਜ਼ਰ ਸਿੰਘ ਨੇ ਆਪਣੀ ਕਾਰ 'ਤੇ ਲਏ ਪੀ. ਬੀ. 11. ਯੂ-0056 ਨੰਬਰ ਜਦੋਂ ਦੂਜੀ ਵਾਰ ਫੀਸ ਭਰ ਕੇ ਬੈਕਲਾਗ ਕਰਵਾਉਣਾ ਚਾਹਿਆ ਤਾਂ ਇਹ ਨੰਬਰ ਕਿਸੇ ਮੋਟਰਸਾਈਕਲ 'ਤੇ ਜਸਕਰਨ ਸਿੰਘ ਦੇ ਨਾਂ 'ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਕਈ ਹੋਰ ਕਾਰਾਂ ਦੇ ਨੰਬਰ ਬਿਨਾਂ ਰਿਟੇਨ ਕਰਵਾਏ, ਬੈਕਲਾਗ ਪੁਆਏ ਬੋਲੀਕਾਰ ਮਾਲਕਾਂ ਦੇ ਵ੍ਹੀਕਲਾਂ ਦੀ ਬਜਾਏ ਦੂਜੇ ਮਾਲਕਾਂ ਦੇ ਵ੍ਹੀਕਲਾਂ 'ਤੇ ਚੱਲ ਰਹੇ ਹਨ।

ਟਰਾਂਸਪੋਰਟ ਵਿਭਾਗ ਦੇ ਅਜਿਹੇ ਕਈ ਮਾਮਲੇ ਪਹਿਲਾਂ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲੇ ਅੰਦਰ ਟਰਾਂਸਪੋਰਟ ਵਿਭਾਗ ਵਿਚ ਗੋਲਮਾਲ ਚੱਲ ਰਿਹਾ ਹੈ ਤਾਂ ਸੂਬੇ ਦੇ ਬਾਕੀ ਜ਼ਿਲਿਆ ਅੰਦਰ ਕੀ ਕੁਝ ਵਾਪਰ ਰਿਹਾ ਹੈ? ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇੰਨਾ ਹੀ ਨਹੀਂ, ਸਰਕਾਰੀ ਮੁਲਾਜ਼ਮਾਂ ਆਪਣੇ-ਆਪ ਨੂੰ ਸੁਰੱਖਿਅਤ ਰੱਖਣ ਲਈ ਪ੍ਰਾਈਵੇਟ ਮੁਲਾਜ਼ਮਾਂ ਨੂੰ ਪੈਸਿਆਂ ਦੇ ਲੈਣ-ਦੇਣ ਲਈ ਰੱਖਿਆ ਹੁੰਦਾ ਹੈ। ਇਸ ਕਾਰਣ ਇਹ ਗੜਬੜ ਵਾਰ-ਵਾਰ ਹੋ ਰਹੀ ਹੈ। ਇਨ੍ਹਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਮੁਲਾਜ਼ਮਾਂ ਦੀਆਂ ਗ਼ਲਤੀਆਂ ਦਾ ਖ਼ਮਿਆਜ਼ਾ ਭੁਗਤ ਰਹੇ ਨੇ ਪੀੜਤ
ਮੋਟਰਸਾਈਕਲ ਮਾਲਕ ਰਣਜੀਤ ਸਿੰਘ ਅਤੇ ਕਾਰ ਮਾਲਕ ਨਾਜ਼ਰ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਗਲਤੀਆਂ ਦਾ ਖਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮੁਲਾਜ਼ਮ ਸ਼ਰੇਆਮ ਰਿਸ਼ਵਤ ਲੈ ਕੇ ਕਿਸੇ ਵੀ ਕੰਮ ਨੂੰ ਅੰਜਾਮ ਤੱਕ ਪਹੁੰਚਾ ਰਹੇ ਹਨ। ਜੇ ਸਮੇਂ ਸਿਰ ਸਾਡੀ ਸੁਣਵਾਈ ਨਾ ਹੋਈ ਤਾਂ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪੁਲਸ ਵਿਭਾਗ ਦੇ ਸੀਨੀਅਰ ਅਫਸਰਾਂ ਨੂੰ ਸ਼ਿਕਾਇਤ ਕੀਤੀ ਜਾਵੇਗੀ।

2016 'ਚ ਪ੍ਰਾਈਵੇਟ ਮੁਲਾਜ਼ਮਾਂ ਦੀ ਗ਼ਲਤੀ ਕਰ ਕੇ ਅਜਿਹਾ ਹੋ ਰਿਹੈ : ਆਰ. ਟੀ. ਏ.
ਟਰਾਂਸਪੋਰਟ ਵਿਭਾਗ 'ਚ ਵਾਰ-ਵਾਰ ਵ੍ਹੀਕਲਾਂ ਦੇ ਨੰਬਰ ਡਬਲ ਲੱਗਣ ਸਬੰਧੀ ਜਦੋਂ ਵਿਭਾਗ ਦੇ ਆਰ. ਟੀ. ਏ. ਅਰਵਿੰਦ ਕੁਮਾਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਲ 2016 ਵਿਚ ਪ੍ਰਾਈਵੇਟ ਮੁਲਾਜ਼ਮਾਂ ਦੀ ਅਣਗਹਿਲੀ ਕਾਰਣ ਅਜਿਹਾ ਹੋ ਰਿਹਾ ਹੈ। ਜਿਵੇਂ-ਜਿਵੇਂ ਮਾਮਲੇ ਸਾਡੇ ਧਿਆਨ ਵਿਚ ਆ ਰਹੇ ਹਨ, ਉਨ੍ਹਾਂ ਨੂੰ ਦਰੁਸਤ ਕੀਤਾ ਜਾ ਰਿਹਾ ਹੈ।

Shyna

This news is Content Editor Shyna