ਅੰਮ੍ਰਿਤਸਰ:ਸਿਹਤ ਵਿਭਾਗ ਪ੍ਰਵਾਸੀਆਂ ਦੀ ਥਰਮਲ ਸਕਰੀਨਿੰਗ ਕਰਕੇ ਕਰ ਰਿਹੈ ਖਾਨਾਪੂਰਤੀ (ਤਸਵੀਰਾਂ)

05/08/2020 2:29:35 PM

ਅੰਮ੍ਰਿਤਸਰ (ਅਵਧੇਸ਼): ਕੋਵਿਡ-19 ਦੇ ਚੱਲਦੇ ਕੇਂਦਰ 'ਤੇ ਪੰਜਾਬ ਸਰਕਾਰ ਵਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਪਰ ਪ੍ਰਵਾਸੀਆਂ ਨੂੰ ਇਸ ਸੰਕਟ 'ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੀ ਤਾਜ਼ਾ ਉਦਾਹਰਣ ਉਸ ਵੇਲੇ ਵੇਖੀ ਗਈ ਜਦੋਂ ਵੇਰਕਾ ਬਾਈਪਾਸ ਵਿਖੇ ਸਿਹਤ ਵਿਭਾਗ ਵਲੋਂ ਪ੍ਰਵਾਸੀ ਮਜ਼ਦੂਰਾਂ ਦੀ ਪਰਿਵਾਰ ਸਮੇਤ ਥਰਮਲ ਸਕਰੀਨਿੰਗ ਲਈ ਵੱਖ-ਵੱਖ ਰਿਜੋਰਟਾਂ 'ਚ ਸੈਂਟਰ ਬਣਾਏ ਗਏ। ਵੇਰਕਾ ਸਥਿਤ ਇੰਨ੍ਹਾਂ ਸੈਂਟਰਾਂ 'ਚ ਸਕਰੀਨਿੰਗ ਕਰਵਾਉਣ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਪਰਿਵਾਰਾਂ ਦੇ ਨਾਲ-ਨਾਲ ਸਮਾਨ ਸਮੇਤ ਪੁੱਜਣ 'ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਇਲਾਵਾ ਕਈ ਪ੍ਰਵਾਸੀਆਂ ਨੂੰ ਰਿਕਸ਼ੇ ਰਾਹੀਂ ਸਫਰ ਕਰਨਾ ਪਿਆ ਅਤੇ ਕਈਆਂ ਨੂੰ ਪੈਦਲ ਇੱਥੋਂ ਤੱਕ ਪੁੱਜਣਾ ਪਿਆ।

PunjabKesari

ਜਗ ਬਾਣੀ ਦੀ ਟੀਮ ਵਲੋਂ ਇਸ ਸਮੇਂ ਸਕਰੀਨਿੰਗ ਕਰਨ ਵਾਲੇ ਸੈਂਟਰ 'ਚ ਪੁੱਜਣ ਵੇਲੇ ਰਸਤੇ 'ਚ ਪਰਿਵਾਰ 'ਤੇ ਸਮਾਨ ਨਾਲ ਲੱਦੇ ਆ ਰਹੇ ਪ੍ਰਵਾਸੀਆਂ ਨੂੰ ਗੱਲਬਾਤ ਕਰਕੇ ਉਨ੍ਹਾਂ ਦੀ ਹੱਡੀਬੀਤੀ ਸੁਣੀ, ਜਦੋਂ ਉਨ੍ਹਾਂ ਨੇ ਤਿੱਖੀ ਧੁੱਪ 'ਚ ਪਸੀਨੇ 'ਚ ਭਿੱਜਣ ਤੋਂ ਇਲਾਵਾ ਬੜੇ ਭਾਵੁਕ 'ਤੇ ਹੰਭਦਿਆਂ ਹੋਇਆ ਦੱਸਿਆ ਕਿ ਉਹ ਸ਼ਹਿਰ ਦੇ ਵੱਖ-ਵੱਖ ਇਲਾਕੇ ਖੰਡਵਾਲਾ, ਛੇਹਰਟਾ, 100 ਫੁੱਟੀ ਰੋਡ, ਸੁਲਤਾਨਵਿੰਡ ਰੋਡ, ਦਬੁਰਜੀ ਰੋਡ, ਬਟਾਲਾ ਰੋਡ, ਪੁਤਲੀਘਰ, ਤਰਨਤਾਰਨ ਰੋਡ, ਇਸਲਾਮਾਬਾਦ ਆਦਿ ਤੋਂ ਆ ਰਹੇ ਹਨ। ਕੋਰੋਨਾ ਵਾਇਰਸ ਦੌਰਾਨ ਲੱਗੇ ਕਰਫਿਊ 'ਚ ਉਨ੍ਹਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਸਕਰੀਨਿੰਗ ਕਰਵਾਉਣ ਵਾਲੇ ਸੈਂਟਰ ਤੱਕ ਪੁੱਜਣ ਲਈ ਉਨ੍ਹਾਂ ਵਾਸਤੇ  ਖਾਸ ਪ੍ਰਬੰਧ ਕਰਨੇ ਚਾਹੀਦੇ ਹਨ, ਕਿਉਕਿ ਕਰਫਿਊ 'ਚ ਸੜਕਾਂ 'ਤੇ ਨਾ ਤਾਂ ਕੋਈ ਵਿਅਕਤੀ ਨਜ਼ਰ ਆ ਰਿਹਾ ਹੈ ਅਤੇ ਨਾ ਹੀ ਕੋਈ ਵਾਹਨ, ਜਿਸ ਦੀ ਮੱਦਦ ਲੈ ਕੇ ਮੰਜਿਲ ਤੱਕ ਪੁੱਜ ਸਕਣ। 

PunjabKesari

ਵੇਰਕਾ ਬਾਈਪਾਸ ਸਥਿਤ ਸੈਂਟਰਾਂ 'ਚ ਹੋ ਰਹੀ ਹੈ ਖਾਨਾਪੂਰਤੀ - ਇਸ ਤੋਂ ਬਾਅਦ ਜਦੋਂ ਜਗ ਬਾਣੀ ਦੀ ਟੀਮ ਵਲੋਂ ਜਮੀਨੀ ਪੱਧਰ 'ਤੇ ਜਾਂਚ ਪੜਤਾਲ ਕਰਦਿਆਂ ਪ੍ਰਵਾਸੀਆਂ ਦੀ ਹੋ ਰਹੀ ਸਕਰੀਨਿੰਗ ਵਾਲੀਆਂ ਥਾਵਾਂ ਦਾ ਜਾਇਜਾ ਲਿਆ ਤਾਂ ਉਥੇ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਸਿਰਫ ਪ੍ਰਵਾਸੀਆਂ ਦੀ ਥਰਮਲ ਸਕਰੀਨਿੰਗ ਹੀ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਨੂੰ ਉਥੇ ਹੀ ਟ੍ਰੇਨ ਦੀਆਂ ਟਿਕਟਾਂ ਦੇਣ ਤੋਂ ਇਲਾਵਾ ਹੋਰ ਲੋੜੀਦਾ ਸਮਾਨ ਦਿੱਤਾ ਜਾ ਰਿਹਾ ਸੀ। ਜਦੋਂ ਡਾਕਟਰਾਂ ਨੂੰ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਆਪਣਾ ਨਾਮ ਨਾ ਛਾਪਣ ਦੀ ਸੂਰਤ 'ਤੇ ਦੱਸਿਆ ਕਿ ਇਹ ਥਰਮਲ ਸਕਰੀਨਿੰਗ ਸਿਰਫ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕੀਤੀ ਜਾ ਰਹੀ ਹੈ, ਜਦਕਿ ਇਹ ਸਿਰਫ ਖਾਨਾਪੂਰਤੀ ਹੋ ਰਹੀ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਸੈਂਟਰ ਹਰੇਕ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਖੇਤਰਾਂ 'ਚ ਵੀ ਬਣਾਏ ਜਾ ਸਕਦੇ ਸਨ ਪਰ ਉਨ੍ਹਾਂ ਕਿਹਾ ਕਿ ਇਹ ਉੱਚ ਅਧਿਕਾਰੀਆਂ ਮੁਤਾਬਕ ਹੀ ਬਣਾਏ ਗਏ ਹਨ। ਜੋ ਅਧਿਕਾਰੀਆਂ ਵਲੋਂ ਡਿਊਟੀਆਂ ਲਗਾਈਆਂ ਹਨ ਉਨ੍ਹਾਂ ਮੁਤਾਬਕ ਹੀ ਉਹ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਥਰਮਲ ਸਕਰੀਨਿੰਗ ਕਰਨ ਬਾਅਦ ਹੀ ਪ੍ਰਵਾਸੀਆਂ ਨੂੰ ਟਿਕਟਾਂ ਦੇ ਕੇ ਰੇਲਵੇ ਸਟੇਸ਼ਨ 'ਤੇ ਬੱਸਾਂ ਰਾਹੀਂ ਭੇਜਿਆ ਜਾ ਰਿਹਾ ਹੈ। 

PunjabKesari

ਰਿਜੋਰੇਟਾਂ 'ਚ ਬਣਾਏ ਸੈਂਟਰਾਂ 'ਚ ਉਡੀਆਂ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ - ਸਿਹਤ ਵਿਭਾਗ 'ਤੇ ਜ਼ਿਲਾ ਪ੍ਰਸਾਸ਼ਨ ਵਲੋਂ ਬਹੁਤ ਦੂਰ ਸਥਿਤ ਵੇਰਕਾ ਬਾਈਪਾਸ 'ਤੇ ਰਿਜੋਰੇਟਾਂ 'ਚ ਪ੍ਰਵਾਸੀਆਂ ਦੇ ਚੈਕਅੱਪ ਲਈ ਬਣਾਏ ਸੈਂਟਰਾਂ 'ਚ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਵੀ ਉਡੱਦੀਆਂ ਨਜ਼ਰ ਆਈਆਂ, ਜਿੱਥੇ ਕੋਈ ਵੀ ਲਾਈਨ ਨਜ਼ਰ ਨਹੀਂ ਆ ਰਹੀ ਅਤੇ ਨਾ ਹੀ ਪ੍ਰਵਾਸੀਆਂ ਵਲੋਂ ਕੋਈ ਸਮਾਜਿਕ ਦੂਰੀ ਬਣਾਈ ਰੱਖੀ ਸੀ। ਹਰ ਪਾਸੇ ਇੰਝ ਲੱਗਦਾ ਸੀ ਜਿਵੇ ਕੋਈ ਇੱਥੇ ਮੇਲਾ ਲੱਗਾ ਹੋਵੇ। 

PunjabKesari
ਰੇਲਵੇ ਸਟੇਸ਼ਨ 'ਤੇ ਹੀ ਹੋ ਸਕਦੀ ਹੈ ਥਰਮਲ ਸਕਰੀਨਿੰਗ - ਸਮਾਜ ਸੇਵਕ ਪੰਕਜ ਦਾ ਕਹਿਣਾ ਹੈ ਕਿ ਭਾਵੇ ਕੇਂਦਰ 'ਤੇ ਪੰਜਾਬ ਸਰਕਾਰ ਵਲੋਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ ਪਰ ਇਸ ਨਾਲ ਕਈ ਪ੍ਰਵਾਸੀਆਂ ਦਾ ਸੋਸ਼ਣ ਵੀ ਹੋ ਰਿਹਾ ਹੈ ਜੋ ਕਿ ਸਿਹਤ ਵਿਭਾਗ ਵਲੋਂ ਆਪਣੀ ਮਨਮਰਜੀ ਵਾਲੀ ਥਾਂ 'ਤੇ ਸੈਂਟਰ ਬਣਾ ਕੇ ਪ੍ਰਵਾਸੀਆਂ ਨੂੰ ਖੱਜਲ-ਖੁਆਰ ਕਰਨ ਤੋਂ ਇਲਾਵਾ ਥਰਮਲ ਸਕਰੀਨਿੰਗ ਕਰਕੇ ਖਾਨਾਪੂਰਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਥਰਮਲ ਸਕਰੀਨਿੰਗ ਤਾਂ ਰੇਲਵੇ ਸਟੇਸ਼ਨ 'ਤੇ ਵੀ ਹੋ ਸਕਦੀ ਸੀ ਜਦੋ ਪ੍ਰਵਾਸੀਆਂ ਨੂੰ ਰੇਲਵੇ ਸਟੇਸ਼ਨ ਅੰਦਰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਦੀ। ਉਨ੍ਹਾਂ ਕਿਹਾ ਕਿ ਉਹ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕਰਦੇ ਹਨ ਕਿ ਕਰਫਿਊ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਕੇ ਦੂਰ ਦੁਰਾਂਡੇ ਬਣੇ ਸੈਂਟਰਾਂ 'ਚ ਪੁੱਜਣਾ ਪੈਦਾ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਨੂੰ ਵੱਖ-ਵੱਖ ਇਲਾਕਿਆਂ 'ਚ ਨਜਦੀਕੀ ਹੀ ਸੈਂਟਰ ਬਣਾਏ ਚਾਹੀਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਜ਼ਿਲਾ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਜੇਕਰ ਸਿਹਤ ਵਿਭਾਗ ਵਲੋਂ ਦੂਰ-ਦੁਰਾਂਡੇ ਸੈਂਟਰ ਬਣਾਏ ਜਾਂਦੇ ਹਨ ਤਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਥੇ ਪਹੁੰਚਾਉਣ ਦਾ ਵੀ ਖਾਸ ਪ੍ਰਬੰਧ ਕੀਤਾ ਜਾਵੇ।


Shyna

Content Editor

Related News