ਸਿਹਤ ਵਿਭਾਗ ਵਲੋਂ ਹੜ੍ਹ ਪੀੜਤ ਇਲਾਕਿਆਂ ''ਚ ਟੋਲ ਫ੍ਰੀ 104 ਨੰਬਰ ਜਾਰੀ

08/25/2019 12:39:07 AM

ਚੰਡੀਗੜ੍ਹ,(ਸ਼ਰਮਾ): ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਟੋਲ ਫ੍ਰੀ ਨੰਬਰ 104 ਰਾਹੀਂ ਸਿਹਤ ਤੇ ਉਪਚਾਰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਸਬੰਧੀ ਰਿਪੋਰਟ ਅਨੁਸਾਰ ਸਿਵਲ ਸਰਜਨਾਂ ਨੂੰ ਤੁਰੰਤ ਸੂਬੇ 'ਚ ਕਿਸੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਜ਼ਿਲ੍ਹਾ ਅਤੇ ਬਲਾਕ ਪੱਧਰ ਦੀਆਂ ਟੀਮਾਂ ਕਿਸ਼ਤੀਆਂ ਰਾਹੀਂ ਪ੍ਰਭਾਵਿਤ ਪਿੰਡਾਂ 'ਚ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਆਦਾ ਸੰਘਣੀ ਆਬਾਦੀ ਵਾਲੇ ਪਿੰਡਾਂ ਵਿਚ ਹੈਲਥ ਟੀਮਾਂ ਨੂੰ 24 ਘੰਟੇ ਰਹਿਣ ਦੇ ਆਦੇਸ਼ ਹਨ ਤਾਂ ਜੋ ਲੋੜ ਪੈਣ ਤੇ ਕਿਸੇ ਵਕਤ ਵੀ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ। ਸਿਵਲ ਸਰਜਨਜ਼ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਨਿੱਜੀ ਤੌਰ 'ਤੇ ਜਾ ਕੇ ਮੈਡੀਕਲ ਕੈਂਪਾਂ 'ਚ ਲੋੜੀਂਦੀਆਂ ਦਵਾਈਆਂ ਦੇ ਇਲਾਜ ਸਮੱਗਰੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ। ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਨਿਰਦੇਸ਼ ਮੁਤਾਬਿਕ ਉਨ੍ਹਾਂ ਵਲੋਂ ਅੱਜ ਜ਼ਿਲ੍ਹਾ ਕਪੂਰਥਲਾ ਅਤੇ ਜਲੰਧਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਖੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਦਾ ਨਿਰੀਖਣ ਕਰਨ ਲਈ ਦੌਰਾ ਕੀਤਾ ਗਿਆ ਅਤੇ ਨਿੱਜੀ ਤੌਰ 'ਤੇ ਸਿਹਤ ਵਿਭਾਗ ਵਲੋਂ ਲਗਾਏ ਮੈਡੀਕਲ ਕੈਂਪ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੌਜੂਦਾ ਸਥਿਤੀ 'ਚ ਸਿਹਤ ਵਿਭਾਗ ਦੀਆਂ ਸਿਹਤ ਵਿਭਾਗ ਦੀਆਂ 235 ਰੈਪਿਡ ਰਿਸਪਾਂਸ ਟੀਮਾਂ ਅਤੇ 416 ਮੋਬਾਇਲ ਟੀਮਾਂ ਦਿਨ ਰਾਤ ਜ਼ਿਲ੍ਹੇ ਦੇ ਪ੍ਰਭਾਵਿਤ ਖੇਤਰਾਂ 'ਚ ਪੇਂਡੂ ਅਤੇ ਦੂਰ ਦੁਰਾਡੇ ਖੇਤਰਾਂ 'ਚ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ।