ਪੰਜਾਬ ਦੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਨੂੰ ਇਕ ਹਫਤੇ ਲਈ ਮੁਫਤ ਮਿਲੇਗੀ ਇਹ ਦਵਾਈ

11/20/2019 12:01:08 AM

ਅੰਮ੍ਰਿਤਸਰ,(ਦਲਜੀਤ) : ਪੰਜਾਬ ਦੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ 'ਚ ਹੁਣ ਇਕ ਹਫਤਾ ਸਿਹਤ ਵਿਭਾਗ ਮੁਫਤ ਬੁਫਰੋਨੋਰਫਿਨ ਦਵਾਈ ਸਪਲਾਈ ਕਰੇਗਾ। ਵਿਭਾਗ ਵੱਲੋਂ ਇਹ ਫੈਸਲਾ ਸਰਕਾਰੀ ਦਵਾਈ 'ਚ ਦੇਰੀ ਨੂੰ ਦੇਖਦਿਆਂ ਮਰੀਜ਼ਾਂ ਨੂੰ ਹੋ ਰਹੀ ਪ੍ਰੇਸ਼ਾਨੀ ਕਾਰਣ ਲਿਆ ਗਿਆ ਹੈ। ਇਸ ਸਬੰਧੀ ਸਿਵਲ ਸਰਜਨਾਂ ਨੂੰ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।

ਜਾਣਕਾਰੀ ਮੁਤਾਬਕ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਨਸ਼ੇ ਦੀ ਲਤ ਤੋਂ ਬਚਣ ਲਈ ਸਰਕਾਰੀ ਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ 'ਚੋਂ ਬੁਫਰੋਨੋਰਫਿਨ ਦਵਾਈ ਲੈ ਕੇ ਆਪਣੀ ਜ਼ਿੰਦਗੀ ਮੁੜ ਲੀਹਾਂ 'ਤੇ ਲਿਆ ਰਹੇ ਹਨ। ਵਿਭਾਗ ਵੱਲੋਂ ਪਿਛਲੇ ਦਿਨੀਂ ਫੈਸਲਾ ਕੀਤਾ ਗਿਆ ਸੀ ਕਿ ਬੀਤੀ 18 ਨਵੰਬਰ ਤੋਂ ਬੁਫਰੋਨੋਰਫਿਨ ਦਵਾਈ ਦੀ ਪ੍ਰਤੀ ਗੋਲੀ 6 ਰੁਪਏ ਦੇ ਹਿਸਾਬ ਨਾਲ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਨੂੰ ਸਿਵਲ ਸਰਜਨ ਦਫਤਰਾਂ ਤੋਂ ਸਪਲਾਈ ਹੋਵੇਗੀ। ਸਰਕਾਰੀ ਸਪਲਾਈ 'ਚ ਦੇਰੀ ਹੋਣ ਕਾਰਣ ਬੀਤੇ ਦਿਨੀਂ ਪੰਜਾਬ 'ਚ ਵਧੇਰੇ ਪ੍ਰਾਈਵੇਟ ਕੇਂਦਰਾਂ 'ਚ ਮਰੀਜ਼ਾਂ ਨੂੰ ਬੁਫਰੋਨੋਰਫਿਨ ਦਵਾਈ ਨਹੀਂ ਮਿਲ ਸਕੀ ਸੀ। ਵਿਭਾਗ ਵੱਲੋਂ ਅੱਜ ਅਹਿਮ ਫੈਸਲਾ ਲੈਂਦਿਆਂ ਸਿਵਲ ਸਰਜਨਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜਦੋਂ ਤੱਕ ਸਰਕਾਰੀ ਸਪਲਾਈ ਨਹੀਂ ਹੁੰਦੀ, ਉਦੋਂ ਤੱਕ ਇਕ ਹਫਤਾ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਨੂੰ ਮੁਫਤ ਦਵਾਈ ਦੀ ਸਪਲਾਈ ਕੀਤੀ ਜਾਵੇ। ਵਿਭਾਗ ਦੇ ਇਸ ਫੈਸਲੇ ਨਾਲ ਇਕ ਹਫਤੇ 'ਚ ਲੱਖਾਂ ਰੁਪਏ ਦੀ ਦਵਾਈ ਪ੍ਰਾਈਵੇਟ ਕੇਂਦਰਾਂ ਨੂੰ ਮੁਫਤ ਮਿਲੇਗੀ।
ਸਿਵਲ ਸਰਜਨ ਅੰਮ੍ਰਿਤਸਰ ਡਾ. ਪ੍ਰਭਦੀਪ ਕੌਰ ਜੌਹਲ ਨਾਲ ਇਸ ਸਬੰਧੀ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਸਪਲਾਈ ਜਲਦ ਹੀ ਪ੍ਰਾਈਵੇਟ ਕੇਂਦਰਾਂ ਨੂੰ ਦਿੱਤੀ ਜਾਵੇਗੀ, ਫਿਲਹਾਲ ਇਕ ਹਫਤੇ ਲਈ ਇਨ੍ਹਾਂ ਕੇਂਦਰਾਂ ਨੂੰ ਹੁਣ ਮੁਫਤ ਦਵਾਈ ਦਿੱਤੀ ਜਾਵੇਗੀ।