ਪੰਜਾਬ ਦੀ ਪਹਿਲੀ ਡੈਂਟਲ ਡਾ. ਸ਼ਰਨਜੀਤ ਕੌਰ ਸਿੱਧੂ ਰਾਜ ਪੱਧਰੀ ਐਵਾਰਡ ਨਾਲ ਸਨਮਾਨਿਤ

08/18/2017 5:09:13 PM


ਝਬਾਲ(ਹਰਬੰਸ ਲਾਲੂ ਘੁੰਮਣ) - ਦੇਸ਼ ਦੀ 71 ਅਜ਼ਾਦੀ ਦਿਵਸ ਮੌਕੇ ਗੁਰਦਾਸਪੁਰ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਮੌਕੇ ਜ਼ਿਲਾ ਤਰਨਤਾਰਨ ਦੇ ਪਿੰਡ ਕੋਟ ਸਿਵਿਆਂ ਵਾਸੀ ਕਿਸਾਨ ਨੱਥਾ ਸਿੰਘ ਦੀ ਧੀ ਅਤੇ ਡਿਪਟੀ ਡਾਇਰੈਕਟਰ-ਕਮ-ਜ਼ਿਲਾ ਡੈਂਟਲ ਹੈੱਲਥ ਅਫਸਰ ਗੁਰਦਾਸਪੁਰ ਡਾ. ਸ਼ਰਨਜੀਤ ਕੌਰ ਸਿੱਧੂ ਨੂੰ ਜ਼ਿਲਾ ਗੁਰਦਾਸਪੁਰ ਵਿਖੇ ਸਿਹਤ ਸੇਵਾਵਾਂ ਖਾਸ ਕਰਕੇ ਦੰਦਾਂ ਦੀ ਸੰਭਾਲ, ਤੰਬਾਕੂ ਦੇ ਮਾੜੇ ਪ੍ਰਭਾਵਾਂ ਵਿਰੁੱਧ ਜਾਗਰੂਕਤਾ ਅਭਿਆਨ ਚਲਾਉਣ, ਨਸ਼ਿਆਂ ਦੇ ਸਿਹਤ 'ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਰਹੱਦੀ ਪਿੰਡਾਂ ਅੰਦਰ ਲੋਕਾਂ ਨੂੰ ਸਿਹਤ ਸੰਭਾਲ ਪ੍ਰਤੀ ਵਿਸ਼ੇਸ਼ ਜਾਗਰੂਕ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਜ ਪੱਧਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਜੋ ਜ਼ਿਲਾ ਗੁਰਦਾਸਪੁਰ ਅਤੇ ਤਰਨ ਤਾਰਨ ਲਈ ਮਾਣ ਤੇ ਫਖਰ ਵਾਲੀ ਗੱਲ ਹੈ। ਗੌਰਤਲਬ ਹੈ ਕੇ ਡਾ. ਸਿੱਧੂ ਸੂਬੇ ਦੀ ਪਹਿਲੀ ਡੈਂਟਲ ਡਾਕਟਰ ਹਨ ਜਿਨਾਂ ਨੂੰ ਸਟੇਟ ਐਵਾਰਡੀ ਹੋਣ ਦਾ ਮਾਣ ਹਾਸਿਲ ਹੋਇਆ ਹੈ। ਡਾ. ਸਿੱਧੂ ਨੇ ਸਰਹੱਦੀ ਖੇਤਰ ਅੰਮ੍ਰਿਤਸਰ ਵਿਖੇ ਸਿਹਤ ਸੇਵਾਵਾਂ ਨੂੰ ਲੋਕਾਂ ਤਕ ਪਹੁੰਚਾਉਣ, ਸਕੂਲਾਂ ਅੰਦਰ ਬੱਚਿਆਂ ਨੂੰ ਦੰਦਾਂ ਦੀ ਸੰਭਾਲ ਕਰਨ 'ਤੇ ਲੋਕਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਇਵਜ਼ ਵਿਚ ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਗਣਤੰਤਰ ਦਿਵਸ 2014 ਵਿਚ ਜ਼ਿਲਾ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਡਾ. ਸਿੱਧੂ ਨੇ ਡਿਪਟੀ ਡਾਇਰੈਕਟਰ-ਕਮ-ਜ਼ਿਲਾ ਡੈਂਟਲ ਅਫਸਰ ਵਜੋਂ 2016 ਵਿਚ ਗੁਰਦਾਸਪੁਰ ਵਿਖੇ ਅਹੁਦਾ ਸੰਭਾਲਿਆ ਅਤੇ ਆਪਣੇ ਸੁਭਾਅ ਅਨੁਸਾਰ ਸਰਹੱਦੀ ਜ਼ਿਲੇ ਗੁਰਦਾਸਪੁਰ ਵਿਖੇ ਉਨਾਂ ਸਿਹਤ ਸੇਵਾਵਾਂ ਨੂੰ ਹੇਠਲੇ ਪੱਧਰ ਤਕ ਪਹੁੰਚਾਉਣ ਵਿਚ ਅਹਿਮ ਕਾਰਜ ਕੀਤੇ ਹਨ। ਡਾ. ਸਿੱਧੂ ਵੱਲੋਂ ਜ਼ਿਲੇ ਦੇ ਵੱਖ-ਵੱਖ 18 ਸਕੂਲਾਂ ਦੇ ਵਿਦਿਆਰਥੀਆਂ ਦੇ ਮੈਗਾ ਪੋਸਟਰ ਮੁਕਾਬਲੇ ਛੋਟਾ ਘੱਲੂਘਾਰਾ, ਕਾਹਨੂੰਵਾਨ ਵਿਖੇ ਕਰਵਾਏ ਗਏ ਤੇ ਬੱਚਿਆਂ ਨੂੰ ਆਪਣੀ ਸਿਹਤ ਖਾਸ ਕਰਕੇ ਦੰਦਾਂ ਦੀ ਸੰਭਾਲ ਅਤੇ ਆਪਣੇ ਵਿਰਸੇ ਤੋਂ ਜਾਣੂੰ ਕਰਵਾਇਆ ਗਿਆ। ਫਰਵਰੀ 2017 ਵਿਚ 'ਡੈਂਟਲ ਫਾਰਨਾਈਟ' ਵਿਚ ਸੂਬਾ ਸਰਕਾਰ ਵਲੋਂ ਜਿਲੇ ਗੁਰਦਾਸਪੁਰ ਨੂੰ 155 ਦੰਦਾਂ ਦੇ ਜਬਾੜੇ ਬਣਾਉਣ ਦਾ ਟੀਚਾ ਮਿਲਿਆ ਸੀ ਪਰ ਡਾ. ਸਿੱਧੂ ਦੀ ਲਗਨ, ਮਿਹਨਤ ਤੇ ਦ੍ਰਿੜ ਇਰਾਦੇ ਨਾਲ ਇਸ ਟੀਚੇ ਤੋਂ ਦੁਗਣੇ ਤੋਂ ਵੱਧ 323 ਜਬਾੜੇ ਦੇ ਸੈੱਟ ਬਣਾ ਕੇ ਵੰਡੇ ਗਏ। ਡਾ. ਸਿੱਧੂ ਵਲੋਂ ਕੀਤੀ ਇਸ ਮਿਹਨਤ ਸਦਕਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਡਾ. ਸਿੱਧੂ ਨੂੰ ਇਹ ਮਾਣ ਹਾਸਿਲ ਹੈ ਕਿ ਇਹ ਸੂਬੇ ਦੇ ਪਹਿਲੇ ਡੈਂਟਲ ਡਾਕਟਰ ਹਨ, ਜਿਨਾਂ ਵਿੱਦਿਆ ਭਵਨ ਮੁਹਾਲੀ ਵਿਖੇ ਐਜੂਸੈਟ ਆਨਲਾਈਨ ਟੈਲੀਕਾਸਟ ਰਾਹੀਂ ਸੂਬੇ ਦੇ 3600 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿਹਤ ਸੇਵਾਵਾਂ, ਸਿਹਤ ਸੰਭਾਲ ਤੇ ਦੰਦਾਂ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕ ਕੀਤਾ। ਡਾ. ਸਿੱਧੂ ਦਾ ਕਹਿਣਾ ਹੈ ਕਿ ਜੀਵਨ ਵਿਚ ਜਿਥੇ ਪੜਾਈ ਜਰੂਰੀ ਹੈ ਓਥੇ ਸਿਹਤ ਪ੍ਰਤੀ ਜਾਗਰੂਕ ਹੋਣਾ ਵੀ ਉਨਾਂ ਮਹੱਤਵ ਰੱਖਦਾ ਹੈ। ਉਨਾਂ ਕਿਹਾ ਕਿ ਉਨਾਂ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਬੱਚਿਆਂ ਸਮੇਤ ਸਮੁੱਚੇ ਸਮਾਜ ਨੂੰ ਸਿਹਤਮੰਦ ਬਣਾਉਣਾ ਹੈ। ਉਨਾਂ ਦੁਹਰਾਇਆ ਕਿ ਉਹ ਇਸੇ ਤਰਾਂ ਸਮਾਜ ਦੀ ਸੇਵਾ ਕਰਦੇ ਰਹਿਣਗੇ। ਉਨਾਂ ਪੰਜਾਬ ਸਰਕਾਰ ਵਲੋ ਦਿੱਤੇ ਇਸ ਵੱਡੇ ਸਨਮਾਨ ਦੇਣ 'ਤੇ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ।