ਡੇਂਗੂ ਦੀ ਦਹਿਸ਼ਤ, ਸਿਵਲ ਹਸਪਤਾਲ ''ਚ ਦੋ ਸਾਲਾ ਬੱਚੀ ਸਮੇਤ 7 ਮਰੀਜ਼ ਭਰਤੀ

09/24/2017 4:03:13 AM

ਕਪੂਰਥਲਾ,   (ਮਲਹੋਤਰਾ)- ਸਿਵਲ ਹਸਪਤਾਲ ਕਪੂਰਥਲਾ 'ਚ ਵਾਇਰਲ ਬੁਖਾਰ ਦੇ ਚਲਦੇ ਅੱਜ 7 ਮਰੀਜ਼ਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਐਮਰਜੈਂਸੀ ਵਾਰਡ 'ਚ ਭਰਤੀ ਕਰਵਾਇਆ ਗਿਆ। ਖੂਨ ਦੀ ਜਾਂਚ ਉਪਰੰਤ ਜ਼ਿਆਦਾਤਰ ਮਰੀਜ਼ਾਂ 'ਚ ਸੈੱਲਾਂ ਦੀ ਗਿਣਤੀ ਘੱਟ ਤੇ ਖੂਨ ਦੀ ਕਮੀ ਪਾਈ ਗਈ। ਸਾਰੇ ਮਰੀਜ਼ਾਂ ਨੂੰ ਡੇਂਗੂ ਬੁਖਾਰ ਦਾ ਡਰ ਸਤਾਅ ਰਿਹਾ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਜਸਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ (52) ਕਪੂਰਥਲਾ ਨੇ ਦੱਸਿਆ ਕਿ ਉਸਨੂੰ ਕੁੱਝ ਦਿਨਾਂ ਤੋਂ ਤੇਜ਼ ਬੁਖਾਰ ਚੱਲ ਰਿਹਾ ਸੀ, ਅੱਜ ਜਦੋਂ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਹੋਇਆ ਤਾਂ ਖੂਨ ਦੀ ਜਾਂਚ ਦੌਰਾਨ ਖੂਨ ਦੀ ਕਮੀ ਤੇ ਸੈੱਲਾਂ ਦੀ ਗਿਣਤੀ 90000 ਪਾਈ ਗਈ।
ਇਸੇ ਤਰ੍ਹਾਂ ਇਲਾਜ ਅਧੀਨ ਤਰਨਵੀਰ ਸਿੰਘ ਪੁੱਤਰ ਜਸਵਿੰਦਰ ਸਿੰਘ (22) ਮੁਹੱਲਾ ਕਾਇਮਪੁਰਾ ਕਪੂਰਥਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਨੂੰ 4 ਦਿਨਾਂ ਤੋਂ ਬੁਖਾਰ ਆਉਣ ਕਾਰਨ ਅੱਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ। 
ਇਸੇ ਤਰ੍ਹਾਂ ਅਮਨਦੀਪ ਸਿੰਘ ਪੁੱਤਰ ਬਲਜੀਤ ਸਿੰਘ ਨਿਵਾਸੀ ਕਪੂਰਥਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਨੂੰ ਕਈ ਦਿਨਾਂ ਤੋਂ ਤੇਜ਼ ਬੁਖਾਰ ਆ ਰਿਹਾ ਸੀ, ਅੱਜ ਅਚਾਨਕ ਸਿਹਤ ਵਿਗੜਨ 'ਤੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। 
ਇਸੇ ਤਰ੍ਹਾਂ ਮਨਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਨਿਵਾਸੀ ਬਾਬਾ ਨਾਮਦੇਵ ਕਾਲੋਨੀ ਕਪੂਰਥਲਾ ਨੂੰ ਸਿਹਤ ਵਿਗੜਣ ਤੋਂ ਬਾਅਦ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਮਨਪ੍ਰੀਤ ਨੂੰ ਕਈ ਦਿਨਾਂ ਤੋਂ ਤੇਜ਼ ਬੁਖਾਰ ਚੱਲ ਰਿਹਾ ਹੈ। ਜਾਂਚ ਦੌਰਾਨ ਉਸਦੇ ਸਰੀਰ 'ਚ ਖੂਨ ਦੀ ਕਮੀ ਪਾਈ ਗਈ। 
ਇਸੇ ਤਰ੍ਹਾਂ ਲਤਾ ਪਤਨੀ ਜੋਗਿੰਦਰ ਸਿੰਘ ਜੋ ਸਿਵਲ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਹੀ ਸੀ, ਨੇ ਦੱਸਿਆ ਕਿ ਜਾਂਚ 'ਚ ਖੂਨ ਦੀ ਕਮੀ ਤੇ ਸੈੱਲਾਂ ਦੀ ਗਿਣਤੀ 70000 ਦੱਸੀ ਗਈ। ਇਸੇ ਤਰ੍ਹਾਂ ਮਨਪ੍ਰੀਤ ਸਿੰਘ ਪੁੱਤਰ ਰਾਜੇਸ਼ ਨਿਵਾਸੀ ਲਾਹੌਰੀ ਗੇਟ ਕਪੂਰਥਲਾ ਨੂੰ ਤੇਜ਼ ਬੁਖਾਰ ਤੋਂ ਬਾਅਦ ਸਿਹਤ ਖਰਾਬ ਹੋਣ ਕਾਰਨ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸੇ ਤਰ੍ਹਾਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਇਲਾਜ ਅਧੀਨ ਮਹਿਕ ਪੁੱਤਰੀ ਰਕੇਸ਼ ਨਿਵਾਸੀ ਮੁਹੱਲਾ ਪਰਮਜੀਤ ਗੰਜ ਕਪੂਰਥਲਾ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮਹਿਕ ਨੂੰ ਬੁਖਾਰ ਆਉਣ ਤੋਂ ਬਾਅਦ ਇਲਾਜ ਲਈ ਭਰਤੀ ਕਰਵਾਇਆ ਗਿਆ। ਜਾਂਚ ਉਪਰੰਤ ਖੂਨ ਦੀ ਘਾਟ ਪਾਈ ਗਈ।