ਡੇਂਗੂ ਲਾਰਵਾ ਦੀ ਪਛਾਣ ਹੋਣ ’ਤੇ ਜ਼ਿੰਮੇਵਾਰ ਲੋਕਾਂ ਦੇ ਕੱਟੇ ਜਾਣ ਚਲਾਨ : ਡਿਪਟੀ ਕਮਿਸ਼ਨਰ

07/25/2020 8:00:30 AM

ਜਲੰਧਰ, (ਚੋਪੜਾ)– ਪਾਣੀ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਫੈਲਾਉਣ ਲਈ ਜ਼ਿੰਮੇਵਾਰ ਅਤੇ ਡੇਂਗੂ ਲਾਰਵਾ ਦੀ ਪਛਾਣ ਹੋਣ ’ਤੇ ਜ਼ਿੰਮੇਵਾਰ ਲੋਕਾਂ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਦੇ ਚਲਾਨ ਕੱਟੇ ਜਾਣ। ਉਕਤ ਹਦਾਇਤਾਂ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਸਿਹਤ ਅਤੇ ਸਥਾਨਕ ਸਰਕਾਰਾਂ ਵਿਭਾਗ ਵਿਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਜਾਰੀ ਕੀਤੀ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਉਕਤ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਕੋਈ ਢਿੱਲ ਨਾ ਵਰਤੀ ਜਾਵੇ ਕਿਉਂਕਿ ਇਹ ਸਮਾਂ ਲੋਕਾਂ ਨੂੰ ਸਬਕ ਸਿਖਾਉਣ ਦਾ ਹੈ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ਹਿਰ ਦੇ ਹਰੇਕ ਵਾਰਡ ਵਿਚ ਫੌਗਿੰਗ ਸ਼ੁਰੂ ਕਰਵਾਉਣ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਜਸਬੀਰ ਸਿੰਘ, ਐੱਸ. ਡੀ. ਐੱਮ. ਰਾਹੁਲ ਸਿੰਧੂ, ਡਾ. ਜੈਇੰਦਰ ਸਿੰਘ, ਸਿਵਲ ਸਰਜਨ ਗੁਰਿੰਦਰ ਕੌਰ ਚਾਵਲਾ ਆਦਿ ਮੌਜੂਦ ਸਨ।


ਡੀ. ਸੀ. ਨੇ ਹੜ੍ਹਾਂ ਨਾਲ ਨਜਿੱਠਣ ਲਈ ਡਰੇਨੇਜ ਵਿਭਾਗ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ 

ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਸੰਭਾਵੀ ਹੜ੍ਹ ਵਰਗੇ ਹਾਲਾਤ ਨਾਲ ਨਿਪਟਣ ਲਈ ਡਰੇਨੇਜ ਵਿਭਾਗ ਵਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਚੱਲ ਰਹੇ ਸਾਰੇ ਕੰਮਾਂ ਨੂੰ ਜਲਦ ਨਿਪਟਾਇਆ ਜਾਵੇ। ਉਨ੍ਹਾਂ ਦੱਸਿਆ ਕਿ ਲੋਹੀਆਂ ਬਲਾਕ ਦੇ ਪਿੰਡ ਇਸਮਾਇਲਪੁਰ ਨਜ਼ਦੀਕ ਸਤਲੁਜ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਫਿਲੌਰ ਨਜ਼ਦੀਕ ਸਤਲੁਜ ਦੇ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਵੀ ਮੁਕੰਮਲ ਹੋ ਚੁੱਕਿਆ ਹੈ। ਉਨ੍ਹਾਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬੰਨ੍ਹ ਦੀ ਮਜ਼ਬੂਤੀ ਲਈ ਚੱਲ ਰਹੇ ਕੰਮ ਵਿਚ ਕੋਈ ਲਾਪਰਵਾਹੀ ਨਾ ਵਰਤਣ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤਾ ਕਿ ਸੌਂਪੀ ਗਈ ਜ਼ਿੰਮੇਵਾਰੀ ਮੁਤਾਬਕ ਹੜ੍ਹਾਂ ਨੂੰ ਰੋਕਣ ਲਈ ਸਾਰੇ ਪ੍ਰਬੰਧ ਸਮੇਂ ’ਤੇ ਕੀਤੇ ਜਾਣ। ਭਾਵੇਂ ਹੜ੍ਹ ਵਰਗੇ ਹਾਲਾਤ ਨਹੀਂ ਹਨ, ਫਿਰ ਵੀ ਤਿਆਰੀਆਂ ਪੂਰੀ ਗੰਭੀਰਤਾ ਨਾਲ ਕੀਤੀਆਂ ਜਾਣ।


ਡੀ. ਸੀ. ਵਲੋਂ ਬਣਾਈ ਉੱਚ ਪੱਧਰੀ ਕਮੇਟੀ ਨੇ ਲਿਆ ਪ੍ਰਾਈਵੇਟ ਹਸਪਤਾਲਾਂ ਦਾ ਜਾਇਜ਼ਾ :

ਪ੍ਰਾਈਵੇਟ ਹਸਪਤਾਲਾਂ ਵਿਚ ਕੋਵਿਡ ਦੇ ਮਰੀਜ਼ਾਂ ਨੂੰ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਲੋਂ ਬਣਾਈ ਉੱਚ ਪੱਧਰੀ ਕਮੇਟੀ ਨੇ ਅੱਜ ਕੋਵਿਡ ਦੇ ਮਰੀਜ਼ਾਂ ਲਈ ਉਪਲੱਬਧ ਬੈੱਡਾਂ ਅਤੇ ਮੁੱਢਲੇ ਢਾਂਚੇ ਦੀ ਉਪਲੱਬਧਤਾ ਦਾ ਜਾਇਜ਼ਾ ਲਿਆ। ਐਡੀਸ਼ਨਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਅਗਵਾਈ ਵਿਚ ਕਮੇਟੀ ਨੇ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸ਼ਹਿਰ ਦੇ 26 ਹਸਪਤਾਲਾਂ ਵਿਚ ਮੈਡੀਕਲ ਮੁੱਢਲੇ ਢਾਂਚੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਏ. ਡੀ. ਸੀ. ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹੇ ਦੇ 26 ਪ੍ਰਾਈਵੇਟ ਹਸਪਤਾਲ ਲੈਵਲ-2 ਤੇ ਲੈਵਲ-3 ਦੇ ਮਰੀਜ਼ਾਂ ਦੇ ਇਲਾਜ ਲਈ ਅੱਗੇ ਆਏ ਹਨ। ਸਿਹਤ ਅਤੇ ਸਿਵਲ ਪ੍ਰਸ਼ਾਸਨ ਦੇ ਨੋਡਲ ਅਧਿਕਾਰੀਆਂ ਵਲੋਂ ਉਕਤ ਪ੍ਰਾਈਵੇਟ ਹਸਪਤਾਲਾਂ ਨਾਲ ਲਗਾਤਾਰ ਤਾਲਮੇਲ ਰੱਖਿਆ ਜਾ ਰਿਹਾ ਹੈ। ਟੀਮਾਂ ਵਲੋਂ ਸਾਂਝੇ ਤੌਰ ’ਤੇ ਬੈੱਡਾਂ ਤੱਕ ਪਾਈਪ ਜ਼ਰੀਏ ਆਕਸੀਜਨ ਪਹੁੰਚਾਉਣ ਅਤੇ ਵੈਂਟੀਲੇਟਰ ਨਾਲ ਸਬੰਧਤ ਪੂਰੀ ਰਿਪੋਰਟ ਤਿਆਰ ਕੀਤੀ ਜਾਵੇਗੀ ਤਾਂ ਕਿ ਗੰਭੀਰ ਮਰੀਜ਼ਾਂ ਨੂੰ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਉਕਤ ਪ੍ਰਾਈਵੇਟ ਹਸਪਤਾਲ ਪੰਜਾਬ ਸਰਕਾਰ ਵਲੋਂ ਇਲਾਜ ਲਈ ਨਿਰਧਾਰਿਤ ਰੇਟ ਹੀ ਲੈਣਗੇ।

Lalita Mam

This news is Content Editor Lalita Mam