ਡੇਂਗੂ ਖ਼ਿਲਾਫ਼ ਲੜਾਈ ਲਈ ਸਿਹਤ ਮੰਤਰੀ ਦੀ ਲੋਕਾਂ ਨੂੰ ਖ਼ਾਸ ਅਪੀਲ

10/27/2020 3:36:48 PM

ਚੰਡੀਗੜ੍ਹ : ਸੂਬੇ 'ਚ ਡੇਂਗੂ ਨੂੰ ਕੰਟਰੋਲ ਕਰਨ ਦੇ ਮੱਦੇਨਜ਼ਰ, ਸਟੇਟ ਟਾਸਕ ਫੋਰਸ ਵੱਲੋਂ ਸਾਂਝੇ ਤੌਰ 'ਤੇ ਯਤਨ ਕੀਤੇ ਜਾ ਰਹੇ ਹਨ, ਜਿਸ 'ਚ ਸਥਾਨਕ ਸਰਕਾਰਾਂ ਮਹਿਕਮਾ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਕਿਰਤ, ਮੈਡੀਕਲ ਸਿੱਖਿਆ ਅਤੇ ਖੋਜ, ਜਲ ਸਪਲਾਈ ਅਤੇ ਸੈਨੀਟੇਸ਼ਨ, ਸਕੂਲ ਸਿੱਖਿਆ ਅਤੇ ਪਸ਼ੂ ਪਾਲਣ ਮਹਿਕਮਾ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਰਿਆਂ ਨੂੰ ਡੇਂਗੂ ਵਿਰੁੱਧ ਮੁਹਿੰਮ 'ਚ ਹਿੱਸਾ ਲੈਣਾ ਚਾਹੀਦਾ ਹੈ, ਕਿਉਂ ਜੋ ਡੇਂਗੂ ਦੇ ਫੈਲਣ ਦਾ ਸਮਾਂ ਨਵੰਬਰ ਅਤੇ ਦਸੰਬਰ ਦੇ ਆਰੰਭ ਤੱਕ ਚੱਲਦਾ ਹੈ।

ਇਹ ਵੀ ਪੜ੍ਹੋ : ਸਕੂਲ ਜਾਣ ਵਾਲੇ ਬੱਚਿਆਂ 'ਤੇ ਮੰਡਰਾ ਰਿਹੈ ਖ਼ਤਰਾ, ਹੁਣ ਸਮਰਾਲਾ 'ਚ ਮਚੀ ਹਫੜਾ-ਦਫੜੀ

ਉਨ੍ਹਾਂ ਦੱਸਿਆ ਕਿ ਸਿਹਤ ਮਹਿਕਮਾ, ਪੰਜਾਬ ਵਲੋਂ ਜਨਵਰੀ ਤੋਂ ਹੁਣ ਤੱਕ ਡੇਂਗੂ ਦੇ 10,890 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਅਤੇ ਇਨ੍ਹਾਂ 'ਚੋਂ 4692 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਬੁਖ਼ਾਰ ਦੇ ਹਰੇਕ ਮਾਮਲੇ ਦੀ ਰਿਪੋਰਟ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਖ਼ਾਸਕਰ ਜਦੋਂ ਸੂਬਾ ਪਹਿਲਾਂ ਹੀ ਕੋਵਿਡ-19 ਮਹਾਮਾਰੀ ਨਾਲ ਲੜ ਰਿਹਾ ਹੈ, ਜਿਸ ਤਹਿਤ ਵੱਖ-ਵੱਖ ਬਿਮਾਰੀਆਂ ਦੇ ਲੱਛਣ ਮੇਲ ਖਾਂਦੇ ਹਨ। ਉਨ੍ਹਾਂ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਹੀ ਡੇਂਗੂ ਦੀ ਰੋਕਥਾਮ ਅਤੇ ਕੰਟਰੋਲ ਕੀਤਾ ਜਾ ਸਕਦਾ ਹੈ ਕਿਉਂਕਿ ਮੱਛਰਾਂ ਦਾ ਪ੍ਰਜਨਣ ਮੁੱਖ ਤੌਰ 'ਤੇ ਘਰਾਂ ਅਤੇ ਦਫਤਰਾਂ 'ਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ “ਐਵਰੀ ਫਰਾਈਡੇਅ-ਡਰਾਈ ਡੇਅ” ਦੀ ਘੋਸ਼ਣਾ ਕੀਤੀ ਹੈ, ਜਿਸਦਾ ਅਰਥ ਹੈ ਕਿ ਹਫ਼ਤੇ 'ਚ ਇਕ ਵਾਰ ਪਾਣੀ ਦੇ ਡੱਬਿਆਂ ਆਦਿ ਨੂੰ ਖਾਲੀ ਅਤੇ ਸਾਫ਼ ਕਰਕੇ ਡੇਂਗੂ ਦੀ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਮਾਲ ਗੱਡੀਆਂ ਰੋਕਣ ਬਾਰੇ 'ਜਾਖੜ' ਦਾ ਤੰਜ, 'ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ 'ਤੇ ਵੀ ਪਾਬੰਦੀ ਨਾ ਲੱਗ ਜਾਵੇ'

ਉਨ੍ਹਾਂ ਕਿਹਾ ਕਿ ਡੇਂਗੂ ਦੇ ਬਹੁਤੇ ਮਾਮਲੇ ਸੂਬੇ ਦੇ ਸ਼ਹਿਰੀ ਇਲਾਕਿਆਂ 'ਚ ਸਾਹਮਣੇ ਆ ਰਹੇ ਹਨ, ਜਿਥੇ ਕੂਲਰਾਂ, ਟਾਇਰਾਂ, ਫੁੱਲਾਂ ਦੇ ਗਮਲਿਆਂ ਅਤੇ ਫਾਲਤੂ ਸਾਮਾਨ 'ਚ ਮੱਛਰ ਦਾ ਪ੍ਰਜਨਣ ਸਭ ਤੋਂ ਵੱਧ ਹੁੰਦਾ ਹੈ। ਸਿਹਤ ਮੰਤਰੀ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਰਕਾਰੀ ਹਸਪਤਾਲਾਂ 'ਚ ਬੁਖ਼ਾਰ ਵਾਲੇ ਮਾਮਲਿਆਂ ਦਾ ਤੁਰੰਤ ਇਲਾਜ ਕੀਤਾ ਜਾਵੇ ਤਾਂ ਜੋ ਡੇਂਗੂ ਕਾਰਨ ਹੋਈ ਬਿਮਾਰੀ ਅਤੇ ਮੌਤ ਦਰ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਡੇਂਗੂ ਪਲੇਟਲੈੱਟ ਦੀ ਘਾਟ ਦਾ ਇਕਲੌਤਾ ਕਾਰਨ ਨਹੀਂ ਹੈ ਅਤੇ ਇਸ ਨਾਲ ਘਬਰਾਉਣਾ ਨਹੀਂ ਚਾਹੀਦਾ, ਇਸ ਸਥਿਤੀ ਨਾਲ ਨਜਿੱਠਣ ਲਈ ਸਰਕਾਰੀ ਹਸਪਤਾਲਾਂ 'ਚ ਸਾਰੀਆਂ ਸਹੂਲਤਾਂ ਮੁਹੱਈਆ ਹਨ। 

ਇਹ ਵੀ ਪੜ੍ਹੋ : ਪ੍ਰੇਮ ਵਿਆਹ ਪਿੱਛੋਂ ਪਤੀ ਦੇ ਅਸਲੀ ਰੰਗ ਨੇ ਬੇਰੰਗ ਕੀਤੀ ਜ਼ਿੰਦਗੀ, ਸੋਚਿਆ ਨਹੀਂ ਸੀ ਇੰਨਾ ਮਾੜਾ ਹੋਵੇਗਾ ਅਖ਼ੀਰ
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਡੇਂਗੂ ਦਾ ਕੋਈ ਮਾਮਲਾ ਸਾਹਮਣਾ ਆਉਂਦਾ ਹੈ ਤਾਂ ਲੋਕਾਂ ਨੂੰ ਸਿਹਤ ਵਿਭਾਗ ਅਤੇ ਸਥਾਨਕ ਸਰਕਾਰਾਂ ਮਹਿਕਮੇ ਕੋਲ ਰਿਪੋਰਟ ਕਰਨੀ ਚਾਹੀਦੀ ਹੈ ਤਾਂ ਜੋ ਸਥਾਨਕ ਸਰਕਾਰਾਂ ਮਹਿਕਮੇ ਵਲੋਂ ਉਸ ਇਲਾਕੇ 'ਚ ਸਪਰੇਅ ਅਤੇ ਫੌਗਿੰਗ ਕੀਤੀ ਜਾ ਸਕੇ। ਸਿਹਤ ਮੰਤਰੀ ਨੇ ਲੋਕਾਂ ਨੂੰ ਡੇਂਗੂ ਵਿਰੁੱਧ ਲੜਾਈ ਲੜਨ ਦੀ ਅਪੀਲ ਕੀਤੀ ਕਿਉਂ ਜੋ ਡੇਂਗੂ ਦਾ ਕਾਰਨ ਬਣਨ ਵਾਲਾ ਮੱਛਰ ਅਤੇ ਚਿਕਨਗੁਨੀਆ (ਏਡੀਜ਼) ਸਿਰਫ ਤਾਜ਼ੇ ਅਤੇ ਸਾਫ਼ ਪਾਣੀ 'ਚ ਪਲਦਾ ਹੈ ਅਤੇ ਸਿਰਫ ਦਿਨ ਦੇ ਸਮੇਂ ਲੜਦਾ ਹੈ।


 

Babita

This news is Content Editor Babita