ਮਾਛੀਵਾੜਾ ''ਚ ਡੇਂਗੂ ਨੇ ਪੈਰ ਪਸਾਰੇ, 3 ਮਰੀਜਾਂ ਦੀ ਹੋਈ ਪੁਸ਼ਟੀ

11/05/2019 2:20:52 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ 'ਚ ਵੀ ਡੇਂਗੂ ਦਾ ਬੁਖਾਰ ਪੈਰ ਪਸਾਰਨ ਲੱਗਾ ਹੈ ਅਤੇ ਹੁਣ ਤੱਕ ਜੋ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ 'ਚ ਇਸ ਬਿਮਾਰੀ ਨਾਲ ਸਬੰਧਿਤ ਤਿੰਨ ਮਰੀਜਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਕਈ ਮਰੀਜ ਵੱਖ-ਵੱਖ ਹਸਪਤਾਲਾਂ 'ਚ ਇਲਾਜ ਅਧੀਨ ਹਨ। ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਇਲਾਕੇ ਵਿਚ ਡੇਂਗੂ ਨਾਲ ਸਬੰਧਿਤ ਤਿੰਨ ਮਰੀਜਾਂ ਦੀ ਪੁਸ਼ਟੀ ਹੋਈ, ਜਿਨ੍ਹਾਂ 'ਚ 2 ਮਰੀਜ ਮਾਛੀਵਾੜਾ ਦੇ ਵਾਰਡ ਨੰਬਰ-1 ਤੇ ਮੀਆਂ ਮੁਹੱਲਾ ਨਾਲ ਸਬੰਧਿਤ ਹਨ, ਜਦਕਿ ਇੱਕ ਮਰੀਜ ਪਿੰਡ ਧੁੱਲੇਵਾਲ ਦਾ ਦੱਸਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਸਿਹਤ ਵਿਭਾਗ ਕੋਲ ਡੇਂਗੂ ਨਾਲ ਸਬੰਧਿਤ 5 ਸ਼ੱਕੀ ਮਰੀਜਾਂ ਦੀ ਸੂਚੀ ਹੈ ਪਰ ਜੇਕਰ ਸਰਕਾਰੀ ਅੰਕੜਿਆਂ ਤੋਂ ਪਰ੍ਹੇ ਜਾ ਕੇ ਦੇਖਿਆ ਜਾਵੇ ਤਾਂ ਮਾਛੀਵਾੜਾ ਇਲਾਕੇ ਵਿਚ ਡੇਂਗੂ ਨਾਲ ਸਬੰਧਿਤ ਸ਼ੱਕੀ ਮਰੀਜਾਂ ਦੀ ਗਿਣਤੀ ਇੱਕ ਦਰਜਨ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਡੇਂਗੂ ਬਿਮਾਰੀ ਨਾਲ ਸਬੰਧਿਤ ਕਈ ਮਰੀਜ ਪ੍ਰਾਈਵੇਟ ਹਸਪਤਾਲਾਂ 'ਚੋਂ ਇਲਾਜ ਕਰਵਾਉਣ ਉਪਰੰਤ ਘਰਾਂ ਨੂੰ ਪਰਤ ਆਉਂਦੇ ਹਨ ਪਰ ਉਨ੍ਹਾਂ ਦੇ ਅੰਕੜੇ ਸਰਕਾਰ ਕੋਲ ਦਰਜ ਨਹੀਂ ਹੁੰਦੇ, ਜਿਸ ਕਾਰਨ ਇਲਾਕੇ ਵਿਚ ਡੇਂਗੂ ਬੁਖਾਰ ਆਪਣੇ ਪੈਰ ਪਸਾਰ ਰਿਹਾ ਹੈ। ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਹੋਣਾ ਪਵੇਗਾ।
ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਕਰ ਰਹੀਆਂ ਜਾਗਰੂਕ
ਇਸ ਸਬੰਧੀ ਗੱਲਬਾਤ ਕਰਦਿਆਂ ਮਾਛੀਵਾੜਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਘਰ-ਘਰ ਜਾਕੇ ਲੋਕਾਂ ਨੂੰ ਡੇਂਗੂ ਤੇ ਹੋਰ ਬਿਮਾਰੀਆਂ ਦੇ ਬਚਾਅ ਲਈ ਜਾਗਰੂਕ ਕੀਤਾ ਜਾਂਦਾ ਹੈ ਅਤੇ ਨਾਲ ਹੀ ਘਰਾਂ ਦੇ ਕੂਲਰਾਂ, ਗਮਲਿਆਂ ਤੇ ਹੋਰਨਾਂ ਥਾਵਾਂ 'ਤੇ ਡੇਂਗੂ ਦਾ ਲਾਰਵਾ ਵੀ ਚੈਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰਾਂ ਦੇ ਆਸ-ਪਾਸ ਸਫ਼ਾਈ ਰੱਖਣ, ਪਾਣੀ ਨਾ ਖੜਾ ਹੋਣ ਦੇਣ ਅਤੇ ਪੂਰੀਆਂ ਬਾਹਾਂ ਦੇ ਕੱਪੜੇ ਪਹਿਨ ਕੇ ਰੱਖਣ। ਐਸ.ਐਮ.ਓ ਨੇ ਇਹ ਵੀ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਮਰੀਜਾਂ ਲਈ ਵੱਖਰਾ ਵਾਰਡ ਬਣਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਖੰਨਾ ਸਰਕਾਰੀ ਹਸਪਤਾਲ ਵਿਖੇ ਡੇਂਗੂ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਅਤੇ ਪ੍ਰਾਈਵੇਟ ਲੈਬੋਟਰੀਆਂ ਵੀ ਇਸ ਟੈਸਟ ਦੇ 600 ਰੁਪਏ ਤੋਂ ਵੱਧ ਨਹੀਂ ਵਸੂਲ ਸਕਦੇ।

Babita

This news is Content Editor Babita