ਸਾਹਨੇਵਾਲ ''ਚ ਡੇਂਗੂ ਨੇ ਪਸਾਰੇ ਪੈਰ, ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ

10/22/2017 1:01:57 PM


ਸਾਹਨੇਵਾਲ (ਹਨੀ) - ਇਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਪੂਰੇ ਦੇਸ਼ 'ਚ ਚਿਕਨਗੁਨੀਆ ਤੇ ਡੇਂਗੂ ਵਰਗੀ ਭਿਆਨਕ ਬੀਮਾਰੀ ਦੀ ਰੋਕਥਾਮ ਲਈ ਸਿਹਤ ਵਿਭਾਗ ਮਹਿਕਮੇ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇਸ ਬੀਮਾਰੀ ਦੀ ਰੋਕਥਾਮ ਕਰਨ 'ਚ ਕੋਈ ਕੁਤਾਹੀ ਨਾ ਵਰਤੀ ਜਾਵੇ ਪਰ ਦੂਸਰੇ ਪਾਸੇ ਇਸ ਫੈਲ ਰਹੀ ਬੀਮਾਰੀ ਨੂੰ ਦੇਖਦੇ ਹੋਏ ਸਾਹਨੇਵਾਲ ਸਿਹਤ ਵਿਭਾਗ ਮਹਿਕਮਾ ਕੁੰਭਕਰਨੀ ਨੀਂਦ ਸੌਂ ਰਿਹਾ ਹੈ।
ਜਾਣਕਾਰੀ ਅਨੁਸਾਰ ਕਸਬਾ ਸਾਹਨੇਵਾਲ ਦੇ ਵਾਸੀਆਂ ਨੇ ਦੱਸਿਆ ਕਿ ਸਾਹਨੇਵਾਲ ਕਸਬੇ 'ਚ ਡੇਂਗੂ ਵਰਗੀ ਭਿਆਨਕ ਬੀਮਾਰੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸਾਹਨੇਵਾਲ ਸਿਹਤ ਵਿਭਾਗ ਮਹਿਕਮੇ ਕੋਲ ਡੇਂਗੂ ਵਰਗੀ ਭਿਆਨਕ ਬੀਮਾਰੀ ਦੀ ਰੋਕਥਾਮ ਲਈ ਕੋਈ ਖਾਸ ਪ੍ਰਬੰਧ ਨਹੀਂ ਹਨ ਅਤੇ ਮਜਬੂਰਨ ਇਲਾਕੇ ਦੇ ਲੋਕ ਸਾਹਨੇਵਾਲ ਦੇ ਆਸ-ਪਾਸ ਖੁੱਲ੍ਹੇ ਪ੍ਰਾਈਵੇਟ ਹਸਪਤਾਲਾਂ 'ਚ ਆਪਣਾ ਇਲਾਜ ਕਰਵਾਉਣ ਲਈ ਮਜਬੂਰ ਹੋ ਰਹੇ ਹਨ। ਜਦੋਂ ਇਸ ਸਬੰਧੀ ਸਾਹਨੇਵਾਲ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਐੱਸ. ਐੱਮ. ਓ. ਡਾ. ਜੇ. ਪੀ. ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸ ਬੀਮਾਰੀ ਦੇ ਇਲਾਜ ਲਈ ਕੋਈ ਸਪੈਸ਼ਲਿਸਟ ਡਾਕਟਰ ਦਾ ਪ੍ਰਬੰਧ ਨਹੀਂ ਹੈ। ਇਲਾਕਾ ਨਿਵਾਸੀਆਂ ਨੇ ਸਿਵਲ ਸਰਜਨ ਲੁਧਿਆਣਾ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਸਾਹਨੇਵਾਲ 'ਚ ਵੀ ਫੈਲ ਰਹੀ ਡੇਂਗੂ ਵਰਗੀ ਭਿਆਨਕ ਬੀਮਾਰੀ ਦੀ ਰੋਕਥਾਮ ਲਈ ਯੋਗ ਪ੍ਰਬੰਧ ਸਖਤੀ ਨਾਲ ਲਾਗੂ ਕਰਵਾਏ ਜਾਣ ਤਾਂ ਜੋ ਲੋਕਾਂ ਨੂੰ ਇਸ ਭਿਆਨਕ ਬੀਮਾਰੀ ਤੋਂ ਰਾਹਤ ਮਿਲ ਸਕੇ।