ਇਕ ਮਹੀਨੇ ਤੋਂ ਕਪੂਰਥਲਾ ''ਚ ਡੇਂਗੂ ਨੇ ਮਚਾਇਆ ਕਹਿਰ, ਲੋਕਾਂ ਦੇ ਦਿਲਾਂ ''ਚ ਅੱਤਵਾਦ ਤੋਂ ਵੀ ਵੱਧ ਖੌਫ

09/11/2017 12:25:47 PM

ਕਪੂਰਥਲਾ(ਭੂਸ਼ਣ)— ਬੀਤੇ ਇਕ ਮਹੀਨੇ ਤੋਂ ਕਪੂਰਥਲਾ ਸ਼ਹਿਰ ਸਮੇਤ ਪੂਰੇ ਜ਼ਿਲੇ ਵਿਚ ਡੇਂਗੂ ਬੁਖਾਰ ਨੇ ਆਪਣੀ ਇਸ ਕਦਰ ਦਹਿਸ਼ਤ ਫੈਲਾ ਦਿੱਤੀ ਹੈ ਕਿ ਡੇਂਗੂ ਦੇ ਕਹਿਰ ਨੇ ਲੋਕਾਂ ਦੇ ਦਿਲੋ-ਦਿਮਾਗ 'ਚ ਅੱਤਵਾਦ ਤੋਂ ਵੀ ਕਿਤੇ ਜ਼ਿਆਦਾ ਖੌਫ ਪੈਦਾ ਕਰ ਦਿੱਤਾ ਹੈ, ਉਥੇ ਹੀ ਦੂਜੇ ਪਾਸੇ ਸੂਬੇ ਵਿਚ ਲੱਖਾਂ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਜ਼ਿੰਮੇਵਾਰ ਮੰਨੇ ਜਾਣ ਵਾਲੇ ਸਿਹਤ ਵਿਭਾਗ ਦੀ ਨਾਕਾਮੀ ਦਾ ਆਲਮ ਤਾਂ ਇਹ ਹੈ ਕਿ ਕਪੂਰਥਲਾ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ 'ਚ ਡੇਂਗੂ ਤੋਂ ਪੀੜਤ ਲੋਕਾਂ ਦੀ ਗਿਣਤੀ ਦਾ ਆਂਕੜਾ ਇਕ ਹਜ਼ਾਰ ਤੋਂ ਵੀ 'ਤੇ ਪਹੁੰਚ ਗਿਆ ਹੈ।   
ਸਰਕਾਰੀ ਹਸਪਤਾਲਾਂ ਤੋਂ ਡੇਂਗੂ ਪੀੜਤਾਂ ਦਾ ਉੱਠਦਾ ਜਾ ਰਿਹਾ ਹੈ ਵਿਸ਼ਵਾਸ
ਸਿਵਲ ਹਸਪਤਾਲ ਕਪੂਰਥਲਾ ਸਮੇਤ ਜ਼ਿਲਾ ਭਰ ਦੇ ਸਰਕਾਰੀ ਹਸਪਤਾਲਾਂ 'ਚ ਡੇਂਗੂ ਦੇ ਸੀਜ਼ਨ 'ਚ ਬਦਹਾਲੀ ਦਾ ਆਲਮ ਤਾਂ ਇਹ ਹੈ ਕਿ ਡੇਂਗੂ ਦਾ ਸ਼ਿਕਾਰ ਹੋ ਰਹੇ ਲੋਕ ਸਰਕਾਰੀ ਹਸਪਤਾਲਾਂ ਵਿਚ ਮਸ਼ੀਨਾਂ ਦੇ ਨਾ ਹੋਣ 'ਤੇ ਡਾਕਟਰਾਂ ਵਿਚ ਇੱਛਾ ਸ਼ਕਤੀ ਦੀ ਕਮੀ ਨੂੰ ਵੇਖਦੇ ਹੋਏ ਆਪਣੀ ਜਾਨ ਬਚਾਉਣ ਲਈ ਜਲੰਧਰ ਅਤੇ ਲੁਧਿਆਣਾ ਦੇ ਨਿੱਜੀ ਹਸਪਤਾਲਾਂ ਵਿਚ ਹਜ਼ਾਰਾਂ ਰੁਪਏ ਖਰਚ ਕਰਕੇ ਆਪਣਾ ਇਲਾਜ ਕਰਵਾ ਰਹੇ ਹਨ। ਲੋਕਾਂ ਦੀ ਇਸ ਦਹਿਸ਼ਤ ਨੂੰ ਵੇਖਦੇ ਹੋਏ ਜ਼ਿਲਾ ਸਿਹਤ ਵਿਭਾਗ ਦੇ ਕੋਲ ਡੇਂਗੂ ਨਾਲ ਪੀੜਤ ਮਰੀਜ਼ਾਂ ਦਾ ਕੋਈ ਪੁਖਤਾ ਆਂਕੜਾ ਵੀ ਨਹੀਂ ਹੈ। ਬੀਤੇ ਸਾਲ ਹੋਈਆਂ ਡੇਂਗੂ ਨਾਲ 15 ਮੌਤਾਂ ਅਤੇ 2 ਹਜ਼ਾਰ ਲੋਕਾਂ ਦੇ ਡੇਂਗੂ ਦਾ ਸ਼ਿਕਾਰ ਹੋਣ ਨਾਲ ਲੋਕਾਂ ਦਾ ਜ਼ਿਲੇ ਦੇ ਸਰਕਾਰੀ ਹਸਪਤਾਲਾਂ ਤੋਂ ਮੋਹ ਪੂਰੀ ਤਰ੍ਹਾਂ ਨਾਲ ਭੰਗ ਹੋ ਚੁੱਕਿਆ ਹੈ, ਜਿਸ ਦੇ ਕਾਰਨ ਮੱਧ ਅਤੇ ਗਰੀਬ ਵਰਗ ਦੇ ਪਰਿਵਾਰਾਂ ਨਾਲ ਸਬੰਧਤ ਲੋਕ ਵੀ ਆਪਣੀ ਜਾਨ ਬਚਾਉਣ ਲਈ ਜਲੰਧਰ ਅਤੇ ਲੁਧਿਆਣਾ ਦੇ ਨਿੱਜੀ ਹਸਪਤਾਲਾਂ ਵਿਚ ਭਰਤੀ ਹੋ ਰਹੇ ਹਨ।  
ਸਰਕਾਰ ਦੀ ਅਜੀਬੋ-ਗਰੀਬ ਪਾਲਿਸੀ ਦੇ ਕਾਰਨ ਪਲੈਟਸ ਮਸ਼ੀਨ ਤੋਂ ਸੱਖਣਾ ਹੈ ਸਿਵਲ ਹਸਪਤਾਲ
ਡੇਂਗੂ ਨਾਲ ਨਿਬੜਨ ਲਈ ਪੰਜਾਬ ਸਰਕਾਰ ਨੇ ਸੂਬੇ ਭਰ ਵਿਚ ਇਕ ਅਜੀਬੋ-ਗਰੀਬ ਅਤੇ ਹੈਰਾਨ ਕਰਨ ਵਾਲੀ ਪਾਲਿਸੀ ਲਾਂਚ ਕਰਦੇ ਹੋਏ ਸਿਰਫ 5 ਵੱਡੇ ਸ਼ਹਿਰਾਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ 'ਚ ਹੀ ਡੇਂਗੂ ਮਰੀਜ਼ਾਂ ਨੂੰ ਪਲੈਟਸ ਚੜ੍ਹਾਉਣ ਲਈ ਮਸ਼ੀਨਾਂ ਲਗਾਈਆਂ ਹਨ, ਜਦ ਕਿ ਇਨ੍ਹਾਂ ਮਸ਼ੀਨਾਂ ਤੋਂ ਸੂਬੇ ਦੇ 80 ਫ਼ੀਸਦੀ ਤੋਂ ਵੀ ਜ਼ਿਆਦਾ ਖੇਤਰ ਸੱਖਣੇ ਹਨ। ਜਿਸ ਕਾਰਨ ਡੇਂਗੂ ਬੁਖਾਰ ਦਾ ਸ਼ਿਕਾਰ ਹੋਣ ਵਾਲੇ ਮਰੀਜ਼ਾਂ ਨੂੰ ਜਿਥੇ ਆਪਣੇ ਖੇਤਰ ਦੇ ਸਰਕਾਰੀ ਹਸਪਤਾਲਾਂ ਵਿਚ ਪਲੈਟਸ ਚੜ੍ਹਾਉਣ ਦੀ ਸਹੂਲਤ ਨਾ ਮਿਲਣ ਦੇ ਕਾਰਨ ਗਰੀਬ ਲੋਕਾਂ ਨੂੰ ਵੀ ਹਜ਼ਾਰਾਂ ਰੁਪਏ ਦੀ ਰਕਮ ਖਰਚ ਕਰਕੇ ਮਹਿੰਗੇ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜੋ ਕਿਤੇ ਨਾ ਕਿਤੇ ਸਰਕਾਰ ਦੇ ਸਿਹਤ ਪ੍ਰੋਗਰਾਮ ਦੇ ਲਗਾਤਾਰ ਨਿਕਲ ਰਹੇ ਜਨਾਜ਼ੇ ਵੱਲ ਇਸ਼ਾਰਾ ਕਰ ਰਿਹਾ ਹੈ।    
ਕੀ ਕਹਿੰਦੇ ਹਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ
ਇਸ ਸੰਬੰਧ ਵਿਚ ਜਦੋਂ ਸੂਬੇ ਦੇ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਡੇਂਗੂ ਦਾ ਇਸ ਕਦਰ ਫੈਲਣਾ ਬੇਹੱਦ ਦੁੱਖਦਾਈ ਹੈ, ਜਿਸ ਨਾਲ ਨਿੱਜਠਣ ਲਈ ਉਹ ਪੂਰੀ ਤਰ੍ਹਾਂ ਨਾਲ ਗੰਭੀਰ ਹਨ। ਇਸ ਮਕਸਦ ਨਾਲ ਉਨ੍ਹਾਂ ਨੇ ਅੱਜ ਸੋਮਵਾਰ ਨੂੰ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀਆਂ 'ਤੇ ਆਧਾਰਿਤ ਇਕ ਵਿਸ਼ੇਸ਼ ਟੀਮ ਨੂੰ ਇਸ ਸਬੰਧੀ ਰਣਨੀਤੀ ਬਣਾਉਣ ਦੇ ਹੁਕਮ ਦਿੱਤੇ ਹਨ ।  
ਆਮ ਲੋਕਾਂ 'ਚ ਡੇਂਗੂ ਤੋਂ ਨਿਬੜਨ ਲਈ ਹੈ ਜਾਗਰੂਕਤਾ ਦੀ ਕਮੀ
ਸਿਹਤ ਵਿਭਾਗ ਦੀ ਡੇਂਗੂ ਨਾਲ ਨਿਬੜਨ ਲਈ ਲਗਾਤਾਰ ਨਾਕਾਮੀ ਦਾ ਆਲਮ ਤਾਂ ਇਹ ਹੈ ਕਿ ਡੇਂਗੂ ਹੋਣ ਦੇ ਬਾਵਜੂਦ ਵੀ ਜਦੋਂ ਆਮ ਲੋਕ ਐਂਟੀ ਬਾਇਓਟਿਕ ਦਵਾਈਆਂ ਲੈਣੀਆਂ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਦੇ ਸਰੀਰ ਦੇ ਸੈੱਲ ਇਕ ਦਮ ਨਾਲ ਘਟਣੇ ਸ਼ੁਰੂ ਹੋ ਜਾਂਦੇ ਹਨ ਜਿਸਦੇ ਕਾਰਨ ਜਦੋਂ ਉਨ੍ਹਾਂ ਦੀ ਤਬੀਅਤ ਇਕ ਦਮ ਵਿਗੜ ਜਾਂਦੀ ਹੈ ਤਾਂ ਉਨ੍ਹਾਂ ਨੂੰ ਆਪਣੇ ਇਲਾਜ ਲਈ ਕਈ ਵਾਰ ਤਾਂ ਆਪਣੀ ਪੂਰੀ ਉਮਰ ਦੀ ਕਮਾਈ ਖਰਚ ਕਰਨੀ ਪੈਂਦੀ ਹੈ। ਅਸਲ ਵਿਚ ਸੱਚਾਈ ਤਾਂ ਇਹ ਹੈ ਕਿ ਡੇਂਗੂ ਮਰੀਜ਼ਾਂ ਨੂੰ ਡੇਂਗੂ ਤੋਂ ਮੁਕਤੀ ਲਈ ਐਂਟੀ ਬਾਇਓਟਿਕ ਦਵਾਈਆਂ ਲੈਣਾ ਜਿਥੇ ਇਕ ਬੇਹੱਦ ਭਿਆਨਕ ਕਦਮ ਹੋ ਸਕਦਾ ਹੈ ਉਥੇ ਹੀ ਇਸ ਨਾਲ ਮਰੀਜ਼ ਦੀ ਜ਼ਿੰਦਗੀ ਨੂੰ ਖ਼ਤਰਾ ਹੋ ਸਕਦਾ ਹੈ ਪਰ ਇਸ ਸਬੰਧੀ ਸਿਹਤ ਵਿਭਾਗ ਵੱਲੋਂ ਕੋਈ ਪੁਖਤਾ ਮੁਹਿੰਮ ਨਾ ਚਲਾਉਣ ਦੇ ਕਾਰਨ ਲੋਕ ਜਾਣੇ ਅਨਜਾਣੇ ਦੇ ਕਾਰਨ ਬੁਖਾਰ ਹੋਣ 'ਤੇ ਐਂਟੀ ਬਾਇਓਟਿਕ ਦਵਾਈਆਂ ਲੈ ਰਹੇ ਹਨ।  
ਕੀ ਕਹਿੰਦੇ ਹਨ ਡੀ. ਸੀ.
ਇਸ ਸੰੰਬੰਧੀ ਜਦੋਂ ਡੀ. ਸੀ. ਮੁਹੰਮਦ ਤਈਅਬ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਡੇਂਗੂ ਨਾਲ ਨਿਬੜਨ ਲਈ ਉਨ੍ਹਾਂ ਸਿਹਤ ਵਿਭਾਗ ਨੂੰ ਕਈ ਨਿਰਦੇਸ਼ ਦਿੱਤੇ ਹਨ ਅਤੇ ਉਨ੍ਹਾਂ ਨੇ ਸਿਵਲ ਹਸਪਤਾਲ ਦਾ ਜਾਇਜ਼ਾ ਲਿਆ ਹੈ, ਇਸਦੇ ਬਾਵਜੂਦ ਵੀ ਉਹ ਡਾਕਟਰਾਂ ਦੀ ਵਿਸ਼ੇਸ਼ ਮੀਟਿੰਗ ਸੱਦ ਕੇ ਨਵੇ ਦਿਸ਼ਾ-ਨਿਰਦੇਸ਼ ਜਾਰੀ ਕਰਨਗੇ ।