ਡੇਂਗੂ ਦੀ ਰੋਕਥਾਮ ਲਈ ਪ੍ਰਸ਼ਾਸਨ ਹੋਇਆ ਸਖ਼ਤ, ਲਾਰਵਾ ਮਿਲਣ ''ਤੇ ਕੀਤੇ ਚਲਾਨ

10/17/2019 1:45:16 PM

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ ਤਨੇਜਾ, ਖੁਰਾਣਾ, ਸੁਖਪਾਲ) - ਜ਼ਿਲਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵਲੋਂ ਜ਼ਿਲੇ 'ਚ ਡੇਂਗੂ ਦੇ ਪਸਾਰੇ ਨੂੰ ਰੋਕਣ ਲਈ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਹਦਾਇਤਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮਾਂ ਵਲੋਂ ਜਿੰਨ੍ਹਾਂ ਘਰਾਂ ਜਾਂ ਅਦਾਰਿਆਂ ਤੋਂ ਡੇਂਗੂ ਦੇ ਲਾਰਵੇ ਦਾ ਪਤਾ ਲਾਇਆ ਜਾ ਰਿਹਾ ਹੈ, ਉਨ੍ਹਾਂ ਦੇ ਨਗਰ ਕੌਂਸਲਾਂ ਵਲੋਂ ਚਲਾਨ ਕੀਤੇ ਜਾ ਰਹੇ ਹਨ। ਡੀ.ਸੀ. ਐੱਮ.ਕੇ. ਅਰਾਵਿੰਦ ਕੁਮਾਰ ਆਈ.ਏ.ਐੱਸ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਦੇ ਪਸਾਰ ਨੂੰ ਰੋਕਣ 'ਚ ਆਪਣੀ ਅਹਿਮ ਭੁਮਿਕਾ ਨਿਭਾਉਣ। ਸਿਹਤ ਵਿਭਾਗ ਦੀ ਸਲਾਹ ਅਨੁਸਾਰ ਲੋਕ ਆਪਣੇ ਘਰਾਂ ਦੇ ਕੁਲਰਾਂ, ਗਮਲਿਆਂ ਜਾਂ ਹੋਰ ਥਾਂਵਾਂ ਤੇ ਪਾਣੀ ਇੱਕਤਰ ਨਾ ਹੋਣ ਦੇਣ, ਕਿਉਂਕਿ ਡੇਂਗੂ ਦਾ ਮੱਛਰ ਇੰਨ੍ਹਾਂ ਥਾਂਵਾਂ 'ਤੇ ਹੀ ਪਨਪਦਾ ਹੈ। ਵਧੀਕ ਡੀ.ਸੀ. ਜਨਰਲ ਡਾ: ਰਿਚਾ ਆਈ.ਏ.ਐੱਸ. ਨੇ ਦੱਸਿਆ ਕਿ ਹੁਣ ਤੱਕ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵਲੋਂ 23, ਨਗਰ ਕੌਂਸਲ ਮਲੋਟ ਵਲੋਂ 33 ਅਤੇ ਨਗਰ ਕੌਂਸਲ ਗਿੱਦੜਬਾਹਾ ਵਲੋਂ ਡੇਂਗੁ ਦਾ ਲਾਰਵਾ ਮਿਲਣ 'ਤੇ 3 ਚਲਾਨ ਕੀਤੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਤੋਂ ਸੁਚੇਤ ਰਹਿਣ। ਇਸ ਤੋਂ ਬਿਨ੍ਹਾਂ ਡੇਂਗੂ ਦੇ ਮੱਛਰ ਦੀ ਰੋਕਥਾਮ ਲਈ ਫੋਗਿੰਗ ਵੀ ਕਰਵਾਈ ਜਾ ਰਹੀ ਹੈ।

ਏਲੀਜ਼ਾ ਟੈਸਟ ਨਾਲ ਪਤਾ ਲਗਦਾ ਡੇਂਗੂ ਦਾ
ਡੇਂਗੂ ਹੋਣ ਦੀ ਪੁਸ਼ਟੀ ਸਬੰਧੀ ਸਰਕਾਰੀ ਮਾਪਦੰਡਾਂ ਅਨੁਸਾਰ ਏਲੀਜ਼ਾ ਟੈਸਟ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਫਤ ਕੀਤਾ ਜਾਂਦਾ ਹੈ। ਡੇਂਗੂ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਸਗੋਂ ਇਸ ਸਬੰਧੀ ਬਚਾਅ ਤੋਂ ਜਾਗਰੂਕ ਹੋ ਕੇ ਇਸ ਤੋਂ ਪੂਰੀ ਤਰਾਂ ਬਚਿਆ ਜਾ ਸਕਦਾ ਹੈ। ਸਰਕਾਰੀ ਹਸਪਤਾਲਾਂ ਵਿਚ ਇਸਦਾ ਇਲਾਜ ਮੁਫ਼ਤ ਹੈ।

ਡੇਂਗੂ ਦੇ ਕੀ ਹਨ ਲੱਛਣ
ਡਾ: ਵਿਕਰਮ ਅਸੀਜਾ ਅਨੁਸਾਰ ਤੇਜ ਬੁਖਾਰ, ਸਿਰ ਦਰਦ, ਮਾਸ ਮੇਸ਼ੀਆਂ 'ਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿੱਛਲੇ ਹਿੱਸੇ 'ਚ ਦਰਦ, ਮਸੂੜਿਆਂ ਅਤੇ ਨੱਕ 'ਚੋਂ ਖੂਨ ਵਗਣਾ ਡੇਂਗੂ ਦੇ ਲੱਛਣ ਹਨ। ਜੇਕਰ ਅਜਿਹੇ ਲੱਛਣ ਵਿਖਾਈ ਦੇਣ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਨਾਲ ਰਾਬਤਾ ਕੀਤਾ ਜਾਵੇ।

ਡੇਂਗੂ ਤੋਂ ਬਚਾਓ ਦੇ ਤਰੀਕੇ
ਕੂਲਰਾਂ ਅਤੇ ਗਮਲਿਆਂ ਦੀਆਂ ਟ੍ਰੇਆਂ 'ਚ ਖੜੇ ਪਾਣੀ ਨੂੰ ਹਫ਼ਤੇ 'ਚ ਇਕ ਵਾਰ ਜਰੂਰ ਸਾਫ ਕਰੋ। ਕਪੜੇ ਅਜਿਹੇ ਪਹਿਨੋ ਜਿਸ ਨਾਲ ਸ਼ਰੀਰ ਢੱਕਿਆ ਰਹੇ ਅਤੇ ਤੁਹਾਨੂੰ ਮੱਛਰ ਨਾ ਕਟੇ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਬੁਖਾਰ ਹੋਣ ਤੇ ਐਸਪਰੀਨ ਜਾਂ ਬਰੂਫਿਨ ਨਾ ਲਵੋ ਅਤੇ ਬੁਖਾਰ ਹੋਣ ਤੇ ਕੇਵਲ ਪੈਰਾਸੀਟਾਮੋਲ ਹੀ ਲਵੋ। ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖੋ। ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲੇ ਵਿਚ ਨਾ ਰੱਖੋ ਕਿਉਂਕਿ ਇੰਨ੍ਹਾਂ ਵਿਚ ਜਮਾਂ ਹੋਏ ਪਾਣੀ ਤੇ ਡੇਂਗੂ ਦਾ ਮੱਛਰ ਪਨਪਦਾ ਹੈ। ਪਾਣੀ ਜਾਂ ਤਰਲ ਚੀਜਾਂ ਜ਼ਿਆਦਾ ਪਿਓ।

rajwinder kaur

This news is Content Editor rajwinder kaur