ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਖਿਲਾਫ ਪ੍ਰਦਰਸ਼ਨ

10/27/2017 4:41:03 AM

ਕਪੂਰਥਲਾ, (ਮੱਲ੍ਹੀ)- ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਸਾਸ਼ਨ ਚਲਾÀੁਂਦਿਆਂ ਲਏ ਜਾ ਰਹੇ ਫੈਸਲਿਆਂ ਤੋਂ ਔਖ ਮਹਿਸੂਸ ਕਰਦੇ ਦਲਿਤ ਸਮਾਜ ਦੇ ਲੋਕ ਇਕਜੁੱਟ ਹੋਣ ਲੱਗੇ ਹਨ ਤੇ ਵੱਖ-ਵੱਖ ਦਲਿਤ ਸਮਾਜ ਦੀਆਂ ਜਥੇਬੰਦੀਆਂ ਦੇ ਮੁਲਾਜ਼ਮਾਂ ਤੇ ਆਮ ਲੋਕਾਂ ਦੀ ਅੱਜ ਰੇਲ ਕੋਚ ਫੈਕਟਰੀ ਵਿਖੇ ਇੱਕ ਅਹਿਮ ਮੀਟਿੰਗ ਹੋਈ, ਜਿਸ 'ਚ ਹਾਜ਼ਰੀਨ ਨੇ ਕੈਪਟਨ ਸਰਕਾਰ ਖਿਲਾਫ ਰੱਜ ਕੇ ਭੜਾਸ ਕੱਢੀ ਤੇ ਨਾਅਰੇਬਾਜ਼ੀ ਵੀ ਕੀਤੀ।
ਮੀਟਿੰਗ 'ਚ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਆਰ. ਸੀ. ਐੱਫ. ਦੇ ਪ੍ਰਧਾਨ ਕ੍ਰਿਸ਼ਨ ਜੱਸਲ ਤੇ ਸਕੱਤਰ ਧਰਮਪਾਲ ਪੈਂਥਰ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਜੋ ਚੋਣਾਂ ਮੌਕੇ ਤਾਂ ਦਲਿਤ ਸਮਾਜ ਦੇ ਲੋਕਾਂ ਨੂੰ ਪਾਰਟੀ ਦੀ ਰੀੜ੍ਹ ਦੀ ਹੱਡੀ ਆਖਦੀ ਹੈ ਪਰ ਜਦੋਂ ਸੱਤਾ 'ਚ ਆÀੁਂਦੀ ਹੈ ਤਾਂ ਪਾਰਟੀ ਦੇ ਹੁਕਮਰਾਨ ਦਲਿਤ ਸਮਾਜ ਦੇ ਲੋਕਾਂ ਖਿਲਾਫ ਹੀ ਫੈਸਲੇ ਲੈਣ ਲੱਗ ਪੈਂਦੇ ਹਨ। 
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਤੇ ਬਿਜਲੀ ਦੇ ਰੇਟਾਂ 'ਚ ਬੇਤਹਾਸ਼ਾ ਵਾਧਾ ਕਰਨਾ ਗਰੀਬ ਮਾਰੂ ਫੈਸਲੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਦਲਿਤ ਸਮਾਜ ਦੇ ਬੱਚਿਆਂ ਦੀ ਹੈ, ਜਿਨ੍ਹਾਂ ਨੂੰ ਬੰਦ ਕਰਨ ਨਾਲ ਪਹਿਲਾਂ ਹੀ ਪੜ੍ਹਾਈ ਤੋਂ ਪੱਛੜੇ ਬੱਚੇ ਫਿਰ ਅਨਪੜ੍ਹ ਰਹਿ ਜਾਣਗੇ ਤੇ ਇਹੀ ਹਾਲ ,ਬਿਜਲੀ ਦਰਾਂ 'ਚ ਕੀਤੇ ਵਾਧੇ ਦਾ ਹੈ ਜਿਸ 'ਚ ਕਿਸਾਨਾਂ ਨੂੰ ਖੇਤੀ ਲਈ ਬਿਜਲੀ ਮੁਫ਼ਤ ਤੇ ਉਦਯੋਗਾਂ ਨੂੰ ਬਿਜਲੀ ਸਸਤੀ ਮਿਲੇਗੀ ਤੇ ਸਰਕਾਰ ਦੱਸੇ ਕਿ ਦਲਿਤ ਸਮਾਜ ਦੇ ਲੋਕਾਂ ਉੱਪਰ ਬਿਜਲੀ ਦਾ ਵਾਧੂ ਬੋਝ ਕਿਉਂ ਪਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਐੱਸ. ਸੀ./ਐੱਸ. ਟੀ. ਐਸੋਸੀਏਸ਼ਨ ਦੇ ਪ੍ਰਧਾਨ ਜੀਤ ਸਿੰਘ ਤੇ ਵਰਕਿੰਗ ਪ੍ਰਧਾਨ ਰਣਜੀਤ ਸਿੰਘ ਅਤੇ ਅਮਰਜੀਤ ਸਿੰਘ ਮੱਲ ਨੇ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ, ਸਕੂਲਾਂ 'ਚ ਮਿਡ-ਡੇ-ਮੀਲ ਸਕੀਮ ਦਮ ਤੋੜ ਰਹੀ ਹੈ, ਗਰੀਬ ਬਜ਼ੁਰਗਾਂ ਨੂੰ ਸਮੇਂ ਸਿਰ ਪੈਨਸ਼ਨਾਂ ਨਹੀਂ ਮਿਲ ਰਹੀਆਂ ਤੇ ਗਰੀਬ ਲੋਕਾਂ ਦੀਆਂ ਧੀਆਂ ਦੇ ਵਿਆਹ ਮੌਕੇ ਮਿਲਣ ਵਾਲੀ ਸ਼ਗਨ ਸਕੀਮ ਦੇ ਪੈਸੇ ਵੀ ਸਮੇਂ ਸਿਰ ਨਹੀਂ ਮਿਲ ਰਹੇ ਜੋ ਸਰਕਾਰ ਦੀ ਘਟੀਆ ਸਾਸ਼ਨ ਪ੍ਰਣਾਲੀ ਦਾ ਜਿਊਂਦਾ ਜਾਗਦਾ ਸਬੂਤ ਹੈ। ਮੀਟਿੰਗ 'ਚ ਸ਼ਾਮਲ ਸੰਤੋਖ ਰਾਮ ਜਨਾਗਲ, ਨਿਰਮਲ ਸਿੰਘ, ਮਨਜੀਤ ਸਿੰਘ, ਕਸ਼ਮੀਰ ਸਿੰਘ, ਕੇ. ਐੱਸ. ਖੋਖਰ, ਰੂਪ ਲਾਲ, ਆਰ. ਸੀ. ਮੀਣਾ ਆਦਿ ਨੇ ਕਿਹਾ ਕਿ ਜੇ ਕੈਪਟਨ ਸਰਕਾਰ ਆਪਣਾ ਦਲਿਤ ਸਮਾਜ ਵਿਰੋਧੀ ਰਵੱਈਆ ਨਹੀਂ ਬਦਲਦੀ ਤਾਂ ਉਹ ਖਾਮੋਸ਼ ਨਹੀਂ ਬੈਠਣਗੇ, ਸਗੋਂ ਕੈਪਟਨ ਸਰਕਾਰ ਖਿਲਾਫ ਦਲਿਤਾਂ ਦੇ ਹੱਕਾਂ ਨੂੰ ਲੈ ਕੇ ਜ਼ੋਰਦਾਰ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।