ਰਤਨ ਸਿੰਘ ਚੌਕ ''ਚ ਪੁਲਸ ਵਿਰੁੱਧ ਪ੍ਰਦਰਸ਼ਨ

07/23/2017 7:22:16 AM

ਅੰਮ੍ਰਿਤਸਰ,  (ਸੰਜੀਵ)-   ਰਤਨ ਸਿੰਘ ਚੌਕ 'ਚ ਸਥਿਤ ਨਵੀਂ ਆਬਾਦੀ ਵਿਖੇ ਰਣਜੀਤ ਸਿੰਘ ਨੂੰ ਇਸ ਖੇਤਰ ਦੇ ਕੁਝ ਲੋਕਾਂ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਦੋਂ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਅਤੇ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਸ ਦੇ ਵਿਰੋਧ ਵਿਚ ਨਵੀਂ ਆਬਾਦੀ ਦੇ ਲੋਕ ਰਤਨ ਸਿੰਘ ਚੌਕ ਪੁੱਜੇ ਅਤੇ ਚਾਰੇ ਪਾਸੇ ਰਸਤਾ ਬੰਦ ਕਰ ਕੇ ਪੁਲਸ ਵਿਰੁੱਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਦਾ ਸਾਥ ਦੇਣ ਲਈ ਕਾਂਗਰਸੀ ਵਰਕਰ ਵੀ ਪਹੁੰਚ ਗਏ ਤੇ ਦੋਸ਼ ਲਾਏ ਕਿ ਜਿਨ੍ਹਾਂ ਆਦਮੀਆਂ ਵੱਲੋਂ ਰਣਜੀਤ ਸਿੰਘ 'ਤੇ ਹਮਲਾ ਕੀਤਾ ਗਿਆ ਹੈ ਉਹ ਸਾਰੇ ਭਾਜਪਾ ਨੇਤਾ ਦੇ ਚਹੇਤੇ ਹਨ, ਇਸ ਲਈ ਪੁਲਸ ਉਨ੍ਹਾਂ ਵਿਰੁੱਧ ਕਾਰਵਾਈ ਤੋਂ ਗੁਰੇਜ਼ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਮੁਲਜ਼ਮਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਰਣਜੀਤ ਸਿੰਘ ਨੇ ਦੱਸਿਆ ਕਿ ਉਹ ਚੌਕੀ ਵਾਲੀ ਗਲੀ 'ਚ ਰਹਿੰਦਾ ਹੈ, ਜਿਥੇ ਹਰਜੀਤ ਅਤੇ ਗੁਲਸ਼ਨ ਆਪਣੇ ਸਾਥੀਆਂ ਨਾਲ ਖੇਤਰ ਵਿਚ ਗੁੰਡਾਗਰਦੀ ਕਰਦੇ ਹਨ। ਸਾਰੇ ਮੁਲਜ਼ਮ ਉਸ ਦੇ ਨਾਲ ਪੁਰਾਣੀ ਰੰਜਿਸ਼ ਰੱਖਦੇ ਹਨ। ਬੀਤੀ ਰਾਤ ਉਹ ਘਰ ਦੇ ਬਾਹਰ ਖੜ੍ਹਾ ਸੀ ਕਿ ਮੁਲਜ਼ਮ ਪਿਸਟਲ ਦੀ ਨੋਕ 'ਤੇ ਉਸ ਨਾਲ ਕੁੱਟਮਾਰ ਕਰ ਕੇ ਫਰਾਰ ਹੋ ਗਏ। ਜਦੋਂ ਇਸ ਦੀ ਸ਼ਿਕਾਇਤ ਚੌਕੀ 'ਚ ਦਰਜ ਕਰਵਾਈ ਤਾਂ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਅਜੇ ਤੱਕ ਨਾ ਤਾਂ ਕੋਈ ਉਸ ਦੀ ਮੈਡੀਕਲ ਜਾਂਚ ਹੋ ਸਕੀ ਹੈ ਤੇ ਨਾ ਹੀ ਪੁਲਸ ਨੇ ਰਿਪੋਰਟ ਦਰਜ ਕੀਤੀ ਹੈ। ਅੱਜ ਸਵੇਰੇ ਉਹ ਇਕ ਨਿੱਜੀ ਹਸਪਤਾਲ ਤੋਂ ਆਪਣਾ ਇਲਾਜ ਕਰਵਾ ਕੇ ਆਇਆ। ਧਰਨੇ 'ਤੇ ਬੈਠੇ ਕਬੀਰ ਸ਼ਰਮਾ ਨੇ ਕਿਹਾ ਕਿ ਮੁਲਜ਼ਮ ਭਾਜਪਾ ਨੇਤਾ ਦੀ ਸ਼ਹਿ 'ਤੇ ਪੂਰੇ ਖੇਤਰ ਵਿਚ ਬੁਰਛਾਗਰਦੀ ਕਰਦੇ ਹਨ। ਜਦੋਂ ਤੱਕ ਮੁਲਜ਼ਮਾਂ ਵਿਰੁੱਧ ਕੇਸ ਦਰਜ ਨਹੀਂ ਕੀਤਾ ਜਾਂਦਾ ਉਹ ਧਰਨੇ ਤੋਂ ਨਹੀਂ ਉਠਣਗੇ।
ਪ੍ਰਦਰਸ਼ਨਕਾਰੀਆਂ ਨੇ ਗੱਡੀਆਂ ਦੀ ਤੋੜਭੰਨ ਵੀ ਕੀਤੀ : ਰਤਨ ਸਿੰਘ ਚੌਕ 'ਚ ਪੁਲਸ ਦੀ ਕਾਰਵਾਈ ਨਾ ਹੋਣ ਦੇ ਵਿਰੋਧ ਵਿਚ ਦਿੱਤੇ ਗਏ ਧਰਨੇ ਦੌਰਾਨ ਜਬਰੀ ਵਾਹਨਾਂ ਨੂੰ ਰੋਕਿਆ ਗਿਆ ਅਤੇ ਇਸ ਦੌਰਾਨ ਕੁਝ ਵਾਹਨਾਂ ਦੀ ਤੋੜਭੰਨ ਵੀ ਕੀਤੀ ਗਈ। ਇਸ ਗੱਲ ਦੀ ਜਾਣਕਾਰੀ ਮਿਲਦੇ ਹੀ ਭਾਰੀ ਪੁਲਸ ਫੋਰਸ ਨੂੰ ਮੌਕੇ 'ਤੇ ਤਾਇਨਾਤ ਕੀਤਾ ਗਿਆ।  
ਜ਼ਖਮੀ ਦੇ ਮੌਕੇ 'ਤੇ ਲਏ ਗਏ ਬਿਆਨ : ਮੰਜੀ 'ਤੇ ਲੇਟੇ ਜ਼ਖਮੀ ਚਾਰੇ ਪਾਸੇ ਰਸਤੇ ਰੋਕ ਕੇ ਪੁਲਸ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਸਮਝਾਉਣ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਜਵਾਨ ਦੇ ਉਥੇ ਹੀ ਬਿਆਨ ਵੀ ਕਲਮਬੰਦ ਕੀਤੇ ਗਏ। ਪੁਲਸ ਵੱਲੋਂ ਮੌਕੇ 'ਤੇ ਉਸ ਨੂੰ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਵੀ ਭਰੋਸਾ ਦਿੱਤਾ ਗਿਆ।
ਏ. ਡੀ. ਸੀ. ਪੀ. ਲਖਬੀਰ ਸਿੰਘ ਪੁਲਸ ਫੋਰਸ ਨਾਲ ਮੌਕੇ 'ਤੇ ਪੁੱਜੇ ਅਤੇ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।