ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ ਦੀ ਮੰਗ

07/16/2018 7:28:58 AM

 ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ) - ਜ਼ਿਲਾ ਪ੍ਰਧਾਨ ਨੱਥਾ ਸਿੰਘ ਸੇਵਾ ਮੁਕਤ ਮੁੱਖ ਅਧਿਆਪਕ ਦੀ ਪ੍ਰਧਾਨਗੀ ਹੇਠ ਲੰਮੇ ਸਮੇਂ ਤੋਂ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ  ਮੀਟਿੰਗ ਅੱਜ  ਸੀਨੀਅਰ ਸੈਕੰਡਰੀ ਸਕੂਲ (ਲਡ਼ਕੇ) ਵਿਚ ਹੋਈ। ਮੀਟਿੰਗ ਦੌਰਾਨ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮੱਖਣ ਸਿੰਘ ਰਹੂਡ਼ਿਆਂਵਾਲੀ, ਜਨ ਸਿਹਤ ਐਂਡ ਅਲਾਇਡ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਜੌਹਲ ਸਮੇਤ ਵੱਡੀ ਗਿਣਤੀ ’ਚ ਵੱਖ-ਵੱਖ ਵਿਭਾਗਾਂ ਦੇ ਸੇਵਾ ਮੁਕਤ ਮੁਲਾਜ਼ਮ ਮੌਜੂਦ ਸਨ। ਜ਼ਿਲਾ ਜਨਰਲ ਸਕੱਤਰ ਅਤੇ ਪੰਜਾਬ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੀਨੀਅਰ ਮੈਂਬਰ ਬਸੰਤ ਸਿੰਘ ਰਾਜੂ ਨੇ ਸਟੇਜ ਸਕੱਤਰ ਦੀ ਡਿਊਟੀ ਨਿਭਾਉਂਦੇ ਹੋਏ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦਾ ਪਿਛਲੀ ਸਰਕਾਰ ਵਾਂਗ ਸੇਵਾ ਮੁਕਤ ਮੁਲਾਜ਼ਮਾਂ ਨਾਲ ਰਵੱਈਆ ਉਦਾਸੀਨਤਾ ਅਤੇ ਟਾਲ-ਮਟੋਲ ਦੀ ਨੀਤੀ ਵਾਲਾ ਹੈ, ਜਿਸ ਕਾਰਨ ਪੈਨਸ਼ਨਰਜ਼ ਵਰਗ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਰੋਸ ਦਾ ਸਰਕਾਰ ਨੂੰ ਖਮਿਆਜ਼ਾ ਭੁਗਤਣਾ ਪਵੇਗਾ।
ਨੱਥਾ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਣਯੋਗ ਹਾਈ ਕੋਰਟ ਵੱਲੋਂ ਸੁਰਿੰਦਰਜੀਤ ਸਿੰਘ ਜਸਪਾਲ ਬਨਾਮ ਪੰਜਾਬ ਸਰਕਾਰ ਸਬੰਧੀ 21 ਮਈ ਨੂੰ ਕੀਤੇ ਗਏ ਫੈਸਲੇ ਨੂੰ ਤੁਰੰਤ ਲਾਗੂ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਸ ਫੈਸਲੇ ਵਿਚ ਪੈਨਸ਼ਨਰਾਂ ਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ 22 ਮਹੀਨਿਅਾਂ ਦੇ ਬਕਾਏ ਨੂੰ 3 ਮਹੀਨਿਅਾਂ ਦੇ ਅੰਦਰ ਜਾਰੀ ਕਰਨ ਦੇ  ਹੁਕਮ ਦਿੱਤੇ ਸਨ। ਉਨ੍ਹਾਂ ਨੇ ਬੀਤੀ 24 ਮਈ ਨੂੰ ਮੁੱਖ ਮੰਤਰੀ ਅਤੇ 6 ਜੂਨ ਨੂੰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਉਕਤ ਫਰੰਟ ਵੱਲੋਂ ਹੋਈਅਾਂ ਮੀਟਿਗਾਂ ਦੌਰਾਨ ਸਿਧਾਂਤਕ ਤੌਰ ’ਤੇ ਮੰਗੀਆਂ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਵੀ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰਿਆਣਾ ਪੈਟਰਨ ’ਤੇ ਪੈਨਸ਼ਨਰਾਂ ਨੂੰ 1000 ਰੁਪਏ ਮੈਡੀਕਲ ਭੱਤਾ ਦੇਣ ਦੀ ਮੰਗ ਵੀ ਕੀਤੀ।
ਇਸ ਦੌਰਾਨ ਜਾਣਕਾਰੀ ਦਿੰਦਿਅਾਂ ਐਸੋਸੀਏਸ਼ਨ ਦੇ ਫਸਟ ਪ੍ਰੈੱਸ ਸਕੱਤਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਬਖਤਾਵਰ ਸਿੰਘ ਮਾਨ, ਹਰਦੇਵ ਸਿੰਘ ਆਡੀਟਰ, ਮਲਖਾਣ ਸਿੰਘ, ਪ੍ਰਿੰ. ਉਜਾਗਰ ਸਿੰਘ ਸੰਧੂ, ਸੋਮ ਪ੍ਰਕਾਸ਼ ਗੁਪਤਾ, ਮੇਜਰ ਸਿੰਘ ਚੌਂਤਰਾ, ਬਖਸ਼ੀਸ਼ ਸਿੰਘ ਲਾਹੌਰੀਆ, ਬੋਹਡ਼ ਸਿੰਘ, ਠਾਣਾ ਸਿੰਘ, ਪ੍ਰਤਾਪ ਸਿੰਘ ਕਟਾਰੀਆ, ਰੌਸ਼ਨ ਲਾਲ ਸਿਡਾਨਾ, ਗਿਆਨੀ ਹਰਮੰਦਰ ਸਿੰਘ, ਚੌਧਰੀ ਬਲਵੀਰ ਸਿੰਘ, ਚੌਧਰੀ ਅਮੀ ਚੰਦ, ਪ੍ਰਿੰ. ਬਲਵੀਰ ਸਿੰਘ ਸੰਧੂ, ਮੁਨੀਮ ਚੰਦ ਬੱਤਰਾ, ਭੰਵਰ ਲਾਲ ਸ਼ਰਮਾ, ਖੇਮਾ ਨੰਦ ਆਦਿ ਮੌਜੂਦ ਸਨ।