ਕਿਸਾਨਾਂ ਕੀਤੀ ਹਲਕੇ ਲਈ ਫਾਇਰ ਬ੍ਰਿਗੇਡ ਉਪਲਬਧ ਕਰਵਾਉਣ ਦੀ ਮੰਗ

04/23/2018 6:13:36 AM

ਸੁਲਤਾਨਪੁਰ ਲੋਧੀ, (ਧੀਰ)- ਬੀਤੇ ਦਿਨੀਂ ਸੁਲਤਾਨਪੁਰ ਲੋਧੀ ਦੇ ਪਿੰਡ ਮੈਰੀਪੁਰ, ਜਾਰਜਪੁਰ 'ਚ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੇ ਫਿਰ ਤੋਂ ਇਕ ਵਾਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਲਈ ਫਾਇਰ ਬ੍ਰਿਗੇਡ ਦੀ ਮੰਗ ਨੂੰ ਛੇੜ ਦਿੱਤਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਅੱਗ ਲੱਗਣ ਨਾਲ ਹੋ ਰਹੀਆਂ ਘਟਨਾਵਾਂ ਲਈ ਹਲਕੇ ਲਈ ਘੱਟੋ-ਘੱਟ 2 ਫਾਇਰ ਬ੍ਰਿਗੇਡ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ ਹਰ ਸਾਲ ਨਾੜ, ਕਣਕ ਸੜ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਬਹੁਤ ਹੀ ਆਰਥਿਕ ਪੱਖੋਂ ਨੁਕਸਾਨ ਉਠਾਉਣਾ ਪੈਂਦਾ ਹੈ। ਕਿਸਾਨ ਗੁਰਮੀਤ ਸਿੰਘ, ਰਛਪਾਲ ਸਿੰਘ, ਮਹਿੰਦਰ ਸਿੰਘ ਆਦਿ ਨੇ ਕਿਹਾ ਕਿ ਫਾਇਰ ਬ੍ਰਿਗੇਡ ਕਪੂਰਥਲਾ ਤੋਂ ਆਉਂਦੀ ਹੈ, ਜਿਸ ਨੂੰ ਆਉਣ 'ਤੇ ਘੱਟੋ-ਘੱਟ ਅੱਧਾ ਘੰਟਾ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ, ਜਿਸ ਕਾਰਨ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਸਭ ਕੁਝ ਸੜ ਕੇ ਸੁਆਹ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਕਣਕ ਦੇ ਸੀਜ਼ਨ ਮੌਕੇ ਇਸ ਖੇਤਰ ਨੂੰ ਫਾਇਰ ਬ੍ਰਿਗੇਡ ਆਰਜ਼ੀ ਤੌਰ 'ਤੇ ਚਾਹੇ ਉਪਲੱਬਧ ਕਰਵਾ ਦੇਵੇ ਜੋ ਤਕਰੀਬਨ 1 ਮਹੀਨਾ ਹਲਕੇ 'ਚ ਮੌਜੂਦ ਹੋਵੇ ਤਾਂ ਕਾਫੀ ਹੱਦ ਤਕ ਅੱਗ ਲੱਗਣ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਜਦ ਤਕ ਕਿਸੇ ਵੀ ਕਿਸਾਨ ਦੀ ਕਣਕ ਦੀ ਫਸਲ ਹਾਲੇ ਤਕ ਖੇਤਾਂ 'ਚ ਖੜ੍ਹੀ ਹੈ ਤਾਂ ਆਪਣੀ ਨਾੜ ਨੂੰ ਅੱਗ ਨਾ ਲਾਵੇ। ਉਨ੍ਹਾਂ ਕਿਹਾ ਕਿ ਹਵਾ ਦੇ ਤੇਜ਼ ਰੁੱਖ ਨਾਲ ਥੋੜ੍ਹੀ ਜਿਹੀ ਨਾੜ ਨੂੰ ਲਾਈ ਹੋਈ ਅੱਗ ਫੈਲ ਕੇ ਨਾਲ ਹੀ ਖੜ੍ਹੀ ਫਸਲ ਨੂੰ ਵੀ ਆਪਣੇ ਲਪੇਟ 'ਚ ਲੈ ਲੈਂਦੀ ਹੈ, ਜਿਸ ਨਾਲ ਉਸ ਕਿਸਾਨ ਦੀ ਸਾਰੀ ਮਿਹਨਤ 'ਤੇ ਪਾਣੀ ਫਿਰ ਜਾਂਦਾ ਹੈ ਤੇ ਸਰਕਾਰ ਵਲੋਂ ਨੁਕਸਾਨੀ ਹੋਈ ਫਸਲ ਦਾ ਵੀ ਪੂਰਾ ਮੁਆਵਜ਼ਾ ਨਹੀਂ ਮਿਲਦਾ। ਦੂਜੇ ਪਾਸੇ ਵਾਤਾਵਰਣ ਮਾਹਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਨਾੜ ਨੂੰ ਇਸ ਵਾਰ ਅੱਗ ਨਾ ਲਾਉਣ। ਉਨ੍ਹਾਂ ਕਿਹਾ ਕਿ ਚਾਹੇ ਹੁਣ ਐੱਨ. ਜੀ. ਟੀ. ਬੀ. ਦੀਆਂ ਸਖਤ ਹਦਾਇਤਾਂ 'ਤੇ ਅੱਗ ਲਾਉਣ ਦੀਆਂ ਘਟਨਾਵਾਂ 'ਚ ਕੁਝ ਕਮੀ ਆਈ ਹੈ ਪਰ ਫਿਰ ਵੀ ਹਾਲੇ ਕਈ ਕਿਸਾਨ ਮਜਬੂਰੀ ਵੱਸ ਨਾੜ ਨੂੰ ਅੱਗ ਲਾਉਂਦੇ ਹਨ, ਜਿਸ ਨਾਲ ਸਾਡਾ ਵਾਤਾਵਰਣ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ। ਉਨ੍ਹਾਂ ਵੀ ਸਰਕਾਰ ਤੋਂ ਮੰਗ ਕੀਤੀ ਕਿ ਹਲਕੇ 'ਚ ਇਕ ਫਾਇਰ ਬ੍ਰਿਗੇਡ ਦਾ ਹੋਣਾ ਬਹੁਤ ਜ਼ਰੂਰੀ ਹੈ।