ਚੌਲਾਂ ਦੀ ਬਣਦੀ ਅਦਾਇਗੀ ਨਾ ਕਰਨ ’ਤੇ ਦਿੱਲੀ ਦੀ ਫਰਮ ਖਿਲਾਫ ਮੁਕੱਦਮਾ ਦਰਜ

08/20/2018 1:57:42 AM

ਜਲਾਲਾਬਾਦ, (ਸੇਤੀਆ, ਜਤਿੰਦਰ, ਬੰਟੀ)– ਥਾਣਾ ਸਿਟੀ ਦੀ ਪੁਲਸ ਨੇ ਜਲਾਲਾਬਾਦ ਦੀ ਇਕ ਰਾਈਸ ਮਿੱਲ ’ਚੋਂ ਚੌਲ ਖਰੀਦੇ ਜਾਣ ਤੋਂ ਬਾਅਦ ਚੌਲਾਂ ਦੀ ਬਣਦੀ ਅਦਾਇਗੀ ਨਾ ਕਰਨ ਦੇ ਦੋਸ਼ ’ਚ ਦਿੱਲੀ ਦੀ ਇਕ ਫਰਮ ’ਤੇ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਜੇ. ਕੇ. ਰਾਈਸ ਮਿੱਲ ਦੇ ਸੰਚਾਲਕ ਅਮਿਤ ਕੁਮਾਰ ਪੁੱਤਰ ਵੇਦ ਪ੍ਰਕਾਸ਼ ਵਾਸੀ ਦਸਮੇਸ਼ ਨਗਰੀ ਨੇ ਦੱਸਿਆ ਕਿ ਉਨ੍ਹਾਂ  ਤਰੁਣ ਜੈਨ ਪੁੱਤਰ ਅਣਪਛਾਤੇ ਵਾਸੀ ਪ੍ਰੋ. ਮੈ. ਸ਼ਿਊਨਾਥ ਰਾਏ ਰਾਮਧਾਰੀ ਨਵਾਂ ਬਾਜ਼ਾਰ ਦਿੱਲੀ ਨਾਲ 6-6-18 ਨੂੰ ਕਰੀਬ 32 ਟਨ ਚੌਲ ਪਰਮਲ ਤੇ 62 ਟਨ ਬਾਸਮਤੀ ਚੌਲਾਂ ਦਾ ਸੌਦਾ ਕੀਤਾ ਸੀ। 
ਇਸ ਤੋਂ ਬਾਅਦ 639 ਬੈਗ ਪਰਮਲ ਚੌਲ, ਜਿਸ ਦੀ ਕੀਮਤ 9,57000 ਹਜ਼ਾਰ ਰੁਪਏ, ਫਿਰ 600 ਬੈਗ ਬਾਸਮਤੀ ਜਿਸ ਦੀ ਕੀਮਤ 20,99,300 ਰੁਪਏ , ਫਿਰ 640 ਬੈਗ ਬਾਸਮਤੀ ਚੌਲ ਜਿਨ੍ਹਾਂ ਦੀ ਕੁਲ ਕੀਮਤ 22,35, 800 ਰੁਪਏ ਤੇ ਕੁੱਲ ਕੀਮਤ 52,92, 100 ਰੁਪਏ ਬਣਦੀ ਹੈ। ਉਕਤ ਫਰਮ ਵੱਲੋਂ ਚੌਲ ਖਰੀਦਣ ਤੋਂ ਬਾਅਦ ਬਣਦੀ ਅਦਾਇਗੀ ਨਹੀਂ ਕੀਤੀ ਗਈ। ਉਧਰ ਪੁਲਸ ਨੇ ਉਕਤ ਫਰਮ  ਖਿਲਾਫ ਮੁਕੱਦਮਾ ਦਰਜ ਕੀਤਾ ਹੈ।