ਦਿੱਲੀ-ਲਾਹੌਰ ਬੱਸ ਅਚਾਨਕ ਸੁਰੱਖਿਆ ਲਈ ਅੱਗੇ ਜਾ ਰਹੀ ਪਾਇਲਟ ਜੀਪ ਨਾਲ ਟਕਰਾਈ

06/21/2017 6:54:13 AM

ਫ਼ਤਿਹਗੜ੍ਹ ਸਾਹਿਬ (ਟਿਵਾਣਾ, ਜਗਦੇਵ)-ਦਿੱਲੀ ਤੋਂ ਅੰਮ੍ਰਿਤਸਰ ਵੱਲ ਜਾ ਰਾਹੀ ਸਦਾ-ਏ-ਸਰਹੱਦ ਬੱਸ ਪਿੰਡ ਸਾਧੂਗੜ੍ਹ ਜੀ. ਟੀ. ਰੋਡ ਨੇੜੇ ਅੱਗੇ ਸੁਰੱਖਿਆ ਲਈ ਚੱਲ ਰਹੀ ਪਾਇਲਟ ਜੀਪ ਨਾਲ ਟਕਰਾ ਗਈ ਪਰ ਇਸ ਦੌਰਾਨ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਪ੍ਰੰਤੂ ਦੱਸਿਆ ਜਾਂਦਾ ਹੈ ਕਿ ਜੀਪ 'ਚ ਸਵਾਰ ਇਕ ਏ. ਐੱਸ. ਆਈ. ਸੁੱਚਾ ਸਿੰਘ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਿਕ ਅੱਜ ਸਵੇਰੇ ਕਰੀਬ 9.30 ਵਜੇ ਦਿੱਲੀ-ਲਾਹੌਰ ਬੱਸ ਦਿੱਲੀ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ। ਇਸ ਬੱਸ ਦੀ ਸੁਰੱਖਿਆ ਲਈ ਅੱਗੇ ਪਾਇਲਟ ਜੀਪ ਚੱਲ ਰਹੀ ਸੀ। ਪਿੰਡ ਸਾਧੂਗੜ੍ਹ ਨੇੜੇ ਪਹਿਲਾਂ ਤੋਂ ਹੀ ਇਕ ਹਾਦਸਾਗ੍ਰਸਤ ਵਾਹਨ ਸੜਕ 'ਤੇ ਪਿਆ ਸੀ। ਇਸੇ ਦੌਰਾਨ ਪਾਇਲਟ ਜੀਪ ਦੇ ਅੱਗੇ ਜਾ ਰਹੇ ਇਕ ਹੋਰ ਵਾਹਨ ਚਾਲਕ ਨੇ ਰੋਡ 'ਤੇ ਇਕ ਹਾਦਸਾਗ੍ਰਸਤ ਵਾਹਨ ਨੂੰ ਦੇਖ ਕੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਪਾਇਲਟ ਜੀਪ ਦੇ ਚਾਲਕ ਨੂੰ ਵੀ ਬ੍ਰੇਕ ਲਗਾਉਣੀ ਪਈ, ਜਿਸ ਦੇ ਸਿੱਟੇ ਵਜੋਂ ਪਿੱਛੇ ਚੱਲ ਰਹੀ ਦਿੱਲੀ-ਲਾਹੌਰ ਬੱਸ ਜੀਪ ਨਾਲ ਜਾ ਟਕਰਾਈ। ਇਸ ਦੌਰਾਨ ਕੋਈ ਵੱਡਾ ਹਾਦਸਾ ਨਹੀਂ ਹੋਇਆ ਪਰ ਪਾਇਲਟ ਜੀਪ ਨੁਕਸਾਨੀ ਜ਼ਰੂਰ ਗਈ। ਇਸ ਹਾਦਸੇ ਕਾਰਨ ਬੱਸ ਕੁਝ ਸਮੇਂ ਲਈ ਜੀ. ਟੀ. ਰੋਡ 'ਤੇ ਰੁਕ ਗਈ, ਜਿਸ ਨੂੰ ਪੁਲਸ ਮੁਲਾਜ਼ਮਾਂ ਵੱਲੋਂ ਸੁਰੱਖਿਆ ਘੇਰੇ ਵਿਚ ਲੈ ਲਿਆ ਗਿਆ। ਇਸ ਤੋਂ ਬਾਅਦ ਇਕ ਹੋਰ ਸੁਰੱਖਿਆ ਪਾਇਲਟ ਜੀਪ ਦਾ ਪ੍ਰਬੰਧ ਕਰ ਕੇ ਬੱਸ ਨੂੰ ਅੱਗੇ ਰਵਾਨਾ ਕੀਤਾ ਗਿਆ।