ਦਿੱਲੀ-ਕਟੜਾ ਹਾਈਵੇ ਦੇ ਬਿਆਸ ਦਰਿਆ ਕੰਢੇ ਬਣੇਗਾ 500 ਫੁੱਟ ਉੱਚਾ ਰੈਸਟੋਰੈਂਟ: ਸੰਸਦ ਮੈਂਬਰ ਡਿੰਪਾ

10/02/2021 2:41:45 PM

ਤਰਨ ਤਾਰਨ (ਰਮਨ, ਬਲਵਿੰਦਰ ਕੌਰ) - ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਸਤਲੁਜ-ਬਿਆਸ ਦੇ ਸੰਗਮ ਅਤੇ ਬਿਆਸ ਦੇ ਮੰਡ ਖੇਤਰ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ ਦਾ ਮੁੱਦਾ ਅਕਸਰ ਲੋਕ ਸਭਾ ’ਚ ਚੁੱਕਦੇ ਰਹੇ ਹਨ। ਉਨ੍ਹਾਂ ਦੇ ਵਿਚਾਰਾਂ ਨੂੰ ਉਸ ਵੇਲੇ ਵੱਡੀ ਤਾਕਤ ਮਿਲੀ, ਜਦੋਂ ਕੇਂਦਰ ਸਰਕਾਰ ਨੇ ਨਵੀਂ ਬਣ ਰਹੀ ਦਿੱਲੀ-ਕਟੜਾ ਹਾਈਵੇ ਸੜਕ ਦੇ ਕਿਨਾਰੇ, ਪਿੰਡ ਧੂੰਦਾ ਵਿਖੇ 500 ਫੁੱਟ ਉੱਚਾਈ ਉੱਪਰ ਇਕ ਰੈਸਟੋਰੈਂਟ ਬਣਾਉਣ ਦੀ ਗੱਲ ਮੰਨ ਲਈ ਹੈ। ਇਹ ਜਾਣਕਾਰੀ ਨੈਸ਼ਨਲ ਹਾਈਵੇ ਦੇ ਪ੍ਰਾਜੈਕਟ ਡਾਇਰੈਕਟਰ ਸੁਨੀਲ ਯਾਦਵ ਨੇ ਜਸਬੀਰ ਸਿੰਘ ਡਿੰਪਾ ਨਾਲ ਕੀਤੀ ਮੀਟਿੰਗ ’ਚ ਸਾਂਝੀ ਕਰਦੇ ਹੋਏ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਤੋਂ ਆਉਂਦੇ ਇਸ ਹਾਈਵੇ ਦੇ ਤਰਨ ਤਾਰਨ ਵਾਲੇ ਪਾਸੇ 500 ਫੁੱਟ ਉੱਚਾ ਟਾਵਰ ਬਣਾ ਕੇ ਇਹ ਰੈਸਟੋਰੈਂਟ ਬਣਾਇਆ ਜਾਵੇਗਾ, ਜੋ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇਗਾ। 

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ

ਇਸ ਮੌਕੇ ਨੈਸ਼ਨਲ ਹਾਈਵੇ ਦੇ ਐਕਸੀਅਨ ਜਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਹਾਈਵੇ ਲਈ ਮੁੱਢਲੀ ਤਿਆਰੀ ਕਰ ਲਈ ਗਈ ਹੈ ਅਤੇ ਜ਼ਮੀਨ ਐਕਵਾਇਰ ਕਰਨ ਦੇ ਨਾਲ ਹੀ ਇਹ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਜਸਬੀਰ ਸਿੰਘ ਡਿੰਪਾ ਨੇ ਇਸ ਪ੍ਰਾਜੈਕਟ ਲਈ ਸਰਕਾਰ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਇਸ ਖੇਤਰ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਿਤ ਕਰਨ ਦੀ ਮੇਰੀ ਚਿਰੋਕਣੀ ਇੱਛਾ ਸੀ ਅਤੇ ਮੈਂ ਲਗਾਤਾਰ ਇਹ ਮੰਗ ਵੀ ਕੇਂਦਰ ਸਰਕਾਰ ਕੋਲ ਵੱਖ-ਵੱਖ ਪਲੇਟਫਾਰਮਾਂ ’ਤੇ ਉਠਾਉਂਦਾ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਇਸ ਥਾਂ ਦੇ ਆਲੇ-ਦੁਆਲੇ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਿਤ ਕਰਨ ਲਈ ਸਹਿਮਤ ਹੋ ਗਈ ਹੈ ਅਤੇ ਇਹ ਥਾਂ ‘ਵਾਟਰ ਸਪੋਰਟਸ’ ਦਾ ਵੱਡਾ ਕੇਂਦਰ ਬਣੇਗਾ।

ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਕਤ ਹਾਈਵੇ ਲਈ ਖਡੂਰ ਸਾਹਿਬ ਤਹਿਸੀਲ ਦੇ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ, ਦਾ ਮੁਆਵਜ਼ਾ ਰਾਸ਼ੀ ਕਰੀਬ 119 ਕਰੋੜ ਰੁਪਏ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਹਨ, ਜੋ ਕਿ ਅਗਲੇ ਹਫਤੇ ਕਿਸਾਨਾਂ ਦੇ ਖਾਤਿਆਂ ’ਚ ਪਾ ਦਿੱਤੇ ਜਾਣਗੇ। ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ, ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ, ਤਰਨ ਤਾਰਨ ਦੇ ਵਿਧਾਇਕ ਧਰਮਬੀਰ ਅਗਨੀਹੋਤਰੀ ਨੇ ਵੀ ਇਸ ਪ੍ਰਾਪਤੀ ਲਈ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦਾ ਧੰਨਵਾਦ ਕਰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਪੜ੍ਹੋ ਇਹ ਵੀ ਖ਼ਬਰ - ਕਾਂਗਰਸ ’ਚ ਚੱਲ ਰਹੇ ਕਲਾਈਮੈਕਸ ’ਚ ਦੋਆਬਾ ਦੇ 2 ਕੈਬਨਿਟ ਮੰਤਰੀਆਂ ’ਚ ਖਿੱਚੀਆਂ ਜਾ ਸਕਦੀਆਂ ਨੇ ਤਲਵਾਰਾਂ!

ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਇਹ ਪ੍ਰਾਜੈਕਟ ਅਮਲ ’ਚ ਆਉਣ ਨਾਲ ਇਹ ਪਿਛਡ਼ਾ ਇਲਾਕਾ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ ਕਿਉਂਕਿ ਸੈਰ-ਸਪਾਟਾ ਸਨਅਤ ’ਚ ਰੋਜ਼ਗਾਰ ਦੀਆਂ ਅਥਾਹ ਸੰਭਾਵਨਾਵਾਂ ਹਨ। ਵਿਧਾਇਕ ਗਿੱਲ ਨੇ ਇਸ ਨੂੰ ਸਮੁੱਚੇ ਇਲਾਕੇ ਲਈ ਵੱਡੀ ਪ੍ਰਾਪਤੀ ਦੱਸਦੇ ਕਿਹਾ ਕਿ ਇਸ ਨਾਲ ਹਰੀਕੇ ਵੈਟਲੈਂਡ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਦੀਆਂ ਯੋਜਨਾਵਾਂ ’ਚ ਤੇਜ਼ੀ ਆਵੇਗੀ ਅਤੇ ਇਹ ਇਲਾਕਾ ਵਿਸ਼ਵ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗਾ। ਡਾ. ਧਰਮਬੀਰ ਅਗਨੀਹੋਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਤਰਨਤਾਰਨ ਆਉਣ ਵਾਲੇ ਸ਼ਰਧਾਲੂਆਂ ਲਈ ਵੀ ਖਿੱਚ ਦਾ ਕੇਂਦਰ ਹੋਵੇਗਾ, ਜਿਸ ਨਾਲ ਸ਼ਰਧਾਲੂ ਤਰਨਤਾਰਨ ’ਚ ਠਹਿਰਾਅ ਕਰਨ ਲਈ ਮਜਬੂਰ ਹੋਣਗੇ, ਜੋ ਕਿ ਹੋਟਲ ਸਨਅਤ ਲਈ ਚੰਗੀ ਖਬਰ ਹੈ।

ਪੜ੍ਹੋ ਇਹ ਵੀ ਖ਼ਬਰ - ਸਾਵਧਾਨ! ਸਰਟੀਫਿਕੇਟ ਦੇਣ ਬਦਲੇ ਮਾਪਿਆਂ ਦੀ ਜੇਬ ’ਚੋਂ ਕਰੋੜਾਂ ਰੁਪਏ ਖਿਸਕਾਏਗਾ ਪੰਜਾਬ ਸਿੱਖਿਆ ਬੋਰਡ

rajwinder kaur

This news is Content Editor rajwinder kaur