ਵੱਖ-ਵੱਖ ਗੁਰਦੁਆਰਿਆਂ 'ਚ ਕੰਮ ਕਰ ਰਹੇ ਮੁਲਾਜ਼ਮਾਂ ਦਾ ਜੀਵਨ ਬੀਮਾ ਕਰਵਾਏਗੀ DSGMC : ਸਿਰਸਾ

05/08/2020 6:59:15 PM

ਜਲੰਧਰ, (ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਇਸ ਕੋਰੋਨਾ ਸੰਕਟ ਵੇਲੇ ਕੰਮ ਕਰ ਰਹੇ ਸਾਰੇ 2,500 ਮੁਲਾਜ਼ਮਾਂ ਦਾ ਜੀਵਨ ਬੀਮਾ ਕਰਵਾਉਣ ਦਾ ਫੈਸਲਾ ਕੀਤਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 2500 ਮੁਲਾਜ਼ਮ ਜਿਨ੍ਹਾਂ ਵਿਚ ਸੇਵਾਦਾਰ, ਰਾਗੀ, ਸੁਰੱਖਿਆ ਅਮਲੇ ਦੇ ਮੈਂਬਰ ਇਸ ਵੇਲੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਨ੍ਹਾਂ ਸਾਰਿਆਂ ਦਾ 2 ਲੱਖ ਰੁਪਏ ਹਰੇਕ ਦਾ ਜੀਵਨ ਬੀਮਾ ਕਰਵਾਇਆ ਜਾਵੇਗਾ ਅਤੇ ਇਸ ਬੀਮੇ ਤਹਿਤ ਕੋਰੋਨਾ ਜਾਂ ਹੋਰ ਭਿਆਨਕ ਬੀਮਾਰੀ ਜਾਂ ਫਿਰ ਐਕਸੀਡੈਂਟ ਹੋਣ ਨਾਲ ਮੌਤ ਹੋਣ ਦੀ ਸੂਰਤ ਵਿਚ ਵੀ ਬੀਮਾ ਰਾਸ਼ੀ ਪਰਿਵਾਰ ਨੂੰ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੇ ਪਿਛਲੇ ਤਕਰੀਬਨ ਦੋ ਮਹੀਨਿਆਂ ਦੌਰਾਨ ਸੰਕਟ ਦੇ ਸਮੇਂ ਮਨੁੱਖਤਾ ਦੀ ਵਿਲੱਖਣ ਸੇਵਾ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਸਮਝਦੀ ਹੈ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਜੀਵਨ ਬੀਮਾ ਦਾ ਕਵਰ ਦੇਣਾ ਉਸਦੀ ਜ਼ਿੰਮੇਵਾਰੀ ਹੈ ਤੇ ਇਨ੍ਹਾਂ ਵੱਲੋਂ ਕੋਰੋਨਾ ਸੰਕਟ ਵੇਲੇ ਦਿੱਤੀਆਂ ਸੇਵਾਵਾਂ ਲਈ ਇਨ੍ਹਾਂ ਦਾ ਧੰਨਵਾਦ ਕਰਨ ਵਾਸਤੇ ਇਹ ਸਭ ਬੇਹਤਰੀਨ ਤਰੀਕਾ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਵੱਖ-ਵੱਖ ਸਰਕਾਰਾਂ ਨੇ ਫਰੰਟ ਵਾਰੀਅਰਜ਼ ਦੀ ਮਦਦ ਉਨ੍ਹਾਂ ਦੇ ਜੀਵਨ ਬੀਮੇ ਕਰਵਾ ਕੇ ਕੀਤੀ ਹੈ ਪਰ ਅਜਿਹੇ ਵਿਅਕਤੀ ਜੋ ਫਰੰਟ ਵਾਰੀਅਰਜ਼ ਹੀ ਹਨ ਤੇ ਲੋਕਾਂ ਨੂੰ ਲੰਗਰ ਛਕਾਉਣ ਦੇ ਨਾਲ-ਨਾਲ ਦਿੱਲੀ ਕਮੇਟੀ ਦੀਆਂ ਵੱਖ-ਵੱਖ ਸਰਾਵਾਂ ਵਿਚ ਠਹਿਰੇ ਮੈਡੀਕਲ ਸਟਾਫ ਨੂੰ ਵੀ ਜ਼ਰੂਰੀ ਸੇਵਾਵਾਂ ਦੇ ਰਹੇ ਹਨ, ਇਹ ਉਨ੍ਹਾਂ ਲਈ ਲਾਜ਼ਮੀ ਹੈ।

KamalJeet Singh

This news is Content Editor KamalJeet Singh