ਨਸ਼ਾ ਮੁਕਤੀ ਮੁਹਿੰਮ ਗੁਰਪ੍ਰੀਤ ਸਿੰਘ ਦੇ ਨਾਂ ''ਤੇ ਰੱਖਣ ਦੀ ਦਿੱਲੀ ਸਰਕਾਰ ਤੋਂ ਮੰਗ

09/22/2017 3:58:53 AM

ਜਲੰਧਰ(ਚਾਵਲਾ)-ਜਨਤਕ ਥਾਂ 'ਤੇ ਸਿਗਰਟਨੋਸ਼ੀ ਦਾ ਵਿਰੋਧ ਕਰਨ ਕਰ ਕੇ ਮਾਰੇ ਗਏ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦੇ ਨਾਂ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਸ਼ਾ ਮੁਕਤੀ ਮੁਹਿੰਮ ਦਾ ਨਾਂ ਰੱਖਣ ਦੀ ਦਿੱਲੀ ਸਰਕਾਰ ਪਾਸੋਂ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 1 ਕਰੋੜ ਰੁਪਏ ਦੀ ਮੁਆਵਜ਼ਾ ਰਕਮ ਮ੍ਰਿਤਕ ਦੇ ਪਰਿਵਾਰ ਨੂੰ ਦਿੱਲੀ ਸਰਕਾਰ ਨੂੰ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਕਤ ਘਟਨਾ ਸਿਸਟਮ ਦੀ ਲੱਚਰਤਾ ਤੇ ਨਾਲਾਇਕੀ ਦਾ ਜਿਊਂਦਾ ਜਾਗਦਾ ਉਦਾਹਰਣ ਹੈ। ਜਿਸ ਤਰੀਕੇ ਨਾਲ ਨਸ਼ੇ ਵਿਚ ਧੁੱਤ ਪੇਸ਼ੇ ਤੋਂ ਵਕੀਲ ਰੋਹਿਤ ਮੋਹਿੰਤਾ ਨੇ ਜਾਣਬੁੱਝ ਕੇ ਮ੍ਰਿਤਕ ਤੇ ਉਸਦੇ ਸਾਥੀ ਦੀ ਮੋਟਰਸਾਈਕਲ ਨੂੰ ਆਪਣੀ ਤੇਜ਼ ਰਫ਼ਤਾਰ ਕਾਰ ਨਾਲ ਰੌਂਦਿਆ ਸੀ, ਉਹ ਸਿੱਧਾ ਜਾਣਬੁੱਝ ਕੇ ਕਤਲ ਦੀ ਕੋਸ਼ਿਸ਼ ਸੀ ਪਰ ਦਿੱਲੀ ਪੁਲਸ ਨੇ ਦੋਸ਼ੀ ਦੇ ਪ੍ਰਭਾਵ 'ਚ ਆ ਕੇ ਇਸ ਘਟਨਾ ਨੂੰ ਰੋਡਰੇਜ ਦਾ ਨਾਂ ਦੇ ਕੇ ਕਾਰ ਚਲਾਉਣ 'ਚ ਲਾਪਰਵਾਹੀ ਵਰਤਣ ਵਿਚ ਲਗਾਈਆਂ ਜਾਂਦੀਆਂ ਮਾਮੂਲੀ ਧਾਰਾਵਾਂ ਦੇ ਤਹਿਤ ਦੋਸ਼ੀ ਨੂੰ ਨਾਮਜ਼ਦ ਕਰ ਕੇ ਥਾਣੇ ਤੋਂ ਹੀ ਜ਼ਮਾਨਤ ਦੇ ਦਿੱਤੀ ਸੀ, ਜਦਕਿ ਇਹ ਮਾਮਲਾ ਸਿੱਧੇ ਤੌਰ 'ਤੇ ਸਮਾਜਿਕ ਬੁਰਾਈ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਨੌਜਵਾਨ ਦੇ ਕਤਲ ਦਾ ਸੀ । ਉਨ੍ਹਾਂ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਪਾਏ ਗਏ ਦਬਾਅ ਤੋਂ ਬਾਅਦ ਕਲ ਰਾਤ ਨੂੰ ਪੁਲਸ ਨੇ  ਦੋਸ਼ੀ ਦੇ ਖਿਲਾਫ਼ ਕਤਲ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਨਵੀਂ ਐੱਫ. ਆਈ. ਆਰ. ਦਰਜ ਕੀਤੀ ਹੈ। ਜੀ. ਕੇ. ਨੇ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਦਿੱਤੇ ਜਾਣ ਦੀ ਵਕਾਲਤ ਕਰਦੇ ਹੋਏ ਦੋਸ਼ੀ ਪੁਲਸ ਅਧਿਕਾਰੀਆਂ ਦੀ ਬਰਖਾਸਤਗੀ ਲਈ 23 ਸਤੰਬਰ ਨੂੰ ਦਿੱਲੀ ਪੁਲਸ ਹੈੱਡਕੁਆਰਟਰ ਦਾ ਘੇਰਾਓ ਕਰਨ ਦਾ ਵੀ ਐਲਾਨ ਕੀਤਾ।