ਸਿਰਫ 50 ਮਿੰਟ ''ਚ ਦਿੱਲੀ ਤੋਂ ਲੁਧਿਆਣਾ ਲੈਂਡ ਹੋਇਆ 70 ਸੀਟਰ ਏਅਰ ਕਰਾਫਟ

09/03/2017 5:20:28 AM

ਲੁਧਿਆਣਾ(ਬਹਿਲ, ਹਨੀ ਚਾਠਲੀ)-ਸਾਹਨੇਵਾਲ ਏਅਰਪੋਰਟ 'ਤੇ ਸੈਂਕੜਿਆਂ ਦੀ ਤਾਦਾਦ 'ਚ ਮੌਜੂਦ ਵੀ. ਆਈ. ਪੀਜ਼ ਨੇਤਾ, ਉਦਯੋਗਪਤੀ, ਏਅਰਪੋਰਟ ਸਟਾਫ ਮੀਡੀਆ ਕਰਮਚਾਰੀ ਉਸ ਸਮੇਂ ਹੈਰਾਨ ਹੋ ਗਏ ਜਦੋਂ ਅਲਾਇੰਸ ਏਅਰ ਦਾ 70 ਸੀਟਰ ਏਅਰ ਕਰਾਫਟ ਦਿੱਲੀ ਤੋਂ 10 ਵਜੇ ਉਡਾਣ ਭਰ ਕੇ 45 ਯਾਤਰੀਆਂ ਨਾਲ ਕੇਵਲ 50 ਮਿੰਟਾਂ 'ਚ ਲੁਧਿਆਣਾ ਲੈਂਡ ਕਰ ਗਿਆ। ਲੰਬੇ ਸਮੇਂ ਬਾਅਦ ਲੁਧਿਆਣਾ ਵਾਸੀਆਂ ਦਾ ਏਅਰ ਕੁਨੈਕਟੀਵਿਟੀ ਦਾ ਸੁਪਨਾ ਸਾਕਾਰ ਹੋ ਗਿਆ। ਪ੍ਰਧਾਨ ਮੰਤਰੀ ਦੀ ਮਿਸ਼ਨ ਉਡਾਣ ਯੋਜਨਾ ਦੇ ਤਹਿਤ ਏਅਰ ਕਰਾਫਟ ਏ. ਟੀ. ਆਰ. 72-600 ਨੇ ਸ਼ਾਮ ਠੀਕ 4 ਵਜੇ 50 ਯਾਤਰੀਆਂ ਨਾਲ ਦਿੱਲੀ ਲਈ ਉਡਾਣ ਭਰੀ।  ਫਲਾਈਟ ਨੰਬਰ ਏ. ਆਈ-9837 ਦਾ ਸੰਚਾਲਨ ਕੈਪਟਨ ਸੰਦੀਪ ਗਿੱਲ ਤੇ ਕੋ-ਪਾਇਲਟ ਸੁਮਿਤ ਤੋਮਰ ਕਰ ਰਹੇ ਸਨ। ਸਾਹਨੇਵਾਲ ਏਅਰਪੋਰਟ 'ਤੇ ਲੈਂਡ ਹੋਣ ਵਾਲੀ ਇਸ ਫਲਾਈਟ 'ਚ ਅਲਾਇੰਸ ਏਅਰ ਸੀ. ਈ. ਓ. ਸੀ. ਐੱਸ. ਸੁਬੈਈਆ, ਏਅਰ ਇੰਡੀਆ ਦੀ ਨਾਰਥ ਇੰਡੀਆ ਪ੍ਰਮੁੱਖ ਮੀਨਾਕਸ਼ੀ ਕੁਮਾਰੀ, ਸੰਸਦ ਮੈਂਬਰ ਰਵਨੀਤ ਬਿੱਟੂ ਦੇ ਨਿਰਦੇਸ਼ਾਂ 'ਤੇ ਦਿੱਲੀ ਤੋਂ ਫਲਾਈਟ ਦੀ ਅਗਵਾਈ ਲਈ ਕਮਰਸ਼ੀਅਲ ਪਾਇਲਟ ਵਿਵੇਕ ਭਾਰਤੀ ਸਮੇਤ ਹੋਰ ਯਾਤਰੀ ਮੌਜੂਦ ਸਨ। ਸੰਸਦ ਮੈਂਬਰ ਰਵਨੀਤ ਬਿੱਟੂ, ਵਿਧਾਇਕ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੰਜੇ ਤਲਵਾੜ, ਵਿਧਾਇਕ ਅਮਰੀਕ ਢਿੱਲੋਂ, ਜ਼ਿਲਾ ਕਮਿਸ਼ਨਰ ਪ੍ਰਦੀਪ ਅਗਰਵਾਲ, ਏਅਰਪੋਰਟ ਡਾਇਰੈਕਟਰ ਏ. ਐੱਨ. ਸ਼ਰਮਾ, ਡਿਪਟੀ ਡਾਇਰੈਕਟਰ ਅਮਰਦੀਪ ਨੇਹਰਾ, ਟਰਮੀਨਲ ਇੰਚਾਰਜ ਮਹੇਸ਼ ਆਦਿ ਨੇ ਯਾਤਰੀਆਂ ਦਾ ਸਵਾਗਤ ਕੀਤਾ।
ਲੁਧਿਆਣਾ ਤੋਂ ਪਠਾਨਕੋਟ ਦੀ ਫਲਾਈਟ ਵੀ ਹੋਵੇਗੀ ਸ਼ੁਰੂ
ਅਲਾਇੰਸ ਏਅਰ ਦੇ ਸੀ. ਈ. ਓ. ਸੀ. ਐੱਸ. ਸੁਬੱਈਆ ਨੇ ਕਿਹਾ ਕਿ ਕੰਪਨੀ ਨੇ 8 ਨਵੇਂ ਏ. ਟੀ. ਆਰ.-72 ਏਅਰ ਕਰਾਫਟ ਖਰੀਦੇ ਹਨ। ਹੁਣ ਆਰ. ਸੀ. ਐੱਸ. ਸਕੀਮ ਤਹਿਤ ਅਲਾਇੰਸ ਏਅਰ ਹੋਰ ਸ਼ਹਿਰਾਂ ਲਈ ਵੀ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਲੁਧਿਆਣਾ-ਦਿੱਲੀ ਤੋਂ ਬਾਅਦ ਲੁਧਿਆਣਾ-ਪਠਾਨਕੋਟ ਦੀ ਫਲਾਈਟ ਵੀ ਸ਼ੁਰੂ ਕੀਤੀ ਜਾਵੇਗੀ ਅਤੇ ਆਦਮਪੁਰ-ਦਿੱਲੀ ਦੀ ਫਲਾਈਟ ਸ਼ੁਰੂ ਕਰਨ ਦੀ ਯੋਜਨਾ ਹੈ। 
ਭਾਜਪਾ ਦੇ ਯਤਨਾਂ ਨਾਲ ਸ਼ੁਰੂ ਹੋਈ ਹੈ ਲੁਧਿਆਣਾ-ਦਿੱਲੀ ਫਲਾਈਟ
ਜ਼ਿਲਾ ਭਾਜਪਾ ਪ੍ਰਧਾਨ ਰਵਿੰਦਰ ਅਰੋੜਾ ਨੇ ਦਾਅਵਾ ਕੀਤਾ ਕਿ 3 ਸਾਲ ਪਹਿਲਾਂ ਉਨ੍ਹਾਂ ਨੇ ਹੀਰੋ ਸਾਈਕਲ ਦੇ ਸੁਨੀਲ ਕਾਂਤ ਮੁਨਜਾਲ ਅਤੇ ਏਵਨ ਸਾਈਕਲ ਦੇ ਐੱਮ. ਡੀ. ਓਂਕਾਰ ਸਿੰਘ ਪਾਹਵਾ, ਐਵੀਏਸ਼ਨ ਮੰਤਰੀ ਦੇ ਨਾਲ ਲੁਧਿਆਣਾ-ਦਿੱਲੀ ਫਲਾਈਟ ਸ਼ੁਰੂ ਕਰਨ ਦੀ ਮੰਗ ਰੱਖੀ ਸੀ, ਜਿਸ ਦੀ ਵਜ੍ਹਾ ਨਾਲ ਹੁਣ ਇਹ ਉਡਾਣ ਸਕੀਮ ਦੇ ਤਹਿਤ ਸ਼ੁਰੂ ਹੋ ਸਕੀ ਹੈ। 
ਸਵਾ ਘੰਟੇ ਦੀ ਫਲਾਈਟ ਕਿਵੇਂ 50 ਮਿੰਟ 'ਚ ਪਹੁੰਚੀ
ਚੀਫ ਪਾਇਲਟ ਸੰਦੀਪ ਸਿੰਘ ਗਿੱਲ ਨੇ ਕਿਹਾ ਕਿ ਸਰਸਾਵਾਂ ਅਤੇ ਸਹਾਰਨਪੁਰ ਏਅਰ ਰੂਟ ਤੋਂ ਫਲਾਈਟ ਨੇ ਲੁਧਿਆਣਾ ਪਹੁੰਚਣਾ ਸੀ ਪਰ ਉਥੇ ਖਰਾਬ ਮੌਸਮ ਦੌਰਾਨ ਏਅਰ ਟ੍ਰੈਫਿਕ ਕੰਟਰੋਲਰ ਤੋਂ ਵਿਸ਼ੇਸ਼ ਮਨਜ਼ੂਰੀ ਲੈ ਕੇ ਓਵਰ ਹੈੱਡ ਅੰਬਾਲਾ ਰੂਟ ਤੋਂ ਏਅਰ ਕਰਾਫਟ ਸਿਰਫ 50 ਮਿੰਟ 'ਚ ਦਿੱਲੀ ਤੋਂ ਲੁਧਿਆਣਾ ਲੈਂਡ ਕਰ ਗਿਆ। 
ਲੁਧਿਆਣਾ-ਦਿੱਲੀ ਫਲਾਈਟ ਹੁਣ ਨਹੀਂ ਹੋਣ ਦੇਵਾਂਗੇ ਬੰਦ : ਰਵਨੀਤ ਬਿੱਟੂ
ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਉਡਾਣ ਸਕੀਮ ਤਹਿਤ ਅੱਜ ਸ਼ੁਰੂ ਹੋਈ ਫਲਾਈਟ ਬੰਦ ਨਹੀਂ ਹੋਣ ਦਿੱਤੀ ਜਾਵੇਗੀ। ਜਲਦੀ ਹੀ ਏਅਰਡੈਕਨ ਕੰਪਨੀ ਦਾ ਜਹਾਜ਼ ਵੀ ਸ਼ੁਰੂ ਕੀਤਾ ਜਾਵੇਗਾ। ਮੌਜੂਦਾ ਸਮੇਂ ਵਿਚ ਹਫਤੇ 'ਚ 4 ਦਿਨ ਫਲਾਈਟ ਜਾਵੇਗੀ ਜਦਕਿ ਆਉਣ ਵਾਲੇ ਸਮੇਂ 'ਚ ਇਸ ਨੂੰ ਸਵੇਰੇ ਅਤੇ ਸ਼ਾਮ ਵੇਲੇ ਚਲਾਇਆ ਜਾਵੇਗਾ। ਬਿੱਟੂ ਨੇ ਕਿਹਾ ਕਿ ਬਾਦਲ ਸਰਕਾਰ ਵੱਲੋਂ ਸਮਝੌਤਾ ਸਾਈਨ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਨੇ ਲੁਧਿਆਣਾ ਦੀ ਬਜਾਏ ਬਠਿੰਡਾ ਤੋਂ ਜ਼ਬਰਦਸਤੀ ਫਲਾਈਟ ਸ਼ੁਰੂ ਕਰਵਾ ਦਿੱਤੀ। ਹੁਣ ਉਨ੍ਹਾਂ ਦੇ ਯਤਨਾਂ ਨਾਲ ਕੈਪਟਨ ਸਰਕਾਰ ਨੇ ਸੈਂਟਰ ਤੋਂ ਸਮਝੌਤਾ ਕੀਤਾ ਹੈ। 50 ਫੀਸਦੀ ਤੋਂ ਘੱਟ ਯਾਤਰੀ ਫਲਾਈਟ 'ਚ ਹੋਣ 'ਤੇ 80 ਫੀਸਦੀ ਕੇਂਦਰ ਸਰਕਾਰ ਅਤੇ 20 ਫੀਸਦੀ ਪੰਜਾਬ ਸਰਕਾਰ ਮੁਆਵਜ਼ਾ ਦੇਵੇਗੀ, ਜਿਸ ਨਾਲ ਫਲਾਈਟ ਬੰਦ ਨਹੀਂ ਹੋਵੇਗੀ।