ਦਿੱਲੀ ਏਅਰਪੋਰਟ ਲਈ ਵੋਲਵੋ ਬੱਸ ਨੂੰ ਵਿਧਾਇਕਾ ਡਾ. ਅਮਨਦੀਪ ਕੌਰ ਨੇ ਦਿੱਤੀ ਹਰੀ ਝੰਡੀ

07/02/2022 5:54:41 PM

ਮੋਗਾ (ਗੋਪੀ ਰਾਊਕੇ, ਸੰਦੀਪ ਸ਼ਰਮਾ, ਬਿੰਦਾ) : ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਹਲਕੇ ਦੇ ਲੋਕਾਂ ਲਈ ਖੁਸ਼ੀ ਦੀ ਗੱਲ ਹੈ। ਖਾਸ ਤੌਰ ’ਤੇ ਐੱਨ. ਆਰ. ਆਈ. ਪਰਿਵਾਰਾਂ ਲਈ ਬਹੁਤ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਪ੍ਰਾਈਵੇਟ ਬੱਸਾਂ ਹੀ ਏਅਰਪੋਰਟ ਤੱਕ ਜਾਂਦੀਆਂ ਹਨ। ਸਰਕਾਰੀ ਵੋਲਵੋ ਬੱਸ ਸੇਵਾ ਸ਼ੁਰੂ ਹੋਣੀ ਚਾਹੀਦੀ ਹੈ। ਉਸ ਮੰਗ ਨੂੰ ਮੁੱਖ ਰੱਖਦੇ ਹੋਏ ਸੂਬੇ ਵਿਚ ਟਰਾਂਸਪੋਰਟ ਮਾਫੀਆ ਖ਼ਿਲਾਫ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੋਂ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਵੋਲਵੋ ਬੱਸਾਂ ਸ਼ੁਰੂ ਕੀਤੀਆਂ ਹਨ। ਮੁੱਖ ਮੰਤਰੀ ਦੇ ਇਸ ਐਲਾਨ ਦਾ ਮੋਗਾ ਜ਼ਿਲ੍ਹਾ ਦੇ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ। ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਦਹਾਕਿਆਂ ਤੋਂ ਸਿਰਫ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਹੀ ਇਸ ਰੂਟ ਉੱਤੇ ਬੱਸਾਂ ਚਲਾ ਰਿਹਾ ਸੀ ਅਤੇ ਆਪਣੀ ਮਨਮਰਜ਼ੀ ਨਾਲ ਕਿਰਾਇਆ ਵਸੂਲ ਕੇ ਲੋਕਾਂ ਨੂੰ ਲੁੱਟ ਰਿਹਾ ਸੀ, ਇਨ੍ਹਾਂ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਇਸ ਕਾਰੋਬਾਰ ਉੱਤੇ ਇਜਾਰੇਦਾਰੀ ਕਾਇਮ ਕਰ ਲਈ ਸੀ ਅਤੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਸੀ।

ਜ਼ਿਕਰਯੋਗ ਹੈ ਕਿ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਵੱਡੀ ਗਿਣਤੀ ਪ੍ਰਵਾਸੀ ਭਾਰਤੀ ਹਮੇਸ਼ਾ ਇਹ ਸ਼ਿਕਾਇਤ ਕਰਦੇ ਸਨ ਕਿ ਸਿਰਫ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਹੀ ਕਿਉਂ ਇਸ ਰੂਟ ’ਤੇ ਬੱਸਾਂ ਚਲਾਉਣ ਦਾ ਹੱਕ ਕਿਉਂ ਹੈ ਅਤੇ ਕਿਉਂ ਪੰਜਾਬ ਸਰਕਾਰ ਇਨ੍ਹਾਂ ਰੂਟ ’ਤੇ ਬੱਸਾਂ ਨਹੀਂ ਚਲਾ ਰਹੀ। ਅੱਜ ਤੋਂ ਇਹ ਬੱਸ ਸਰਵਿਸ ਰੋਜ਼ਾਨਾ ਮੋਗਾ ਤੋਂ 9 ਵਜੇ ਦਿੱਲੀ ਲਈ ਰਵਾਨਾ ਹੋਇਆ ਕਰੇਗੀ ਅਤੇ 8 ਘੰਟਿਆਂ ਵਿਚ ਦਿੱਲੀ ਪਹੁੰਚਿਆ ਕਰੇਗੀ ਅਤੇ ਰਾਤ 11 ਵਜੇ ਦਿੱਲੀ ਤੋਂ ਮੋਗੇ ਲਈ ਵਾਪਸੀ ਰਵਾਨਾ ਹੋਇਆ ਕਰੇਗੀ ਅਤੇ 7:30 ਮੋਗਾ ਪਹੁੰਚਿਆ ਕਰੇਗੀ। ਮੋਗਾ ਜ਼ਿਲੇ ਦੇ ਲੋਕਾਂ ਨੂੰ ਇਸ ਸਹੂਲਤ ਦਾ ਭਰਪੂਰ ਫਾਇਦਾ ਮਿਲੇਗਾ। ਡਾ. ਅਰੋੜਾ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਦੇ ਐਲਾਨ ਮੁਤਾਬਿਕ ਬੱਸ ਵਿਚ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਬੱਸ ਰਾਹੀਂ ਸਫ਼ਰ ਕਰਨ ਉੱਤੇ ਪ੍ਰਤੀ ਸਵਾਰੀ ਇਕ ਪਾਸੇ ਦਾ 1165 ਰੁਪਏ ਕਿਰਾਇਆ ਵੀ ਨਿਰਧਾਰਿਤ ਕਰ ਦਿੱਤਾ ਗਿਆ ਹੈ। ਇਹ ਬੱਸ ਰੋਜ਼ਾਨਾ ਮੋਗਾ ਦੇ ਮੁੱਖ ਬੱਸ ਅੱਡੇ ਤੋਂ 15 ਨੰਬਰ ਕਾਊਂਟਰ ਤੋਂ ਚੱਲਿਆ ਕਰੇਗੀ।
 

Gurminder Singh

This news is Content Editor Gurminder Singh