ਦਿੱਲੀ ਪ੍ਰਦਰਸ਼ਨ ਲਈ ਲੋਕਾਂ ਤੋਂ ਰਾਸ਼ਣ ਕੀਤਾ ਜਾ ਰਿਹੈ ਇੱਕਠਾ

11/24/2020 1:07:16 AM

ਜਲੰਧਰ,(ਸੋਨੂੰ): ਖੇਤੀ ਕਾਨੂੰਨਾਂ ਦੇ ਚੱਲਦੇ ਜਿਥੇ ਕਿਸਾਨ ਅਜੇ ਤਕ ਪੰਜਾਬ 'ਚ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਹੁਣ ਕਿਸਾਨਾਂ ਵਲੋਂ 26 ਤੇ 27 ਨਵੰਬਰ ਨੂੰ ਦਿੱਲੀ ਨੂੰ ਘੇਰਨ ਦੀ ਤਿਆਰੀ ਚੱਲ ਰਹੀ ਹੈ। ਕਿਸਾਨਾਂ ਵਲੋਂ ਘਰ-ਘਰ ਅਤੇ ਦੁਕਾਨਾਂ 'ਤੇ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਉਨ੍ਹਾਂ ਦੇ ਨਾਲ ਦਿੱਲੀ ਚੱਲਣ ਅਤੇ ਨਾਲ ਹੀ ਖਾਧ ਸਮੱਗਰੀ ਵੀ ਇੱਕਠੀ ਕੀਤੀ ਜਾ ਰਹੀ ਹੈ। ਉਥੇ ਹੀ ਦੁਕਾਨਦਾਰਾਂ ਵਲੋਂ ਕਿਸਾਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਹਨ ਤਾਂ ਉਹ ਹਨ, ਜੇਕਰ ਕਿਸਾਨ ਨਹੀਂ ਤਾਂ ਉਹ ਵੀ ਨਹੀਂ। ਇਸ ਲਈ ਉਹ ਕਿਸਾਨਾਂ ਦਾ ਪੂਰਾ ਸਹਿਯੋਗ ਕਰ ਰਹੇ ਹਨ। ਇਸ ਸਬੰਧ 'ਚ ਜਦ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਭਰ ਤੋਂ ਕਿਸਾਨ ਦਿੱਲੀ ਵੱਲ 26 ਤੇ 27 ਤਾਰੀਕ ਨੂੰ ਕੂਚ ਕਰਨਗੇ ਅਤੇ ਦਿੱਲੀ ਨੂੰ ਚਾਰੇ ਪਾਸਿਓ ਘੇਰ ਲਿਆ ਜਾਵੇਗਾ।


ਜੇਕਰ ਉਨ੍ਹਾਂ ਨੂੰ ਰਸਤੇ 'ਚ ਰੋਕਿਆ ਜਾਂਦਾ ਹੈ ਤਾਂ ਉਹ ਉਥੇ ਬੈਠ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦੇਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਧਰਨਾ ਅਨਿਸ਼ਚਿਤ ਕਾਲ ਲਈ ਹੋਵੇਗਾ, ਜਿਸ ਦੇ ਲਈ ਉਨ੍ਹਾਂ ਨੇ ਪੂਰੀ ਤਿਆਰੀ ਕਰ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 2 ਤੋਂ 3 ਮਹੀਨੇ ਦਾ ਰਾਸ਼ਣ ਹੈ, ਜਦ ਤਕ ਕੇਂਦਰ ਸਰਕਾਰ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ, ਤਦ ਤਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹਿਣਗੇ ਅਤੇ ਦਿੱਲੀ ਦਾ ਘੇਰਾਓ ਵੀ ਜਾਰੀ ਰਹੇਗਾ।

Deepak Kumar

This news is Content Editor Deepak Kumar