ਕਿਸਾਨ ਯੂਨੀਅਨ ਦਾ ਵਫਦ ਡੀ. ਐੱਸ. ਪੀ. ਨੂੰ ਮਿਲਿਆ

Friday, Jan 12, 2018 - 03:42 AM (IST)

ਜੈਂਤੀਪੁਰ,   (ਬਲਜੀਤ)-  ਪਿਛਲੇ ਦਿਨੀਂ ਇਕ ਪ੍ਰਾਈਵੇਟ ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਵੱਲੋਂ ਕਿਸਾਨ ਦੇ ਘਰੋਂ ਜ਼ਬਰਦਸਤੀ ਟਰੈਕਟਰ ਖੋਹਣ ਦਾ ਮਾਮਲਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਜਦਕਿ ਪੁਲਸ ਵੱਲੋਂ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਕਰਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 
ਜ਼ਿਕਰਯੋਗ ਹੈ ਕਿ ਕਿਸਾਨ ਯੂਨੀਅਨ ਦੇ ਹੱਥ ਵਿਚ ਮਾਮਲਾ ਆਉਣ 'ਤੇ ਬੀਤੇ ਦਿਨ ਕਿਸਾਨ ਸੰਘਰਸ਼ ਕਮੇਟੀ ਦਾ ਵਫਦ ਚੌਕੀ ਇੰਚਾਰਜ ਜੈਂਤੀਪੁਰ, ਐੱਸ. ਐੱਚ. ਓ. ਕੱਥੂਨੰਗਲ ਮੋਹਿਤ ਸ਼ਰਮਾ ਨੂੰ ਮਿਲ ਚੁੱਕਾ ਹੈ ਪਰ ਕੋਈ ਕਾਰਵਾਈ ਨਾ ਹੁੰਦੀ ਦੇਖ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰਾਂ ਦਾ ਇਕ ਵਫਦ ਡੀ. ਐੱਸ. ਪੀ. ਮਜੀਠਾ ਨੂੰ ਮਿਲਿਆ। 
ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਨਾਜਰ ਸਿੰਘ ਵਰਿਆਮ ਨੰਗਲ, ਜਗਤਾਰ ਸਿੰਘ ਅਬਦਾਲ, ਮਨਜੀਤ ਸਿੰਘ ਤਲਵੰਡੀ, ਗੁਰਦੀਪ ਸਿੰਘ ਸੋਹੀ ਵੱਲੋਂ ਸਾਂਝੇ ਬਿਆਨ ਵਿਚ ਦੱਸਿਆ ਕਿ ਫਾਇਨਾਂਸ ਕੰਪਨੀ ਵੱਲੋਂ ਸਮਾਂ ਲੈ ਕੇ 10 ਜਨਵਰੀ ਨੂੰ ਮਾਮਲਾ ਮਿਲ-ਬੈਠ ਕੇ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਫਾਇਨਾਂਸ ਕੰਪਨੀ ਦੇ ਕਿਸੇ ਵੀ ਅਧਿਕਾਰੀ ਵੱਲੋਂ ਨਾ ਪਹੁੰਚਣ 'ਤੇ ਮਾਮਲਾ ਕਾਫੀ ਪੇਚੀਦਾ ਹੁੰਦਾ ਦਿਖਾਈ ਦੇ ਰਿਹਾ ਹੈ।
 ਕਿਸਾਨ ਯੂਨੀਅਨ ਦੇ ਆਗੂਆ ਵੱਲੋਂ ਮਾਮਲਾ ਹੱਲ ਨਾ ਹੁੰਦਾ ਦੇਖ ਰੋਸ ਪ੍ਰਦਰਸ਼ਨ ਅਤੇ ਧਰਨੇ ਲਾਉਣ ਦਾ ਐਲਾਨ ਕਰ ਦਿੱਤਾ ਤਾਂ ਡੀ. ਐੱਸ. ਪੀ. ਮਜੀਠਾ ਹਰਦੇਵ ਸਿੰਘ ਬੋਪਰਾਏ ਵੱਲੋਂ ਭਰੋਸਾ ਦਿਵਾਇਆ ਕਿ ਉਕਤ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਜਾਵੇਗਾ। 
ਇਸ ਦੌਰਾਨ ਸਰਕਲ ਜੈਂਤੀਪੁਰ ਦੇ ਪ੍ਰਧਾਨ ਝਿਰਮਲ ਸਿੰਘ ਬੱਜੂਮਾਨ, ਤਰਸੇਮ ਸਿੰਘ ਬੁਤਾਲਾ, ਜ਼ੋਨ ਸਕੱਤਰ ਤਰਨਜੀਤ ਸਿੰਘ ਸਰਕਲ ਮਹਿਤਾ, ਪ੍ਰਧਾਨ ਮਨਜੀਤ ਸਿੰਘ ਤਲਵੰਡੀ, ਜਸਵਿੰਦਰ ਸਿੰਘ ਸਕੱਤਰ, ਬਾਲੀ ਸਿੰਘ ਮੀਤ ਪ੍ਰਧਾਨ, ਕੁਲਵੰਤ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ ।


Related News