ਗੂੜ੍ਹੀ ਨੀਂਦ ’ਚ ਹੈ ਨਗਰ ਕੌਂਸਲ ਨਾਲੇ ’ਤੇ ਦੁਕਾਨਦਾਰਾਂ ਵੱਲੋਂ ਕਬਜ਼ਾ

06/18/2018 12:27:36 AM

ਬੰਗਾ, (ਜ.ਬ)- ਸ਼ਹਿਰ ’ਚ ਨਗਰ ਕੌਂਸਲ ਦੀ ਇਜਾਜ਼ਤ ਤੋਂ ਬਿਨਾਂ ਇਕ ਇੱਟ ਵੀ ਨਹੀਂ ਲੱਗ ਸਕਦੀ ਪਰ ਇਹ ਕੀ, ਕੁਝ ਲੋਕਾਂ ਨੇ ਨਾਜਾਇਜ਼ ਕਬਜ਼ੇ ਦੀ ਨੀਅਤ ਨਾਲ ਨਗਰ ਕੌਂਸਲ ਦੇ ਨਾਲੇ ’ਤੇ ਹੀ ਸਲੈਬਾਂ ਪਾ ਲਈਆਂ ਅਤੇ ਪੌੜੀਅਾਂ ਵੀ ਬਣਾ ਲਈਅਾਂ,  ਜਦੋਂਕਿ ਨਗਰ ਕੌਂਸਲ ਨੂੰ ਇਸ ਦਾ ਪਤਾ ਤੱਕ ਨਹੀ ਚੱਲਿਆ। 
 ਜ਼ਿਕਰਯੋਗ ਹੈ ਕਿ ਸ਼ਹਿਰ ਦੇ ਮੁੱਖ ਬੱਸ ਸਟੈਂਡ ’ਤੇ ਨਗਰ ਕੌਂਸਲ ਦਾ ਕਰੀਬ ਸੱਤ ਫੁੱਟ ਚੌਡ਼ਾ ਗੰਦਾ ਨਾਲਾ ਮੁਕੰਦਪੁਰ ਰੋਡ ਤੋਂ ਹਾਈਵੇ ਰੋਡ ਤੱਕ ਜਾਂਦਾ ਹੈ। ਇਸ ਦੇ ਉੱਤੇ ਪਿਛਲੀਆਂ ਕੁਝ ਨਗਰ ਕੌਂਸਲਾਂ ਦੀ ਕਥਿਤ ਲਾਪ੍ਰਵਾਹੀ ਕਾਰਨ ਕਥਿਤ ਤੌਰ ’ਤੇ ਦੁਕਾਨਦਾਰ ਨਾਜਾਇਜ਼ ਕਬਜ਼ਾ ਕਰੀ ਬੈਠੇ ਹਨ। ਹੁਣ, ਜਿਹਡ਼ਾ ਹਿੱਸਾ ਬਚਿਆ ਹੋਇਆ ਸੀ, ਉਸ ’ਤੇ ਵੀ ਕਰੀਬ ਵੀਹ ਦਿਨ ਪਹਿਲਾਂ ਕਬਜ਼ੇ ਦੀ ਨੀਅਤ ਨਾਲ ਕੁਝ ਲੋਕਾਂ ਨੇ ਨਾਲੇ ’ਤੇ ਸਲੈਬਾਂ ਪਾ ਲਈਆਂ ਹਨ ਅਤੇ ਪੌੜੀਅਾਂ  ਵੀ ਬਣਾ ਲਈਅਾਂ ਹਨ। ਹੈਰਾਨੀ ਦੀ ਗੱਲ ਹੈ ਕਿ ਮੌਜੂਦਾ ਨਗਰ ਕੌਂਸਲ ਨੂੰ ਇਸ ਦੀ ਭਿਣਕ ਤੱਕ ਨਹੀ ਲੱਗੀ। ਹੋਰ ਤਾਂ ਹੋਰ ਕੌਂਸਲ ਨੇ ਇੰਨੇ ਦਿਨ ਬਾਅਦ ਵੀ ਨਾਜਾਇਜ਼ ਤੌਰ ’ਤੇ ਪਾਈਆਂ ਗਈਆਂ ਇਨ੍ਹਾਂ ਸਲੈਬਾਂ ਅਤੇ ਬਣਾਈਅਾਂ ਪੌੜੀਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ। 
ਜ਼ਿਕਰਯੋਗ  ਹੈ  ਕਿ ਨਗਰ ਕੌਂਸਲ ਦੀ ਹੱਦ ਅੰਦਰ ਕਿਸੇ ਵੀ ਤਰ੍ਹਾਂ ਦੀ ਛੋਟੀ ਤੋਂ ਛੋਟੀ ਉਸਾਰੀ ਕਰਵਾਉਣ ਲਈ ਬਾਕਾਇਦਾ ਨਗਰ ਕੌਂਸਲ ਤੋਂ ਇਜਾਜ਼ਤ ਲੈਣੀ ਹੁੰਦੀ ਹੈ, ਉਸ ਦਾ ਨਕਸ਼ਾ ਪਾਸ ਕਰਵਾ ਕੇ ਉਸ ਦੀ ਫ਼ੀਸ ਦੇਣੀ ਹੁੰਦੀ ਹੈ ਪਰ ਇਥੇ ਤਾਂ ਕੌਂਸਲ ਦੇ ਹੀ ਨਾਲੇ ’ਤੇ ਕਬਜ਼ੇ ਦਾ ਅਧਿਕਾਰੀਅਾਂ ਵੱਲੋਂ ਗੰਭੀਰ ਨੋਟਿਸ ਨਾ ਲੈਣਾ ਸ਼ੱਕ ਦੇ ਦਾਇਰੇ ’ਚ ਆਉਂਦਾ ਹੈ। 
 ਹੁਣ  ਈ. ਓ. ਮਾਮਲੇ  ਤੋਂ  ਪ੍ਰਗਟਾਈ ਅਣਜਾਣਤਾ
 ਇਸ ਮਾਮਲੇ ਸਬੰਧੀ ਜਦੋਂ ਨਗਰ ਕੌਂਸਲ ਦੇ ਈ. ਓ. ਰਾਮ ਪ੍ਰਕਾਸ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਸਲੈਬਾਂ ਦੀ ਕੋਈ ਜਾਣਕਾਰੀ ਨਹੀਂ। ਜੇਕਰ ਅਜਿਹਾ ਹੋਇਆ ਤਾਂ ਉਹ ਜਲਦ ਇਹ ਸਲੈਬਾਂ ਤੁਡ਼ਵਾ ਦੇਣਗੇ।
 ਜਲਦੀ ਕਰਾਂਗੇ ਕਾਰਵਾਈ : ਰਵੀ ਗੋਇਲ
 ਇਸ ਮਾਮਲੇ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਰਵੀ ਭੂਸ਼ਣ ਗੋਇਲ ਨੇ ਕਿਹਾ ਕਿ ਉਨ੍ਹਾਂ ਨੂੰ ਸਲੈਬਾਂ ਪਾਉਣ ਸਬੰਧੀ ਕੋਈ ਜਾਣਕਾਰੀ ਨਹੀ ਪਰ ਉਹ ਇਸ ਸਬੰਧੀ ਈ. ਓ. ਸਾਹਿਬ ਨਾਲ ਗੱਲ ਕਰ ਕੇ ਜਲਦ ਅਜਿਹੇ ਕਬਜ਼ਾਧਾਰੀਆਂ ਵਿਰੁੱਧ ਬਣਦੀ ਕਾਰਵਾਈ ਕਰਵਾਉਣਗੇ।  

ਬਣਦਾ ਐਕਸ਼ਨ ਲਵਾਂਗੇ : ਐੱਸ. ਡੀ. ਐੱਮ.
ਇਸ ਮਾਮਲੇ ਸਬੰਧੀ ਬੰਗਾ ਸਬ ਡਵੀਜ਼ਨ ਦੀ ਐੱਸ. ਡੀ. ਐੱਮ. ਅਮਨਜੋਤ ਕੌਰ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ। ਉਹ ਜਲਦੀ ਇਸ ਮਾਮਲੇ ਦੀ ਪੂਰੀ ਜਾਂਚ ਕਰ ਕੇ ਬਣਦਾ ਐਕਸ਼ਨ ਲੈਣਗੇ। 
10 ਦਿਨ ਬਾਅਦ ਵੀ ਈ. ਓ. ਨੇ ਨਹੀਂ ਲਿਆ ਕੋਈ ਐਕਸ਼ਨ
 ਜਦੋਂ ਨਾਲੇ ’ਤੇ ਕਬਜ਼ੇ ਸਬੰਧੀ ਨਗਰ ਕੌਂਸਲ ਬੰਗਾ ਦੇ ਈ. ਓ. ਰਾਮ ਪ੍ਰਕਾਸ਼ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਤੁਰੰਤ ਕੌਂਸਲ ਦੇ ਇਕ ਅਧਿਕਾਰੀ ਨਾਲ ਗੱਲ ਕਰਵਾਉਂਦਿਆਂ ਕਿਹਾ ਕਿ ਉਹ ਜਲਦ ਇਹ ਸਲੈਬ ਅਤੇ ਪੌੜੀਅਾਂ ਤੁਡ਼ਵਾ ਦੇਣਗੇ ਪਰ ਅੱਜ ਮਾਮਲੇ ਦੀ ਜਾਣਕਾਰੀ ਦੇਣ ਦੇ ਦਸ ਦਿਨ ਬਾਅਦ ਵੀ ਈ. ਓ. ਸਾਹਿਬ ਨੇ ਇਸ ਸਬੰਧੀ ਕੋਈ ਐਕਸ਼ਨ ਨਹੀਂ ਲਿਆ ਤੇ ਕਬਜ਼ੇ ਜਿਉਂ ਦੇ ਤਿਉਂ ਹਨ।